ਭਾਰਤ ਅਤੇ ਕੈਨੇਡਾ ਵਿਚਕਾਰ ਰਿਸ਼ਤੇ ਪਿਛਲੇ ਕੁੱਝ ਸਮੇਂ ਤੋਂ ਖ਼ਾਸ ਨਹੀਂ ਹਨ। ਖ਼ਾਲਿਸਤਾਨੀ ਸਮਰਥਕਾਂ ਦੀ ਮਦਦ ਕਰਨ ਦੇ ਚੱਲਦਿਆਂ ਭਾਰਤ ਅਤੇ ਕੈਨੇਡਾ ਵਿਚਕਾਰ ਰਿਸ਼ਤਿਆਂ ‘ਚ ਤਲਖ਼ੀ ਵੱਧ ਰਹੀ ਹੈ। ਅਜਿਹੇ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤੀ ਗਈ ਇੱਕ ਵਿਵਾਦਿਤ ਟਿੱਪਣੀ ਕਾਫੀ ਸੁਰਖੀਆਂ ਵਿੱਚ ਬਣੀ ਹੋਈ ਹੈ। ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤੀ ਏਜੰਸੀਆਂ ਦੇ ਹੱਥ ਬਾਰੇ ਦਾਅਵਾ ਕਰਨ ਮਗਰੋਂ ਦੁਨੀਆ ਭਰ ਵਿੱਚ ਹਲਚਲ ਮੱਚ ਗਈ ਹੈ। ਉਧਰ, ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ਨੂੰ ਸਖਤ ਜਵਾਬ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਦੋਸ਼ਾਂ ਨੂੰ ਬੇਤੁਕਾ ਤੇ ਪ੍ਰੇਰਿਤ ਕਰਾਰ ਦਿੱਤਾ ਹੈ।
ਭਾਰਤ ਨੇ ਕਨੇਡਾ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਅਜਿਹੇ ਦੋਸ਼ ਸਿਰਫ ਉਨ੍ਹਾਂ ਖਾਲਿਸਤਾਨੀ ਅੱਤਵਾਦੀਆਂ ਤੇ ਕੱਟੜਪੰਥੀਆਂ ਤੋਂ ਧਿਆਨ ਹਟਾਉਣ ਲਈ ਹਨ, ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਸ਼ਰਨ ਦਿੱਤੀ ਗਈ ਹੈ ਤੇ ਜੋ ਭਾਰਤ ਦੀ ਖੇਤਰੀ ਏਕਤਾ ਤੇ ਅਖੰਡਤਾ ਲਈ ਲਗਾਤਾਰ ਖਤਰਾ ਬਣੇ ਹੋਏ ਹਨ। ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉਸ ਬਿਆਨ ਦਾ ਸਿੱਧਾ ਖੰਡਨ ਕੀਤਾ ਗਿਆ ਹੈ, ਜਿਸ ਵਿੱਚ ਟਰੂਡੋ ਨੇ ਸੰਸਦ ਵਿੱਚ ਬੋਲਦਿਆਂ ਨਿੱਝਰ ਦੇ ਕਤਲ ਨੂੰ ਭਾਰਤ ਨਾਲ ਜੋੜਿਆ ਸੀ। ਇਸ ਤੋਂ ਇਲਾਵਾ ਵਿਦੇਸ਼ ਮੰਤਰੀ ਮੇਲਾਨੀਆ ਜੌਲੀ ਦੇ ਬਿਆਨ ਦੀ ਵੀ ਆਲੋਚਨਾ ਕੀਤੀ ਗਈ ਹੈ।
ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਇੱਕ ਮਜ਼ਬੂਤ ਲੋਕਤੰਤਰੀ ਦੇਸ਼ ਹੈ, ਜਿੱਥੇ ਕਾਨੂੰਨ ਦੇ ਸ਼ਾਸਨ ਪ੍ਰਤੀ ਵਚਨਬੱਧਤਾ ਹੈ। ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਖਾਲਿਸਤਾਨੀ ਅੱਤਵਾਦੀਆਂ ਤੇ ਕੱਟੜਪੰਥੀਆਂ ਦੀਆਂ ਗਤੀਵਿਧੀਆਂ ਨਾਲ ਜੁੜੇ ਮਾਮਲਿਆਂ ਵਿੱਚ ਕੈਨੇਡਾ ਸਰਕਾਰ ਦੀ ਕੁਝ ਵੀ ਕਰਨ ਤੋਂ ਅਸਮਰੱਥਾ ਸਾਡੇ ਲਈ ਲੰਬੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਵਿੱਚ ਕਈ ਸਿਆਸੀ ਸ਼ਖਸੀਅਤਾਂ ਅਜਿਹੇ ਅਨਸਰਾਂ ਪ੍ਰਤੀ ਖੁੱਲ੍ਹੇਆਮ ਹਮਦਰਦੀ ਪ੍ਰਗਟਾਉਂਦੀਆਂ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਕੈਨੇਡਾ ਜਿਸ ਤਰ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ਜਿਵੇਂ ਕਿ ਕਤਲ, ਮਨੁੱਖੀ ਤਸਕਰੀ ਤੇ ਸੰਗਠਿਤ ਅਪਰਾਧ ਨੂੰ ਜਗ੍ਹਾ ਦਿੰਦਾ ਰਹਿੰਦਾ ਹੈ, ਇਹ ਕੋਈ ਨਵੀਂ ਗੱਲ ਨਹੀਂ ਹੈ। ਅਸੀਂ ਅਜਿਹੀ ਕਿਸੇ ਵੀ ਗਤੀਵਿਧੀ ਵਿੱਚ ਭਾਰਤ ਦੀ ਸ਼ਮੂਲੀਅਤ ਤੋਂ ਸਪੱਸ਼ਟ ਤੌਰ ‘ਤੇ ਇਨਕਾਰ ਕਰਦੇ ਹਾਂ ਤੇ ਕੈਨੇਡਾ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੀ ਧਰਤੀ ਤੋਂ ਭਾਰਤ ਵਿਰੁੱਧ ਕੰਮ ਕਰ ਰਹੇ ਭਾਰਤ ਵਿਰੋਧੀ ਤੱਤਾਂ ਵਿਰੁੱਧ ਕਾਨੂੰਨੀ ਕਾਰਵਾਈ ਕਰੇ।
ਦੱਸ ਦਈਏ ਕਿ ਕੈਨੇਡਾ ਤੇ ਭਾਰਤ ਦਰਮਿਆਨ ਦਰਾਰ ਵਧਦੀ ਜਾ ਰਹੀ ਹੈ। ਦਰਅਸਲ ਕੈਨੇਡਾ ਨੇ ਭਾਰਤ ਦੇ ਇੱਕ ਚੋਟੀ ਦੇ ਡਿਪਲੋਮੈਟ ਨੂੰ ਕੱਢ ਦਿੱਤਾ ਹੈ। ਸਾਰਾ ਮਾਮਲਾ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਕਤਲ ਕੇਸ ਦੀ ਜਾਂਚ ਨਾਲ ਜੁੜਿਆ ਹੋਇਆ ਹੈ। ਕੈਨੇਡੀਅਨ ਸਰਕਾਰ ਦਾ ਇਲਜ਼ਾਮ ਹੈ ਕਿ ਭਾਰਤੀ ਡਿਪਲੋਮੈਟ ਕਤਲ ਦੀ ਜਾਂਚ ਵਿੱਚ ਦਖ਼ਲ ਦੇ ਰਹੇ ਸਨ ਤੇ ਉਹ ਵੀ ਉਦੋਂ ਜਦੋਂ ਕੈਨੇਡੀਅਨ ਏਜੰਸੀ ਮਾਮਲੇ ਦੀ ਜਾਂਚ ਲਈ ਵਚਨਬੱਧ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋਸ਼ ਲਾਇਆ ਹੈ ਕਿ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦੀ ਕੋਈ ਸਾਜ਼ਿਸ਼ ਹੋ ਸਕਦੀ ਹੈ।