ਨਸ਼ਾ ਤਾਂ ਪੰਜਾਬ ਦੀ ਰਾਜਨੀਤਿਕ ਪਾਰਟੀਆਂ ਦਾ ਪਸੰਦੀਦਾ ਮੁੱਦਾ ਬਣ ਗਿਆ ਹੈ। ਚੋਣਾਂ ਤੋਂ ਪਹਿਲਾਂ ਹਰ ਪਾਰਟੀ ਇਹ ਵਾਅਦਾ ਕਰਦੀ ਹੈ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਜਾਵੇਗਾ। ਇਸੇ ਹੀ ਵਾਅਦੇ ਨੂੰ ਮੁੱਖ ਰੱਖ ਕੇ ਆਮ ਆਦਮੀ ਪਾਰਟੀ ਨੇ ਵੀ ਵੱਡੇ-ਵੱਡੇ ਵਾਅਦੇ ਕੀਤੇ ਸੀ। ਲੋਕਾਂ ਨੇ ਵੀ ਇਸ ਵਿਸਵਾਸ ਨਾਲ ‘ਆਪ’ ਨੂੰ ਬੜੇ ਚਾਅ ਨਾਲ ਵੋਟਾਂ ਪਾਈਆਂ ਸਨ ਪਰ ਡੇਢ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਨਸ਼ਿਆਂ ਵਰਗੇ ਸੰਜੀਦਾ ਮੁੱਦੇ ਤੇ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ। ਹਾਲ ਹੀ ‘ਚ ਕਸਬਾ ਚੋਗਾਵਾਂ ਵਿੱਚ ਨਸ਼ੇ ਦੀ ਸ਼ਰੇਆਮ ਹੋ ਰਹੀ ਵਿਕਰੀ ਸਬੰਧੀ ਇੱਕ ਵੀਡਿਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ ਜਿਸ ਵਿੱਚ ਇੱਕ ਗਲੀ ਵਿੱਚ 40- 50 ਨੌਜਵਾਨ ਨਸ਼ੇ ਦੀ ਪ੍ਰਚੂਨ ਖਰੀਦੋ ਫ਼ਰੋਖਤ ਕਰਦੇ ਵੇਖੇ ਗਏ ਹਨ।ਵੀਡੀਓ ਵਿੱਚ ਵੀਡੀਓ ਬਣਾਉਣ ਵਾਲਾ ਕਸਬਾ ਚੋਗਾਵਾਂ ਵਿੱਚ ਚਿੱਟੇ ਦੀ ਹੋ ਰਹੀ ਵਿਕਰੀ ਦਾ ਹਾਲ ਦਿਖਾ ਰਿਹਾ ਹੈ।
ਵੀਡੀਓ ਬਣਦੀ ਵੇਖ ਕੇ ਨਸ਼ਾ ਖਰੀਦਣ ਵਾਲੇ ਇੱਧਰ ਉੱਧਰ ਜਾਂਦੇ ਵੇਖੇ ਜਾ ਸਕਦੇ ਹਨ। ਕਸਬਾ ਚੋਗਾਵਾਂ ਵਿੱਚ ਨਸ਼ਿਆਂ ਦੀ ਬਦਤਰ ਹਾਲ ਨੂੰ ਲੈ ਕੇ ਪਿਛਲੇ ਦਿਨੀਂ ਨੌਜਵਾਨ ਕਿਸਾਨ ਸੰਘਰਸ਼ ਕਮੇਟੀ ਨੇ ਕਿਸਾਨ ਆਗੂ ਬਚਿੱਤਰ ਸਿੰਘ ਕੋਟਲਾ ਦੀ ਅਗਵਾਈ ਹੇਠ ਡੀਐਸਪੀ ਦਫਤਰ ਚੋਗਾਵਾਂ ਮੂਹਰੇ ਪੱਕਾ ਮੋਰਚਾ ਵੀ ਲਗਾਇਆ ਸੀ ਜੋ ਦੋ ਮਹੀਨੇ ਤੋਂ ਵਧੇਰੇ ਸਮਾਂ ਚੱਲਿਆ।ਹੁਣ ਦੇਖਣਾ ਹੋਵੇਗਾ ਕਿ ਇਸ ਹਾਲ ਦੇ ਬਾਵਜੂਦ ਵੀ ਮਾਨ ਸਰਕਾਰ ਚੁੱਪ ਰਹੇਗੀ ਜਾ ਨਸ਼ੇ ਨੂੰ ਖਤਮ ਕਰਨ ਲਈ ਕੋਈ ਕਦਮ ਚੁੱਕੇਗੀ।