ਪੰਜਾਬ ਦੇ ਵਿੱਚ ਨਸ਼ਿਆਂ ਦੇ ਨਾਲ-ਨਾਲ ਵਾਰਦਾਤਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ। ਹਰ ਰੋਜ਼ ਨਵੀਂ ਵਾਰਦਾਤ ਦੇਖਣ ਨੂੰ ਮਿਲਦੀ ਹੈ। ਇੱਕ ਪਾਸੇ ਜਿੱਥੇ ਸੂਬਾ ਸਰਕਾਰ ਲਗਾਤਾਰ ਇਹ ਦਾਅਵੇ ਕਰ ਰਹੀ ਹੈ ਕਿ ਜਦੋਂ ਤੋਂ ਪੰਜਾਬ ਵਿੱਚ ‘ਆਮ ਆਦਮੀ ਪਾਰਟੀ’ ਦੀ ਸਰਕਾਰ ਬਣੀ ਹੈ ਉਸ ਸਮੇ ਤੋਂ ਪੰਜਾਬ ਵਿੱਚ ਵਾਰਦਾਤਾਂ ਦੇ ਅੰਕੜਿਆਂ ‘ਚ ਕਮੀ ਆਈ ਹੈ। ਪਰ ਹਕੀਕਤ ਤਾਂ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਇਸ ਤਰਾਂ ਲੱਗਦਾ ਹੈ ਕਿ ਜਿਵੇ ਅਪਰਾਧੀਆਂ ਦੀਆਂ ਅੱਖਾਂ ‘ਚ ਕਿਸੇ ਦਾ ਡਰ ਹੀ ਨਹੀਂ ਹੈ। ਤਾਂ ਹੀ ਤਾਂ ਦਿਨ ਦਿਹਾੜੇ ਸ਼ਰੇਆਮ ਸੜਕ ‘ਤੇ ਕੋਈ ਵੀ ਕਿਸੇ ਦਾ ਕਤਲ ਕਰ ਕੇ ਫਰਾਰ ਹੋ ਜਾਂਦਾ ਹੈ।
ਹਾਲ ਹੀ ‘ਚ ਇਸ ਤਰਾਂ ਦਾ ਇੱਕ ਤਾਜ਼ਾ ਮਾਮਲਾ ਮੁਕੇਰੀਆਂ-ਹਾਜੀਪੁਰ ਤੋਂ ਆਇਆ ਹੈ। ਜਿੱਥੇ ਕਿ ਮੁਕੇਰੀਆਂ-ਹਾਜੀਪੁਰ ਰੋਡ ’ਤੇ ਸਥਿਤ ਪਟਿਆਲਾ ਸਕੂਲ ਨੇੜੇ ਇਕ ਨੌਜਵਾਨ ਦਾ ਚਾਰ-ਪੰਜ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹੱਥ-ਪੈਰ ਵੱਢ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਿਕ ਕਤਲ ਦਾ ਸ਼ਿਕਾਰ ਹੋਏ ਮ੍ਰਿਤਕ ਗੋਵਿੰਦ ਰਾਏ ਪੁੱਤਰ ਸੁਰਿੰਦਰ ਪਾਲ ਵਾਸੀ ਦਰਜੀਆਂ ਮੁਹੱਲਾ ਆਪਣੇ ਇਕ ਹੋਰ ਦੋਸਤ ਨਵਰਾਜ ਸਿੰਘ ਨੂਰ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਸਨੇਹੜਾ ਨਾਲ ਜਦੋਂ ਪਿੰਡ ਪਟਿਆਲ ਨੇੜੇ ਪਹੁੰਚੇ ਤਾਂ 2 ਮੋਟਰਸਾਈਕਲਾਂ ’ਤੇ ਉਸ ਦਾ ਪਿੱਛਾ ਕਰ ਰਹੇ ਚਾਰ-ਪੰਜ ਨੌਜਵਾਨਾਂ ਨੇ ਮੋਟਰਸਾਈਕਲ ’ਤੇ ਹੀ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸਿਰ ’ਤੇ ਵਾਰ ਕਰ ਦਿੱਤਾ, ਜਿਸ ਕਾਰਨ ਦੋਵੇਂ ਮੋਟਰਸਾਈਕਲ ਸਵਾਰ ਹੇਠਾਂ ਡਿੱਗ ਗਏ।
ਪਿੱਛਾ ਕਰ ਰਹੇ ਨੌਜਵਾਨਾਂ ਨੇ ਗੋਵਿੰਦ ਰਾਏ ਦੇ ਹੱਥਾਂ-ਪੈਰਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਉਹ ਬੁਰੀ ਤਰ੍ਹਾਂ ਵੱਢਿਆ ਗਿਆ। ਘਟਨਾ ਵਾਲੀ ਥਾਂ ’ਤੇ ਲੋਕ ਜਦੋਂ ਇਕੱਠੇ ਹੋਣ ਲੱਗੇ ਤਾਂ ਸਾਰੇ ਹਮਲਾਵਰ ਫਰਾਰ ਹੋ ਗਏ। ਲੋਕਾਂ ਨੇ ਤੁਰੰਤ ਗੋਵਿੰਦ ਰਾਏ ਨੂੰ ਗੰਭੀਰ ਹਾਲਤ ਵਿਚ ਸਥਾਨਕ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ, ਜਿਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਡੀ. ਐੱਮ. ਸੀ. ਲੁਧਿਆਣਾ ਲਈ ਰੈਫਰ ਕਰ ਦਿੱਤਾ ਅਤੇ ਜਲੰਧਰ ਨੇੜੇ ਪਹੁੰਚਦਿਆਂ ਹੀ ਉਸ ਦੀ ਮੌਤ ਹੋ ਗਈ।
ਪੁਲੀਸ ਮੁਤਾਬਿਕ ਇਨ੍ਹਾਂ ਦੀ ਪਿਛਲੇ ਸਾਲਾਂ ਤੋਂ ਰੰਜਿਸ਼ ਚੱਲ ਰਹੀ ਸੀ। ਏ. ਐੱਸ. ਆਈ.ਦਲਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕੀਤਾ ਜਾਵੇਗਾ। ਪੁਲੀਸ ਵੱਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਅਤੇ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਹੁਣ ਦੇਖਣਾ ਹੋਵੇਗਾ ਪੁਲੀਸ ਕਦੋਂ ਤਕ ਇੰਨਾ ਕਾਤਲਾਂ ਨੂੰ ਫੜਨ ‘ਚ ਕਾਮਯਾਬ ਹੁੰਦੀ ਹੈ।