ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਭੜੌਂਜੀਆਂ ਵਿਖੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਸ਼ਹੀਦ ਨੇ ਅੰਤਿਮ ਦਰਸ਼ਨਾਂ ਵਾਸਤੇ ਆਲੇ-ਦੁਆਲੇ ਦੇ ਲਗਪਗ 20 ਤੋਂ 25 ਪਿੰਡਾਂ ਦੇ ਲੋਕ ਪੁੱਜੇ। ਸਥਾਨਕ ਪਾਰਟੀਆਂ ਦੇ ਵੱਖੋ-ਵੱਖਰੇ ਆਗੂ ਵੀ ਅੰਤਿਮ ਰਸਮਾਂ ‘ਚ ਸ਼ਾਮਲ ਹੋਏ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਤੇ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਵੀ ਸ਼ਹੀਦ ਮਨਪ੍ਰੀਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਪਿੰਡ ਪਹੁੰਚੇ। ਇਸਦੇ ਨਾਲ ਹੀ ਦੱਸ ਦਈਏ ਕਿ ਭੈਣਾਂ ਨੇ ਸ਼ਹੀਦ ਹੋਏ ਭਰਾ ਨੂੰ ਰੱਖੜੀ ਭੇਟ ਕਰ ਕੇ ਅੰਤਿਮ ਵਿਦਾਈ ਦਿੱਤੀ।
ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਖੇਤਰ ਵਿੱਚ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਤਿੰਨ ਜਵਾਨ ਸ਼ਹੀਦ ਹੋ ਗਏ ਸਨ ਜਿਨ੍ਹਾਂ ਵਿੱਚ ਮੁਹਾਲੀ ਜ਼ਿਲ੍ਹੇ ਦੇ ਪਿੰਡ ਭੜੌਜੀਆਂ ਦਾ ਕਰਨਲ ਮਨਪ੍ਰੀਤ ਸਿੰਘ ਬੈਂਸ (42) ਵੀ ਸ਼ਾਮਲ ਸੀ। ਮੁਕਾਬਲੇ ਦੌਰਾਨ ਪਹਿਲੀ ਗੋਲੀ ਕਰਨਲ ਮਨਪ੍ਰੀਤ ਸਿੰਘ ਨੂੰ ਲੱਗੀ ਸੀ, ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।
ਮਨਪ੍ਰੀਤ ਸਿੰਘ ਸਾਲ 2003 ਵਿੱਚ ਬਤੌਰ ਲੈਫਟੀਨੈਂਟ ਕਰਨਲ ਭਰਤੀ ਹੋਇਆ ਸੀ ਤੇ ਉਹ ਕੁਝ ਸਮਾਂ ਪਹਿਲਾਂ ਹੀ ਪਦਉਨਤ ਹੋ ਕੇ ਕਰਨਲ ਬਣਿਆ ਸੀ। ਸਮਾਜ ਸੇਵੀ ਅਰਵਿੰਦ ਪੁਰੀ ਨੇ ਦੱਸਿਆ ਕਿ ਉਸ ਦੇ ਪਿਤਾ ਲਖਵੀਰ ਸਿੰਘ, ਦਾਦਾ ਸ਼ੀਤਲ ਸਿੰਘ ਤੇ ਚਾਚਾ ਰਣਜੀਤ ਸਿੰਘ ਵੀ ਫੌਜ ਵਿੱਚ ਰਹੇ ਹਨ। ਇਹ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਦੇਸ਼ ਦੀ ਸੇਵਾ ਹਿੱਤ ਫੌਜ ਵਿੱਚ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ।