ਆਪਣੇ ਗੀਤਾਂ ‘ਚੈਕਸ’ ਤੇ ‘ਐਲੀਵੇਟਿਡ’ ਨਾਲ ਮਸ਼ਹੂਰ ਹੋਏ ਕੈਨੇਡੀਅਨ ਪੰਜਾਬੀ ਗਾਇਕ ਸ਼ੁਬਨੀਤ ਉਰਫ਼ ਸ਼ੁਭ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਵਿੱਚ ਉਨ੍ਹਾਂ ਦੀ ਸਪਾਂਸਰਸ਼ਿਪ ਬੋਟ-ਸਪੀਕਰ ਕੰਪਨੀ ਮੁੰਬਈ ਨੇ ਰੱਦ ਕਰ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਗਾਇਕ ਸ਼ੁਭ ਨੇ 23 ਤੋਂ 25 ਸਤੰਬਰ ਤੱਕ ਮੁੰਬਈ ਵਿੱਚ ਸ਼ੋਅ ਕਰਨਾ ਸੀ।
ਹਾਲ ਹੀ ‘ਚ ਬੋਟ-ਸਪੀਕਰ ਕੰਪਨੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਗਾਇਕ ਸ਼ੁਭ ਦੀ ਸਪਾਂਸਰਸ਼ਿਪ ਰੱਦ ਕਰਨ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਲਿਖਿਆ ਹੈ ਕਿ “ਮਿਊਜ਼ਿਕ ਕਮਿਊਨਿਟੀ ਪ੍ਰਤੀ ਸਾਡੀ ਡੂੰਘੀ ਵਚਨਬੱਧਤਾ ਹੈ। ਅਸੀਂ ਸਭ ਤੋਂ ਪਹਿਲਾਂ ਇੱਕ ਸੱਚੇ ਭਾਰਤੀ ਬ੍ਰਾਂਡ ਹਾਂ। ਜਦੋਂ ਇਸ ਸਾਲ ਦੇ ਸ਼ੁਰੂ ਵਿੱਚ ਗਾਇਕ ਸ਼ੁਭ ਦੁਆਰਾ ਕੀਤੀਆਂ ਟਿੱਪਣੀਆਂ ਬਾਰੇ ਪਤਾ ਲੱਗਾ ਤਾਂ ਕੰਪਨੀ ਨੇ ਆਪਣੀ ਸਪਾਂਸਰਸ਼ਿਪ ਵਾਪਸ ਲੈਣ ਦਾ ਫੈਸਲਾ ਕੀਤਾ ਹੈ। “
ਇਸਦੇ ਨਾਲ ਹੀ ਬੋਟ-ਸਪੀਕਰ ਕੰਪਨੀ ਨੇ ਇਹ ਵੀ ਲਿਖਿਆ ਕਿ ਉਹ “ਭਾਰਤ ਵਿੱਚ ਇੱਕ ਜੀਵੰਤ ਸੰਗੀਤ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖੇਗੀ ਤੇ ਪਲੇਟਫਾਰਮ ਤਿਆਰ ਕਰੇਗੀ ਜਿੱਥੇ ਉੱਭਰਦੇ ਕਲਾਕਾਰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕਣ।“ ਦੱਸ ਦੇਈਏ ਕਿ ਬੋਟ ਕੰਪਨੀ ਦੀ ਸਪਾਂਸਰਸ਼ਿਪ ਹੇਠ ਪੰਜਾਬੀ ਗਾਇਕ ਸ਼ੁਬਨੀਤ ਉਰਫ਼ ਸ਼ੁਭ ਦੇ ਕੰਸਰਟ ਸਿਰਫ਼ ਮੁੰਬਈ ਵਿੱਚ ਹੀ ਨਹੀਂ, ਸਗੋਂ ਹੈਦਰਾਬਾਦ, ਦਿੱਲੀ ਤੇ ਬੈਂਗਲੁਰੂ ਵਿੱਚ ਵੀ ਸਨ। ਜਿੰਨਾਂ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਸ਼ੁਬਨੀਤ ਉਰਫ਼ ਸ਼ੁਭ ਉਦੋਂ ਵਿਵਾਦਾਂ ਵਿੱਚ ਆਇਆ ਸੀ ਜਦੋਂ ਉਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇੱਕ ਨਕਸ਼ਾ ਪੋਸਟ ਕੀਤਾ ਸੀ। ਇਸ ਨਕਸ਼ੇ ਵਿੱਚੋਂ ਪੰਜਾਬ ਤੇ ਜੰਮੂ ਕਸ਼ਮੀਰ ਨੂੰ ਭਾਰਤ ਦੇ ਨਕਸ਼ੇ ਤੋਂ ਵੱਖ ਦਿਖਾਇਆ ਸੀ। ਇਹ ਪੋਸਟ ਉਸ ਸਮੇਂ ‘ਤੇ ਪੋਸਟ ਕੀਤੀ ਗਈ ਸੀ ਜਦੋਂ ਵਾਰਿਸ ਪੰਜਾਬ ਦੇ ਮੁਖੀ ਅਤੇ ਖਾਲ਼ਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦਾ ਮਾਮਲਾ ਭਖਿਆ ਹੋਇਆ ਸੀ। ਇਸ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਸ਼ੁਬਨੀਤ ਉਰਫ ਸ਼ੁਭ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਅਨਫਾਲੋ ਕਰ ਦਿੱਤਾ ਹੈ ।