ਕੁਝ ਸਮੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 45 ਫੀਸਦੀ ਅੰਕਾਂ ਨਾਲ ਪੰਜਾਬੀ ਦੀ ਪ੍ਰੀਖਿਆ ਪਾਸ ਕਰਨ ਦੀ ਚੁਣੌਤੀ ਦੇਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਲਗਾਤਾਰ ਪਲਟਵਾਰ ਕਰ ਰਹੇ ਹਨ।
ਬਿਕਰਮ ਮਜੀਠੀਆ ਨੇ ਆਪਣੇ ਫੇਸਬੁੱਕ ਪੇਜ਼ ਉੱਪਰ ਵੀਡੀਓ ਸ਼ੇਅਰ ਕਰਕੇ ਲਿਖਿਆ ਹੈ “ਕਿ ਭਗਵੰਤ ਮਾਨ ਜੀ ਸਾਡਾ ਤਾਂ ਰੱਬ ਰਾਖਾ ਪਰ ਜਿਹੜੀ ਪੰਜਾਬੀ ਤੁਸੀਂ ਲਿਖ ਰਹੇ, ਤਹਾਨੂੰ ਤਾਂ ਪੰਜਾਬੀ ਨੰਬਰ ਦੇਣਗੇ ਉਹ ਵੀ 420 ਜੋ ਤੁਸੀਂ ਪੰਜਾਬੀਆਂ ਨਾਲ ਕਰ ਰਹੇ ਹੋ..ਨਾ ਤੁਹਾਡੀ ਅੰਗਰੇਜ਼ੀ ਸਮਝ ਆਵੇ!
ਤੇ ਨਾ ਪੰਜਾਬੀ!
ਤੇ ਨਾ ਪਾਲਿਸੀ।
#420 Bhagwant Mann”
ਤੁਹਾਡੀ ਜਣਕਰੀ ਲਈ ਦੱਸ ਦਈਏ ਕਿ ਇਸ ਤੋਂ ਪਹਿਲਾਂ ਬਿਕਰਮ ਮਜੀਠੀਆ ਨੇ ਆਪਣੇ ਫੇਸਬੁੱਕ ਪੇਜ਼ ਉੱਪਰ ਲਿਖਿਆ ਸੀ….”ਪੰਜਾਬੀਆਂ ਨੂੰ ਬਹੁਤ ਹੈਰਾਨੀ ਹੋ ਰਹੀ ਹੈ ਕਿ ਜਿਸ ਵਿਅਕਤੀ ਨੇ ਕਾਲਜ ਦੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ ਹੋਵੇ, ਉਹ ਦੂਜਿਆਂ ਨੂੰ ਗਿਆਨ ਵੰਡ ਰਿਹਾ ਹੈ। ਭਗਵੰਤ ਮਾਨ ਜੀ ਪੰਜਾਬੀਆਂ ਨੇ 2022 ਵਿੱਚ ਤੁਹਾਡੇ ’ਤੇ ਇਸ ਕਰਕੇ ਵਿਸਾਹ ਕਰ ਲਿਆ ਸੀ ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਸੀ ਕਿ ਤੁਸੀਂ ਸੂਬੇ ਦੇ ਸਭ ਤੋਂ ਨਿਕੰਮੇ ਮੁੱਖ ਮੰਤਰੀ ਸਾਬਤ ਹੋਵੋਗੇ। ਮੁੱਖ ਮੰਤਰੀ ਭਾਵੇਂ ਕਾਮੇਡੀ ਸਰਕਸ ਵਿੱਚ ਬਹੁਤ ਚੰਗਾ ਹੋ ਸਕਦਾ ਹੈ ਪਰ ਸੂਬਾ ਚਲਾਉਣਾ ਕੋਈ ਕਾਮੇਡੀ ਸਰਕਸ ਨਹੀਂ ਹੈ।“
ਦਰਅਸਲ ਇਹ ਮੁੱਦਾ ਪੰਜਾਬ ਪੁਲਿਸ ਦੇ 560 ਸਬ-ਇੰਸਪੈਕਟਰਾਂ ਨੂੰ ਨਿਯੁਕਤ ਪੱਤਰ ਵੰਡਣ ਲਈ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ਼ੁਰੂ ਹੋਇਆ ਸੀ। ਜਦੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ, “ਮੈਂ ਹਮੇਸ਼ਾ ਪੰਜਾਬ ਨੂੰ ਦੇਸ਼ ਦਾ ਅੱਵਲ ਸੂਬਾ ਬਣਾਉਣ ਦੇ ਸੁਪਨੇ ਸੰਜੋਏ ਹਨ। ਮੈਨੂੰ ਪੰਜਾਬ ਤੇ ਪੰਜਾਬੀਆਂ ਪ੍ਰਤੀ ਮੁਹੱਬਤ ਦਾ ਪ੍ਰਗਟਾਵਾ ਕਰਨ ਲਈ ਕਿਸੇ ਪਾਸੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।”
ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਤੇ ਕਾਂਗਰਸੀ ਲੀਡਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇੱਕ ਮਹੀਨੇ ਦੇ ਅੰਦਰ ਪੰਜਾਬੀ ਭਾਸ਼ਾ ਦੀ ਲਿਖਤੀ ਪ੍ਰੀਖਿਆ 45 ਫੀਸਦੀ ਅੰਕਾਂ ਨਾਲ ਪਾਸ ਕਰਨ ਦੀ ਚੁਣੌਤੀ ਦਿੱਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਨੇਤਾ ਸਨਾਵਰ ਤੇ ਦੂਨ ਵਰਗੇ ਸਕੂਲ ਤੋਂ ਪੜ੍ਹੇ ਹੋਏ ਹਨ ਜਿਸ ਕਰਕੇ ਇਹ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਪਾਸ ਹੀ ਨਹੀਂ ਕਰ ਸਕਦੇ। ਹੁਣ ਇਸ ਟਿੱਪਣੀ ‘ਤੇ ਬਿਕਰਮ ਸਿੰਘ ਮਜੀਠੀਆ ਨੇ ਭਗਵੰਤ ਮਾਨ ਨੂੰ ਠੋਕਵਾਂ ਜਵਾਬ ਦਿੱਤਾ ਹੈ।