iPhone ਨੂੰ ਦੁਨੀਆ ਭਰ ‘ਚ ਮਸ਼ਹੂਰ ਬਣਾਉਣ ਵਾਲੀ ਅਮਰੀਕੀ ਕੰਪਨੀ ਐਪਲ ਨੇ ਇਸ ਮਹੀਨੇ ਦੀ ਸ਼ੁਰੂਆਤ ‘ਚ iPhone 15 ਸੀਰੀਜ਼ ਲਾਂਚ ਕੀਤੀ ਸੀ ਅਤੇ ਇਸ ਦੀ ਵਿਕਰੀ ਵੀ ਸ਼ੁਰੂ ਹੋ ਗਈ ਹੈ। ਇਕ ਪਾਸੇ ਫੋਨ ਦੀ ਵਿਕਰੀ ਜਾਰੀ ਹੈ, ਉਥੇ ਹੀ ਦੂਜੇ ਪਾਸੇ ਕਈ ਯੂਜ਼ਰਸ iPhone 15 Pro ਅਤੇ iPhone 15 Pro Max ਨੂੰ ਲੈ ਕੇ ਸ਼ਿਕਾਇਤ ਕਰ ਰਹੇ ਹਨ। ਜਾਣਕਾਰੀ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਯੂਜ਼ਰ ਓਵਰਹੀਟਿੰਗ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਕਿਹਾ ਜਾ ਰਿਹਾ ਹੈ ਕਿ ਚਾਰਜਿੰਗ ਦੌਰਾਨ ਲੰਬੇ ਸਮੇਂ ਤੱਕ ਇਸ ਦੀ ਵਰਤੋਂ ਕਰਨ ਨਾਲ ਇਹ ਸਮੱਸਿਆ ਹੁੰਦੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਵਾਰ iPhone 15 Pro ਦੇ ਮਾਡਲਾਂ ਨੂੰ ਲੇਟੈਸਟ A17 ਪ੍ਰੋ ਚਿਪਸੈੱਟ ਨਾਲ ਲਾਂਚ ਕੀਤਾ ਗਿਆ ਹੈ ਜੋ TSMC ਦੇ 3nm ਆਰਕੀਟੈਕਚਰ ‘ਤੇ ਆਧਾਰਿਤ ਹੈ। ਇਸ ਨੂੰ ਦੇਖਦੇ ਹੋਏ ਹੁਣ ਕੁਝ ਲੋਕਾਂ ਦਾ ਕਹਿਣਾ ਹੈ ਕਿ ਨਵੇਂ ਚਿਪਸੈੱਟ ਕਾਰਨ ਫੋਨ ਓਵਰਹੀਟ ਹੋ ਰਿਹਾ ਹੈ ਜਦਕਿ ਅਜਿਹਾ ਬਿਲਕੁਲ ਨਹੀਂ ਹੈ। ਇਕ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਓਵਰਹੀਟਿੰਗ ਦੀ ਸਮੱਸਿਆ ਥਰਮਲ ਸਿਸਟਮ ਦੇ ਡਿਜ਼ਾਈਨ ‘ਚ ਕੀਤੇ ਗਏ ਸਮਝੌਤਿਆਂ ਕਾਰਨ ਹੋ ਸਕਦੀ ਹੈ।