ਪੰਜਾਬ ਦੇ ਵਿੱਚ ਵਾਰਦਾਤਾਂ ਦੇ ਨਾਲ-ਨਾਲ ਨਸ਼ਿਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ। ਹਰ ਰੋਜ਼ ਨਸ਼ੇ ਕਾਰਣ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਦੀ ਖਬਰ ਸੁਣਨ ਨੂੰ ਮਿਲਦੀ ਹੈ। ਪੰਜਾਬ ਦੀ ਜਵਾਨੀ ਤਾਂ ਨਸ਼ਿਆਂ ਦੇ ਹੱਥ ਚੜ੍ਹ ਗਈ ਹੈ। ਜਿੱਥੇ ਸੂਬਾ ਸਰਕਾਰ ਲਗਾਤਾਰ ਇਹ ਦਾਅਵੇ ਕਰ ਰਹੀ ਹੈ ਕਿ ਪੰਜਾਬ ਵਿੱਚ ਵਾਰਦਾਤਾਂ ਦੇ ਨਾਲ-ਨਾਲ ਨਸ਼ਿਆਂ ਨੂੰ ਵੀ ਠੱਲ ਪਾਈ ਜਾ ਰਹੀ ਹੈ। ਪਰ ਹਕੀਕਤ ਤਾਂ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਜ਼ਮੀਨੀ ਪੱਧਰ ‘ਤੇ ਤਾਂ ਲੋਕ ਨਸ਼ਾ ਵੇਚਣ ਦੇ ਲਈ ਨਵੇ ਨਵੇ ਰਾਹ ਆਪਣਾ ਰਹੇ ਹਨ।
ਹਾਲ ਹੀ ‘ਚ ਪੰਜਾਬ ਪੁਲਿਸ ਨੇ ਫਾਜ਼ਿਲਕਾ ਇਲਾਕੇ ਤੋਂ 15 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਇੱਕ ਨਸ਼ਾ ਤਸਕਰ ਨੂੰ ਵੀ ਕਾਬੂ ਕੀਤਾ ਗਿਆ ਹੈ। ਇਸ ਵਾਰ ਨਸ਼ਾ ਤਸਕਰਾਂ ਨੇ ਹੈਰੋਇਨ ਦੀ ਤਸਕਰੀ ਲਈ ਨਵਾਂ ਜੁਗਾੜ ਅਪਣਾਈਆਂ। ਤਸਕਰ ਤੂੜੀ ਨਾਲ ਭਰੀ ਟਰਾਲੀ ਵਿੱਚ ਹੈਰੋਇਨ ਲੈ ਕੇ ਜਾ ਰਹੇ ਸਨ। ਜਦੋਂ ਪੁਲੀਸ ਨੇ ਟਰਾਲੀ ਦੀ ਚੈਕਿੰਗ ਕੀਤੀ ਤਾਂ ਉਸ ਦਾ ਪਰਦਾਫਾਸ਼ ਹੋਇਆ।
ਪਿਛਲੇ 45 ਦਿਨਾਂ ਵਿੱਚ ਐਸਐਸਓਸੀ ਫਾਜ਼ਿਲਕਾ ਦੀ ਟੀਮ ਨੇ 147 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਪੰਜਾਬ ਪੁਲੀਸ ਨਸ਼ਾ ਤਸਕਰੀ ਖ਼ਿਲਾਫ਼ ਕਾਫੀ ਸਖਤ ਹੋ ਗਈ ਹੈ। ਤਲਾਸ਼ੀ ਮੁਹਿੰਮ ਲਗਾਤਾਰ ਜਾਰੀ ਹੈ। ਅਜਿਹੇ ‘ਚ ਤਸਕਰਾਂ ਨੇ ਆਪਣੀ ਰਣਨੀਤੀ ‘ਚ ਥੋੜ੍ਹਾ ਬਦਲਾਅ ਕੀਤਾ ਹੈ। ਉਹ ਅਜਿਹੇ ਤਰੀਕੇ ਅਪਣਾ ਰਹੇ ਹਨ, ਜਿਸ ਨਾਲ ਪੁਲਿਸ ਦਾ ਧਿਆਨ ਵੀ ਘੱਟ ਜਾਵੇਗਾ ਅਤੇ ਨਾਲ ਹੀ ਉਹ ਆਸਾਨੀ ਨਾਲ ਨਸ਼ੇ ਦੀ ਖੇਪ ਲੋਕਾਂ ਤੱਕ ਪਹੁੰਚਾ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਇਹ ਜਾਣਕਾਰੀ ਪੰਜਾਬ ਦੇ DGP ਗੌਰਬ ਯਾਦਵ ਵੱਲੋਂ ਇੱਕ ਟਵੀਟ ਕਰ ਕੇ ਦਿੱਤੀ ਗਈ ਹੈ।