ਮਨੀਪੁਰ
’ਚ ਜ਼ੋਮੀ-ਕੁਕੀ ਭਾਈਚਾਰੇ ਦੇ ਹੱਕ ’ਚ ਇਥੇ ਭਾਰਤੀ ਅੰਬੈਸੀ ਦੇ ਬਾਹਰ ਸ਼ਾਂਤੀ ਰੈਲੀ
ਕੀਤੀ ਗਈ। ਮਨੀਪੁਰ ’ਚ ਫਿਰਕੂ ਹਿੰਸਾ ਦੌਰਾਨ ਜ਼ੋਮੀ-ਕੁਕੀ ਭਾਈਚਾਰੇ ਦੇ ਲੋਕ ਬੁਰੀ ਤਰ੍ਹਾਂ
ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਨਾਲ ਇਕਜੁੱਟਤਾ ਦੇ ਪ੍ਰਗਟਾਵੇ ਲਈ ਭਾਈਚਾਰੇ ਦੇ ਸੰਗਠਨਾਂ ਨੇ ਇਸ
ਰੈਲੀ ਦਾ ਪ੍ਰਬੰਧ ਕੀਤਾ ਸੀ। ਜ਼ੋਮੀ ਇਨਕੁਆਂ USA ਵੱਲੋਂ ਕਰਵਾਈ ਗਈ ਇਸ ਰੈਲੀ ਦੌਰਾਨ ਲੋਕਾਂ ਨੇ ਹੱਥਾਂ ’ਚ ਪੋਸਟਰ
ਚੁੱਕੇ ਹੋਏ ਸਨ। ਜਥੇਬੰਦੀ ਨੇ ਇਕ ਬਿਆਨ ’ਚ ਕਿਹਾ ਕਿ ਹਿੰਸਾ ਨੇ ਮਨੀਪੁਰ ਦੇ ਲੋਕਾਂ ਦਾ ਦਰਦ ਵਧਾ
ਦਿੱਤਾ ਹੈ ਅਤੇ ਸੂਬਾ ਸਰਕਾਰ ਦੀ ਖਾਸ ਕਰਕੇ ਘੱਟ ਗਿਣਤੀ ਜ਼ੋਮੀ-ਕੁਕੀ ਆਦਿਵਾਸੀਆਂ ਖ਼ਿਲਾਫ਼
ਕਾਰਵਾਈ ਨੇ ਖ਼ਿੱਤੇ ’ਚ ਵੰਡੀਆਂ ਪਾ ਦਿੱਤੀਆਂ ਹਨ। ਰੈਲੀ ਦੌਰਾਨ ਅਮਰੀਕਾ ’ਚ ਵਸਦੇ ਜ਼ੋਮੀ
ਭਾਈਚਾਰੇ ਦੇ ਮੈਂਬਰਾਂ ਅਤੇ ਹੋਰ ਸਮਰਥਕਾਂ ਨੇ ਮਨੀਪੁਰ ਦੇ ਸੰਘਰਸ਼ ਦਾ ਹੱਲ ਫੌਰੀ ਲੱਭਣ ’ਤੇ ਜ਼ੋਰ
ਦਿੱਤਾ।
ਪ੍ਰਦਰਸ਼ਨਕਾਰੀਆਂ
ਵੱਲੋਂ ਹੱਥਾਂ ’ਚ ਲਏ ਬੈਨਰਾਂ ’ਤੇ ਜ਼ੋ ਭਾਈਚਾਰੇ ਦੇ ਲੋਕਾਂ ਦੀਆਂ ਤਕਲੀਫ਼ਾਂ ਦੇ ਨਾਲ ਨਾਲ
ਮਨੀਪੁਰ ’ਚ ਉਨ੍ਹਾਂ ਲਈ ਵੱਖਰੇ ਪ੍ਰਸ਼ਾਸਨ ਦੀ ਮੰਗ ਕੀਤੇ ਜਾਣ ਸਬੰਧੀ ਨਾਅਰੇ ਲਿਖੇ ਹੋਏ ਸਨ।
ਜਥੇਬੰਦੀ ਦੇ ਕਾਰਜਕਾਰੀ ਨਿਰਦੇਸ਼ਕ ਡਾਕਟਰ ਹੌਜ਼ਾਚਿਨ ਸੁਆਂਟੇ ਨੇ ਆਪਣੇ ਸੰਬੋਧਨ ’ਚ ਕਿਹਾ,‘‘ਸਾਡੀ
ਜ਼ਮੀਨ, ਸਾਡੇ ਹੱਕ, ਸਾਡੀ ਆਜ਼ਾਦੀ ਸਿਰਫ਼ ਨਾਅਰੇ ਨਹੀਂ ਹਨ ਪਰ ਉਹ ਸਾਡੇ ਸੰਘਰਸ਼ ਦੀ
ਆਵਾਜ਼ ਹਨ। ਮਨੀਪੁਰ ’ਚ ਜਾਰੀ ਹਿੰਸਾ ਨੇ ਸਾਡੇ ਲੋਕਾਂ ਨੂੰ ਬਹੁਤ ਜ਼ਿਆਦਾ ਦੁੱਖ-ਤਕਲੀਫ਼ਾਂ
ਦਿੱਤੀਆਂ ਹਨ।’’ ਸੁਆਂਟੇ ਨੇ ਕਿਹਾ ਕਿ ਜ਼ੋ ਭਾਈਚਾਰੇ ਲਈ ਵੱਖਰਾ ਪ੍ਰਸ਼ਾਸਨ ਦੇ ਕੇ ਉਨ੍ਹਾਂ ਦਾ
ਬਿਹਤਰ ਭਵਿੱਖ ਬਣਾਇਆ ਜਾਵੇ। ਜ਼ੋਮੀ ਇਨਕੁਆਂ USA ਸਾਲ 2005 ’ਚ
ਬਣੀ ਸੀ ਤੇ ਇਹ ਅਮਰੀਕਾ ’ਚ ਜ਼ੋਮੀ ਭਾਈਚਾਰੇ ਦੀ ਪ੍ਰਤੀਨਿਧ ਸੰਸਥਾ ਹੈ।