ਕੈਨੇਡਾ ਇੱਕ ਅਜਿਹਾ ਦੇਸ਼ ਹੈ ਜਿੱਥੇ ਜਾਣਾ ਪੰਜ ਵਿੱਚੋਂ ਤਿੰਨ ਪੰਜਾਬੀਆ ਦਾ ਸੁਪਨਾ ਹੈ। ਆਪਣੀ ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਨੌਜਵਾਨ ਚੰਗੇ ਭਵਿੱਖ ਦੀ ਭਾਲ ਵਿੱਚ ਆਈਲੈਟਸ ਕਰਕੇ ਵਿਦੇਸ਼ਾਂ ਵੱਲ ਰੁੱਖ ਕਰ ਲੈਂਦੇ ਹਨ। ਪਰ ਜੇਕਰ ਉਨ੍ਹਾਂ ਦੇ ਸੁਪਨਿਆਂ ਵਾਲੇ ਦੇਸ਼ ਵਿੱਚ ਉਨ੍ਹਾਂ ਨਾਲ ਬਦਸਲੂਕੀ ਹੋਵੇ ਤਾਂ ਕੀ ਹੋਵੇਗਾ, ਕੀ ਬੀਤੇਗੀ ਉਨ੍ਹਾਂ ਦੇ ਉੱਤੇ ? ਹਾਲ ਹੀ ‘ਚ ਇੱਕ ਰਿਪੋਰਟ ਮੁਤਾਬਿਕ ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਨਾਲ ਹੋ ਰਹੇ ਅਪਰਾਧਾਂ ਦਾ ਖੁਲਾਸਾ ਹੋਇਆ ਹੈ। ਦਰਅਸਲ ਕੈਨੇਡਾ ਵਿਚ ਭਾਰਤੀ ਵਿਦਿਆਰਥੀਆਂ ਨਾਲ ਤਸ਼ੱਦਦ ਦੇ ਮਾਮਲੇ ਵਧਦੇ ਜਾ ਰਹੇ ਹਨ। ਨੌਕਰੀਆਂ ਨਾ ਮਿਲਣ ਅਤੇ ਆਰਥਿਕ ਤੰਗੀ ਕਾਰਨ ਜਿਥੇ ਸਟੱਡੀ ਵੀਜ਼ੇ ’ਤੇ ਗਈਆਂ ਪੰਜਾਬੀ ਕੁੜੀਆਂ ਨਾਲ ਜਿਣਸੀ ਸ਼ੋਸ਼ਣ ਦੇ ਮਾਮਲੇ ਵੱਧ ਰਹੇ ਹਨ, ਉਥੇ ਹੀ ਦੂਜੇ ਪਾਸੇ ਮੁੰਡਿਆਂ ਨੂੰ ਪੈਸੇ ਦਾ ਲਾਲਚ ਦੇ ਕੇ ਨਸ਼ਿਆਂ ਦੇ ਧੰਦੇ ਵਿਚ ਫਸਾਇਆ ਜਾ ਰਿਹਾ ਹੈ। ਇਸ ਗੱਲ ਦਾ ਖੁਲਾਸਾ ਕਰਦਿਆਂ ਔਰਤਾਂ ਦੇ ਸਹਿਯੋਗੀ ਸੰਗਠਨ ਐਲਸਪੇਥ ਹੇਵਰਥ ਸੈਂਟਰ ਫਾਰ ਵੂਮੈਨ (EHCW) ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਸ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ।
ਸੰਗਠਨ ਮੁਤਾਬਿਕ ਪੈਸੇ ਦੀ ਘਾਟ ਕਾਰਨ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੀਆਂ ਕੁੜੀਆਂ ਨੂੰ ਆਰਥਿਕ ਸਹਾਇਤਾ ਦੇਣ ਵਿਚ ਕੈਨੇਡੀਅਨ ਗੁਰਦੁਆਰੇ ਵੀ ਦਿਲਚਸਪੀ ਨਹੀਂ ਦਿਖਾ ਰਹੇ ਹਨ, ਇਸ ਕਰ ਕੇ ਵਿਦੇਸ਼ ਦੇ ਸਮੂਹ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਿੱਤੀ ਯੋਗਦਾਨ ਪਾਉਣ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ। ਇਕ ਮੀਡੀਆ ਰਿਪੋਰਟ ਵਿਚ ਈ.ਐੱਚ.ਸੀ.ਐੱਫ.ਡਬਲਿਊ. ਦੀ ਕਾਰਜਕਾਰੀ ਨਿਰਦੇਸ਼ਕ ਸ਼੍ਰੀਮਤੀ ਸੁੰਦਰ ਸਿੰਘ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਟੱਡੀ ਵੀਜ਼ੇ ’ਤੇ ਕੈਨੇਡਾ ਆਈਆਂ ਪੰਜਾਬੀ ਕੁੜੀਆਂ ਦੇ ਜਿਣਸੀ ਸ਼ੋਸ਼ਣ ਦੀਆਂ ਵੱਧ ਰਹੀਆਂ ਘਟਨਾਵਾਂ ਵੱਲ ਸਮਾਜਿਕ ਸੰਸਥਾਵਾਂ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਸਾਲ ਤਕਰੀਬਨ 5 ਲੱਖ ਅੰਤਰਰਾਸ਼ਟਰੀ ਵਿਦਿਆਰਥੀ ਖਾਸ ਕਰ ਕੇ ਪੰਜਾਬ ਤੋਂ ਕੈਨੇਡਾ ਆਉਂਦੇ ਹਨ। ਉਹ ਮੌਜੂਦਾ ਆਰਥਿਕ ਸਥਿਤੀਆਂ ਅਤੇ ਰੋਜ਼ਗਾਰ ਦੇ ਬਾਜ਼ਾਰ ਵਿਚ ਢੁਕਵੇਂ ਘੰਟਿਆਂ ਦੇ ਹਿਸਾਬ ਨਾਲ ਯੋਗ ਨੌਕਰੀਆਂ ਦੀ ਘਾਟ ਕਾਰਨ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਉਨ੍ਹਾਂ ਨੇ ਸਟੱਡੀ ਵੀਜ਼ਾ ’ਤੇ ਕੈਨੇਡਾ ਆਉਣ ਵਾਲੀਆਂ ਕੁੜੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਨਵੇਂ ਜਾਣ-ਪਛਾਣ ਵਾਲਿਆਂ ਤੋਂ ਵਿੱਤੀ ਮਦਦ ਨਾ ਲੈਣ ਜਾਂ ਆਪਣੀ ਬੈਂਕ ਦੇ ਵੇਰਵੇ ਅਤੇ ਪਤੇ ਉਨ੍ਹਾਂ ਨਾਲ ਸਾਂਝੇ ਨਾ ਕਰਨ। ਕਈ ਅਜਿਹੇ ਉਦਾਹਰਣ ਹਨ, ਜਦੋਂ ਕੁੜੀਆਂ ਦੇ ਨਵੇਂ ਜਾਣ-ਪਛਾਣ ਵਾਲੇ ਉਨ੍ਹਾਂ ਨੂੰ ਆਰਥਿਕ ਸਹਾਇਤਾ ਦੇਣ ਤੋਂ ਬਾਅਦ ਹੋਰ ਦੋਸਤਾਂ ਨਾਲ ਸਮਾਂ ਬਿਤਾਉਣ ਲਈ ਮਜਬੂਰ ਕਰਦੇ ਹਨ। ਕੁੜੀਆਂ ਦੇ ਇਤਰਾਜ਼ਯੋਗ ਪੋਜ਼ ਵਿਚ ਚੁੱਪ-ਚੁਪੀਤੇ ਵੀਡੀਓ ਬਣਾ ਲਏ ਜਾਂਦੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਖ਼ਤਰੇ ਵਿਚ ਪਾ ਕੇ ਬਲੈਕਮੇਲ ਕੀਤਾ ਜਾਂਦਾ ਹੈ। ਵੱਖ-ਵੱਖ ਕੈਨੇਡੀਅਨ ਸੂਬਿਆਂ ਵਿਚ ਰਿਹਾਇਸ਼ੀ ਕਿਰਾਏ ਅਸਮਾਨ ਛੂਹ ਰਹੇ ਹਨ। ਦੁੱਧ ਅਤੇ ਫਲਾਂ ਸਮੇਤ ਕਰਿਆਨੇ ਦੀਆਂ ਦਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਲਗਭਗ ਅਸਮਰਥ ਹੋ ਗਈਆਂ ਹਨ। ਇਹ ਸਭ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਬਣਾਉਂਦਾ ਹੈ। ਅਜਿਹੇ ਹਾਲਾਤ ਕੁੜੀਆਂ ਨੂੰ ਦੇਹ ਵਪਾਰ ਕਰਨ ਲਈ ਮਜਬੂਰ ਕਰ ਰਹੇ ਹਨ ਅਤੇ ਮੁੰਡਿਆਂ ਨੂੰ ਡਰੱਗਜ਼ ਦੇ ਧੰਦੇ ’ਚ ਧੱਕਣ ਲਈ ਮਜਬੂਰ ਕਰਦੇ ਹਨ।
ਸ਼੍ਰੀਮਤੀ ਸੁੰਦਰ ਸਿੰਘ ਦਾ ਕਹਿਣਾ ਹੈ ਕਿ ਕੈਨੇਡਾ ਦੀਆਂ ਗੁਰਦੁਆਰਾ ਕਮੇਟੀਆਂ ਦੁਖੀ ਵਿਦਿਆਰਥੀਆਂ ਦੀ ਮਦਦ ਕਰਨ ਵਿਚ ਕੋਈ ਦਿਲਚਸਪੀ ਨਹੀਂ ਰੱਖਦੀਆਂ। ਸ਼੍ਰੀਮਤੀ ਸਿੰਘ ਨੇ ਖੁਲਾਸਾ ਕੀਤਾ ਕਿ 2017 ਵਿਚ 1500 ਤੋਂ ਵੱਧ ਪ੍ਰੇਸ਼ਾਨ ਲੜਕੀਆਂ ਵੱਲੋਂ ਕਾਲਾਂ ਆਈਆਂ ਸਨ, ਜਦ ਕਿ 2022 ਤੱਕ ਇਹ ਗਿਣਤੀ ਤਿੰਨ ਗੁਣਾ ਵਧ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਪਰੇਸ਼ਾਨੀ ਵਿੱਚ ਫਸੇ ਨੌਜਵਾਨਾਂ ਦੀ ਮੱਦਦ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਐਕਸ਼ਨ ਲਿਆ ਜਾਂਦਾ ਹੈ ਜਾ ਨਹੀਂ ।