ਵਿੱਕੀ ਕੌਸ਼ਲ ‘ਜ਼ਾਰਾ ਹਟਕੇ ਜ਼ਾਰਾ ਬਚਕੇ’ ਫ਼ਿਲਮ ਤੋਂ ਬਾਅਦ ਇਕ ਹੋਰ ਫ਼ਿਲਮ ਨਾਲ ਦਰਸ਼ਕਾਂ ਨੂੰ ਹਸਾਉਣ ਲਈ ਤਿਆਰ ਹਨ। ਉਨ੍ਹਾਂ ਦੀ ਫ਼ਿਲਮ ‘ਦਿ ਗ੍ਰੇਟ ਇੰਡੀਅਨ ਫੈਮਿਲੀ’ ਜਲਦ ਹੀ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਟ੍ਰੇਲਰ ਬੀਤੇ ਦਿਨ ਰੀਲਿਜ਼ ਹੋ ਚੁੱਕਿਆ ਹੈ ਜਿਸ ‘ਚ ਮਾਨੁਸ਼ੀ ਛਿੱਲਰ ਪਹਿਲੀ ਵਾਰ ਉਨ੍ਹਾਂ ਨਾਲ ਸਕ੍ਰੀਨ ਸਾਂਝੀ ਕਰਨ ਜਾ ਰਹੀ ਹੈ। ਟ੍ਰੇਲਰ ਦੀ ਸ਼ੁਰੂਆਤ ਵਿੱਕੀ ਕੌਸ਼ਲ ਨਾਲ ਹੁੰਦੀ ਹੈ, ਜੋ ਆਪਣੀ ਜਾਣ-ਪਛਾਣ ਦਿੰਦਿਆਂ ਦੱਸਦਾ ਹੈ ਕਿ ਉਹ ਬਲਰਾਮਪੁਰ ਦਾ ਰਾਜਾ ਹੈ। ਫ਼ਿਲਮ ਦੀ ਕਹਾਣੀ ਵਿੱਕੀ ਕੌਸ਼ਲ ਤੇ ਉਨ੍ਹਾਂ ਦੇ ਅਜੀਬੋ-ਗਰੀਬ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ। ਵਿੱਕੀ ਕੌਸ਼ਲ ਨੂੰ ਫ਼ਿਲਮ ’ਚ ਗਾਉਣ ਦਾ ਬਹੁਤ ਸ਼ੌਕ ਹੈ ਤੇ ਆਪਣੀ ਦੁਕਾਨ ਦਾ ਵਿਸਥਾਰ ਕਰਨ ਲਈ ਉਹ ਛੋਟੀਆਂ-ਛੋਟੀਆਂ ਚੀਜ਼ਾਂ ਕਰਦੇ ਹਨ । ਇਸ ਤੋਂ ਇਲਾਵਾ ਉਨ੍ਹਾਂ ਦਾ ਪਰਿਵਾਰ ਭਗਤੀ ’ਚ ਜ਼ਿਆਦਾ ਵਿਸ਼ਵਾਸ ਰੱਖਦਾ ਹੈ ਤੇ ਸਮੇਂ-ਸਮੇਂ ’ਤੇ ਭਜਨ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਰਹਿੰਦਾ ਹੈ।
ਵਿੱਕੀ ਕੌਸ਼ਲ ਦਾ ਕਿਰਦਾਰ ਕਾਫ਼ੀ ਵੱਖਰਾ ਹੈ। ਉਹ ਇਕ ਬਹੁਤ ਹੀ ਕੂਲ ਤੇ ਖ਼ੁਸ਼ ਵਿਅਕਤੀ ਦੇ ਰੂਪ ’ਚ ਨਜ਼ਰ ਆ ਰਹੇ ਹਨ ਪਰ ਉਨ੍ਹਾਂ ਦੀ ਖ਼ੁਸ਼ੀ ਉਦੋਂ ਦੁਖ ’ਚ ਬਦਲ ਜਾਂਦੀ ਹੈ, ਜਦੋਂ ਉਨ੍ਹਾਂ ਦਾ ਅਜੀਬ ਪਰਿਵਾਰ ਹਰ ਵਾਰ ਇਕ ਨਵੀਂ ਮੁਸੀਬਤ ਲੈ ਕੇ ਉਨ੍ਹਾਂ ਨੂੰ ਖੜ੍ਹਾ ਕਰ ਦਿੰਦਾ ਹੈ। ਪੰਡਿਤ ਬਣੇ ਵਿੱਕੀ ਦੀ ਜ਼ਿੰਦਗੀ ਉਦੋਂ ਬਦਲ ਜਾਂਦੀ ਹੈ, ਜਦੋਂ ਉਹ ਆਪਣੀ ਪ੍ਰੇਮਿਕਾ ਮਾਨੁਸ਼ੀ ਨੂੰ ਮਿਲਦੇ ਹਨ ਤੇ ਉਨ੍ਹਾਂ ਦੀ ਸੋਚ ਬਦਲਣੀ ਸ਼ੁਰੂ ਹੋ ਜਾਂਦੀ ਹੈ।
ਵਿੱਕੀ ਤੇ ਮਾਨੁਸ਼ੀ ਤੋਂ ਇਲਾਵਾ ਫ਼ਿਲਮ ਦੀ ਸਟਾਰ ਕਾਸਟ ’ਚ ਯਸ਼ਪਾਲ ਸ਼ਰਮਾ, ਕੁਮੁਦ ਮਿਸ਼ਰਾ, ਮਨੋਜ ਪਾਹਵਾ ਤੇ ਸ੍ਰਿਸ਼ਟੀ ਦੀਕਸ਼ਿਤ ਵਰਗੇ ਕਲਾਕਾਰਾਂ ਨੇ ਵੀ ਕੰਮ ਕੀਤਾ ਹੈ। ਫ਼ਿਲਮ ਦਾ ਨਿਰਮਾਣ ਆਦਿਤਿਆ ਚੋਪੜਾ ਆਪਣੇ ਯਸ਼ਰਾਜ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਕਰ ਰਹੇ ਹਨ। ਇਹ ਫ਼ਿਲਮ 22 ਸਤੰਬਰ ਨੂੰ ਰਿਲੀਜ਼ ਹੋਵੇਗੀ।