ਅੰਮ੍ਰਿਤਸਰ ਦੇ ਮਜੀਠਾ ਨੇੜੇ ਸਥਿਤ ਕੁਆਲਿਟੀ ਫਾਰਮਾਸਿਊਟੀਕਲ ਫੈਕਟਰੀ ‘ਚ ਬੀਤੀ ਦੁਪਹਿਰ 3 ਵਜੇ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਣ ਸ਼ੋਰਟ ਸਰਕੀਟ ਦੱਸਿਆ ਜਾ ਰਿਹਾ ਹੈ। ਫੈਕਟਰੀ ਅੰਦਰ ਤੇਲ ਦੇ 500 ਡਰੰਮ ਪਏ ਹੋਣ ਕਾਰਨ ਅੱਗ ਨੇ ਕੁੱਝ ਹੀ ਸਮੇਂ ਵਿਚ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਸਥਿਤੀ ਇਕ ਵਾਰ ਕਾਬੂ ਤੋਂ ਬਾਹਰ ਹੋ ਗਈ। ਅੱਗ ਦੀਆਂ ਤੇਜ਼ ਲਪਟਾਂ ਕਾਰਨ ਪੂਰੇ ਇਲਾਕੇ ਵਿਚ ਧੂੰਆਂ ਫੈਲ ਗਿਆ। ਖਬਰਾਂ ਮੁਤਾਬਿਕ ਇਸ ਭਿਆਨਕ ਅੱਗ ‘ਚ ਚਾਰ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ ਅਤੇ 6 ਤੋਂ 7 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਫਾਇਰ ਬ੍ਰਿਗੇਡ ਦੀਆਂ 35 ਗੱਡੀਆਂ ਨੇ 7 ਘੰਟੇ ਦੀ ਜੱਦੋ ਜਹਿਦ ਮਗਰੋਂ ਰਾਤ 10 ਵਜੇ ਤਕ ਅੱਗ ’ਤੇ ਕਾਬੂ ਪਾਇਆ ਪਰ ਅੰਦਰ ਕੰਮ ਕਰਦੇ ਚਾਰ ਕਰਮਚਾਰੀ ਛੁੱਟੀ ਦੇ ਸਮੇਂ ਤੋਂ ਦੋ ਘੰਟੇ ਬਾਅਦ ਵੀ ਘਰ ਨਹੀਂ ਪਹੁੰਚੇ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਫੈਕਟਰੀ ਪਹੁੰਚੇ।
ਇਸ ਤੋਂ ਬਾਅਦ ਦੇਰ ਰਾਤ 11 ਵਜੇ ਚਾਰ ਲਾਸ਼ਾਂ ਬਰਾਮਦ ਹੋਈਆਂ ਅਤੇ ਉਨ੍ਹਾਂ ਦੀ ਪਹਿਚਾਣ ਨੌਜਵਾਨ ਕੁਲਵਿੰਦਰ ਸਿੰਘ, ਰਾਣੀ, ਸੁਖਜੀਤ ਸਿੰਘ ਅਤੇ ਗੁਰਭੇਜ ਸਿੰਘ ਵਜੋਂ ਹੋਈ ਹੈ। ਮ੍ਰਿਤਕਾ ਦੇ ਪਰਿਵਾਰਾ ਨੇ ਫੈਕਟਰੀ ਮਾਲਕਾਂ ’ਤੇ ਲਾਪਰਵਾਹੀ ਦਾ ਦੋਸ਼ ਲਾਉਂਦਿਆਂ ਫਾਰਮਾਸਿਊਟੀਕਲ ਫੈਕਟਰੀ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਹੈ ।