ਅਸੀਂ ਅਕਸਰ ਸੁਣਦੇ ਆਏ ਹਾਂ ਦੇਖਦੇ ਆਏ ਹਾਂ ਕਿ ਰਾਜਨੀਤੀ ਚੋਣਾਂ ਵਿੱਚ ਸ਼ਰਾਬ ਵੰਡੀ ਜਾਂਦੀ ਹੈ। ਪਰ ਹੁਣ ਅਜਿਹਾ ਯੂਨੀਵਰਸਿਟੀ ਦੀਆਂ ਚੋਣਾਂ ਵਿੱਚ ਵੀ ਹੋਣਾ ਸ਼ੁਰੂ ਹੋ ਗਿਆ ਹੈ। ਦਰਅਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਅੱਜ ਵਿਦਿਆਰਥੀ ਕਾਊਂਸਲ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਇਸ ਸਬੰਧੀ ਪੀਯੂ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਪੱਖੋਂ ਚੰਡੀਗੜ੍ਹ ਪੁਲਿਸ ਤੇ ਸਕਿਉਰਿਟੀ ਵਿੰਗ ਪੂਰੀ ਤਰ੍ਹਾਂ ਚੌਕਸ ਹੈ। ਪਰ ਉੱਥੇ ਹੀ ਦੂਜੇ ਪਾਸੇ , ਵਿਦਿਆਰਥੀ ਚੋਣਾਂ ਵਿੱਚ ਵੀ ਖੂਬ ਸ਼ਰਾਬ ਚੱਲ ਰਹੀ ਹੈ। ਇੱਥੋਂ ਤੱਕ ਕਿ ਸ਼ਰਾਬ ਦੀਆਂ ਪੇਟੀਆਂ ਵੰਡੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਵਿਦਿਆਰਥੀਆਂ ਨੂੰ ਕੋਡ ਪਰਚੀਆਂ ਰਾਹੀਂ ਸ਼ਰਾਬ ਵੰਡੀ ਗਈ ਹੈ। ਜੀਜੀਡੀ ਐਸਡੀ ਕਾਲਜ ਵਿੱਚ ਇੱਕ ਧਿਰ ਵੱਲੋਂ ਵਿਦਿਆਰਥੀਆਂ ਨੂੰ ਸ਼ਰਾਬ ਦੀ ਵਿਕਰੀ ਲਈ ਕੋਡ ਵਰਡ ਦੀਆਂ ਪਰਚੀਆਂ ਵੰਡੀਆਂ ਗਈਆਂ। ਸੂਤਰਾਂ ਮੁਤਾਬਿਕ ਸ਼ਰਾਬ ਦੀਆਂ ਪੇਟੀਆਂ ਸਿਰਫ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਦਿੱਤੀਆਂ ਗਈਆਂ ਹਨ ਜੋ ਵੱਡੇ ਸਮੂਹ ਵਿੱਚ ਵਿਚਰਦੇ ਰਹੇ ਹਨ। ਅਜਿਹਾ ਹੀ ਹੋਰ ਕਾਲਜਾਂ ਤੇ ਇੱਥੋਂ ਤੱਕ ਕਿ ਯੂਨੀਵਰਸਿਟੀ ਵਿੱਚ ਵੀ ਹੋਇਆ ਹੈ।
ਸੂਤਰਾਂ ਮੁਤਾਬਕ ਇਨ੍ਹਾਂ ਵਿਦਿਆਰਥੀਆਂ ਨੂੰ ਬਲੈਂਡਰ ਪ੍ਰਾਈਡ ਤੇ ਸਿਗਨੇਚਰ ਦੀਆਂ ਪਰਚੀਆਂ ਵੰਡੀਆਂ ਗਈਆਂ। ਖਾਸ ਗੱਲ ਇਹ ਰਹੀ ਕਿ ਇਸ ਵਾਰ ਕਈ ਵਿਦਿਆਰਥੀ ਆਗੂਆਂ ਨੂੰ ਸ਼ਰਾਬ ‘ਬਲੈਕ ਐਂਡ ਵਾਈਟ’ ਦੀ ਦਿੱਤੀ ਗਈ। ਕੁਝ ਵਿਦਿਆਰਥੀਆਂ ਨੇ ਦੱਸਿਆ ਕਿ ਹਰ ਜਮਾਤ ਦੇ ਮੋਹਰੀ ਵਿਦਿਆਰਥੀਆਂ ਨੂੰ ਹੀ ਬੋਤਲਾਂ ਵੰਡੀਆਂ ਗਈਆਂ ਹਨ। ਠੇਕੇ ਵਾਲਿਆਂ ਦਾ ਵੀ ਕਹਿਣ ਹੈ ਕਿ ਇਨ੍ਹਾਂ ਦਿਨਾਂ ਵਿੱਚ ਖਾਸ ਬਰਾਂਡ ਦੀ ਵਿਕਰੀ 20 ਫੀਸਦੀ ਤਕ ਵੱਧ ਗਈ ਹੈ।
ਦੱਸ ਦਈਏ ਕਿ ਪੰਜਾਬ ਯੂਨੀਵਰਸਿਟੀ ’ਚ ਅੱਜ ਹੋਣ ਵਾਲੀਆਂ ਵਿਦਿਆਰਥੀ ਚੋਣਾਂ ਨੂੰ ਸ਼ਾਂਤਮਈ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੰਡੀਗੜ੍ਹ ਪੁਲਿਸ ਚੌਕਸ ਹੈ। ਪੁਲਿਸ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਸ਼ਹਿਰ ਵਿੱਚ 1200 ਤੋਂ ਵੱਧ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੈ। ਇਸ ਮੌਕੇ ਚੰਡੀਗੜ੍ਹ ਪੁਲਿਸ ਦੇ 12 ਡੀਐਸਪੀ, 12 ਐਸਐਚਓ, 18 ਇੰਸਪੈਕਟਰ ਤੇ ਹੋਰ ਮੁਲਾਜ਼ਮ ਵੀ ਵੱਖ-ਵੱਖ ਥਾਵਾਂ ’ਤੇ ਤਾਇਨਾਤ ਰਹਿਣਗੇ।