ਦੇਸ਼ ਵਿੱਚ 2024 ਦੀਆ ਲੋਕ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਨੇ ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਨੇ ਸਾਰੀ ਵਿਰੋਧੀ ਪਾਰਟੀਆਂ ਨੇ ਇੱਕ ਗਠਜੋੜ ਕੀਤਾ ਹੈ ਜਿਸਦਾ ਨਾਮ ਰੱਖਿਆ INDIA. ਹੁਣ ਇਸ ਗਠਜੋੜ ‘ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਤੇ AAP ਦੇ ਗਠਜੋੜ ‘ਤੇ ਸਹਿਮਤੀ ਜਤਾਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਨ ਦਾ ਫੈਸਲਾ ਹੀ ਸਰਵਉੱਚ ਹੈ। ਲੋਕਤੰਤਰ ਨੂੰ ਬਚਾਉਣ ਲਈ ਸੁਆਰਥ ਦੀ ਸਿਆਸਤ ਦਾ ਤਿਆਗ ਕਰਨਾ ਪਵੇਗਾ।
ਨਵਜੋਤ ਸਿੱਧੂ ਨੇ ਟਵੀਟ ਕਰ ਲਿਖਿਆ ਕਿ “ਰਾਸ਼ਟਰੀ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਿਆ ਜਾਣਾ ਚਾਹੀਦਾ ਹੈ। ਪਾਰਟੀ ਹਾਈ ਕਮਾਨ ਦਾ ਫ਼ੈਸਲਾ ਸਰਵਉੱਚ ਹੈ। ਸੰਵਿਧਾਨ ਦੀ ਭਾਵਨਾ ਦਾ ਸਨਮਾਨ ਕਰਨ ਤੇ ਸੰਵਿਧਾਨਿਕ ਮੁੱਲਾਂ ਨਾਲ ਆਪਣੀ ਤਾਕਤ ਹਾਸਿਲ ਕਰਨ ਵਾਲੀਆਂ ਸੰਸਥਾਵਾਂ ਨੂੰ ਜ਼ੰਜੀਰਾਂ ਤੋਂ ਮੁਕਤ ਕਰਨ ਲਈ ਰਾਸ਼ਟਰੀ ਹਿੱਤਾਂ ਨੂੰ ਸਭ ਤੋਂ ਉਪਰ ਰੱਖਿਆ ਜਾਣਾ ਚਾਹੀਦਾ ਹੈ। ਚੋਣਾਂ ਅਗਲੀਆਂ ਚੋਣਾਂ ਲਈ ਨਹੀਂ ਲੜੀਆਂ ਜਾਂਦੀਆਂ। ਇਹ ਅਗਲੀਆਂ ਪੀੜ੍ਹੀਆਂ ਲਈ ਲੜੀਆਂ ਜਾਂਦੀਆਂ ਹਨ। ਜੈ ਹਿੰਦ…ਜੁੜੇਗਾ ਭਾਰਤ।“ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਹੀ ਆਮ ਆਦਮੀ ਪਾਰਟੀ ਵਿਧਾਨਸਭਾ ਚੋਣਾਂ ਚ ਪੰਜਾਬੀਆਂ ਨੂੰ ਕਾਂਗਰਸ ਤੋਂ ਬਚਾਉਣ ਦਾ ਦਾਵਾ ਕਰਕੇ ਸੱਤਾ ਵਿੱਚ ਆਈ ਸੀ। ਕਿਓਂਕਿ ਉਸ ਟਾਈਮ ਪੰਜਾਬ ਚ ਸਰਕਾਰ ਕਾਂਗਰਸ ਦੀ ਸੀ ਤੇ ਆਮ ਆਦਮੀ ਪਾਰਟੀ ਮੁਤਾਬਿਕ ਉਦੋਂ ਕਾਂਗਰਸ ਭਰਿਸਟਾਚਾਰ ਕਰਨ ਵਾਲੀ ਪਾਰਟੀ ਸੀ। ਭਗਵੰਤ ਮਾਨ ਸੈਂਕੜੇ ਬਾਰ ਸਟੇਜਾਂ ਤੋਂ ਇਹ ਜਿਕਰ ਕਰ ਚੁੱਕੇ ਨੇ ਕਿ ‘ਓਏ ਭਰਾਵੋ ਪੰਜਾਬ ਨੂੰ ਇਨਾਂ ਤੋਂ ਬੱਚਾ ਲਓ, ਲੁੱਟ ਕੇ ਖਾ ਗਏ ਇਹ ਪੰਜਾਬ ਨੂੰ’
ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਂਦੀਆਂ ਹੀ ਕਈ ਕਾਂਗਰਸੀ ਆਗੂਆਂ ਤੇ ਕਾਰਵਾਈਆਂ ਹੋਈਆਂ ਕੁਝ ਜੇਲ੍ਹ ਵੀ ਗਏ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਮੁਤਾਬਿਕ ਹੁਣ ਦੇਸ਼ ਅੰਦਰ ਇੰਡੀਆ ਮਹਾਂ-ਗਠਬੰਧਨ ਸਫ਼ਲ ਹੋਵੇਗਾ ਅਤੇ ਭਾਜਪਾ ਨੂੰ ਹਰਾਏਗਾ। ਵਿੱਤ ਮੰਤਰੀ ਨੇ ਕਿਹਾ ਕਿ INDIA ਜਮਹੂਰੀਅਤ ਅਤੇ ਸੰਵਿਧਾਨ ਦੀ ਰਾਖੀ ਲਈ ਛੋਟੀਆਂ-ਮੋਟੀਆਂ ਰੁਕਾਵਟਾਂ ਨੂੰ ਦੂਰ ਕਰਕੇ ਵੱਡੇ ਮਕਸਦ ਲਈ ਗੱਠਜੋੜ ਬਣਾਇਆ ਗਿਆ ਹੈ। ਵਿੱਤ ਮੰਤਰੀ ਦੇ ਬਿਆਨ ਤੋਂ ਸਾਫ਼ ਹੈ ਕਿ ‘ਆਪ’ ਸਰਕਾਰ ਕਾਂਗਰਸ ਨਾਲ ਗੱਠਜੋੜ ਲਈ ਪੂਰੀ ਤਰ੍ਹਾਂ ਤਿਆਰ ਹੈ।
ਪਰ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਲੀਡਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦੇ ਗਠਜੋੜ ਤੋਂ ਸਾਫ਼ ਇਨਕਾਰ ਕਰ ਰਹੇ ਨੇ, ਉਨ੍ਹਾਂ ਦਾ ਕਹਿਣੈ ਕਿ ਅਜਿਹਾ ਬਿਲਕੁਲ ਨਹੀਂ ਹੋਵੇਗਾ, ਪੰਜਾਬ ਕਾਂਗਰਸ ਲਈ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਗਠਜੋੜ ਆਸਾਨ ਨਹੀਂ, ਆਮ ਆਦਮੀ ਪਾਰਟੀ ਪੰਜਾਬ ਵਿੱਚ ਸੱਤਾ ‘ਚ ਐ ਅਤੇ ਕਾਂਗਰਸ ਮੁੱਖ ਵਿਰੋਧੀ ਧਿਰ, ਫਿਰ ਇਹ ਗਠਜੋੜ ਕਿਵੇਂ ਸੰਭਵ ਐ, ਮੁੱਖ ਵਿਰੋਧੀ ਧਿਰ ਹੋਣ ਦੇ ਨਾਤੇ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਹਰ ਵੱਡੇ ਤੋਂ ਵੱਡੇ ਅਤੇ ਛੋਟੇ ਤੋਂ ਛੋਟੇ ਮੁੱਦੇ ‘ਤੇ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਪਾਰਟੀ ਹਾਈਕਮਾਨ ਦੇ ਸਾਹਮਣੇ ਪੰਜਾਬ ਕਾਂਗਰਸ ਦੇ ਆਗੂਆਂ ਦੀ ਇਕ ਨਾ ਚੱਲੀ।
ਦਰਅਸਲ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਭ ਤੋਂ ਜ਼ਿਆਦਾ ਇਸਦਾ ਵਿਰੋਧ ਕਰ ਰਹੇ ਨੇ। ਉਨ੍ਹਾਂ ਨੇ ਤਾਂ ਪਾਰਟੀ ਦੇ ਮੰਚ ਤੋਂ ਇਹ ਵੀ ਕਹਿ ਦਿੱਤਾ ਸੀ ਕਿ ਉਹ ‘ਆਪ’ ਆਗੂਆਂ ਦੀ ਸ਼ਕਲ ਨਹੀਂ ਦੇਖਣਾ ਚਾਹੁੰਦੇ। ਜਦਕਿ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਮਾਮਲੇ ਨੂੰ ਲੈ ਕੇ ਸ਼ਾਂਤ ਸਨ। ਇਸੇ ਕ੍ਰਮ ’ਚ ਦਿੱਲੀ ’ਚ ‘ਆਪ’ ਨਾਲ ਸਮਝੌਤਾ ਕਰਨ ਦਾ ਵਿਰੋਧ ਕਰਨ ਵਾਲੇ ਸੂਬਾ ਕਾਂਗਰਸ ਪ੍ਰਧਾਨ ਅਨਿਲ ਚੌਧਰੀ ਨੂੰ ਹਟਾ ਕੇ ਅਰਵਿੰਦਰ ਸਿੰਘ ਲਵਲੀ ਨੂੰ ਸੂਬੇ ਦੀ ਕਮਾਨ ਸੌਂਪ ਦਿੱਤੀ। ਹੁਣ ਮੰਨਿਆ ਇਹ ਜਾ ਰਿਹਾ ਹੈ ਕਿ ਦਿੱਲੀ ’ਚ ਕੀਤੀ ਗਈ ਕਾਰਵਾਈ ਪੰਜਾਬ ਦੇ ਆਗੂਆਂ ਨੂੰ ਇਕ ਸੰਕੇਤ ਦੇਣਾ ਸੀ। ਜਾਣਕਾਰੀ ਮੁਤਾਬਕ ਹਾਈਕਮਾਨ ਨੇ ਪਿਛਲੇ ਦਿਨੀਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਸਮਝੌਤੇ ਦੇ ਸੰਕੇਤ ਦਿੱਤੇ ਸਨ। ਕਿਉਂਕਿ ਬਾਜਵਾ ਕਦੀ ਵੀ ‘ਆਪ’ ਨਾਲ ਸਮਝੌਤੇ ਦੇ ਹੱਕ ’ਚ ਨਹੀਂ ਸਨ।
ਇਧਰ, ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਾਂਗਰਸ ਨਾਲ ਸਮਝੌਤੇ ਦੇ ਸੰਕੇਤ ਦਿੱਤੇ ਹਨ। ਇਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਕਿਸੇ ਪੱਧਰ ਜਾਂ ਫਾਰਮੂਲੇ ’ਤੇ ਕੋਈ ਗੱਲਬਾਤ ਨਹੀਂ ਹੋਈ ਹੈ। ਅਸੀਂ ਕਾਂਗਰਸ ਤੋਂ ਸਿਰਫ਼ ਦਿੱਲੀ ਆਰਡੀਨੈਂਸ ਲਈ ਸਹਿਯੋਗ ਮੰਗਿਆ ਸੀ ਜੋ ਮਿਲਿਆ ਵੀ। ਉਨ੍ਹਾਂ ਸਮਰਥਨ ਕੀਤਾ ਤੇ ਅਸੀਂ INDIA ਦਾ ਹਿੱਸਾ ਬਣ ਗਏ। ਹੁਣ ਮੰਨਿਆ ਇਹ ਜਾ ਰਿਹਾ ਹੈ ਪੰਜਾਬ ਅੰਦਰ ਲੋਕਸਭਾ ਚੌਣਾਂ ‘ਚ ਕਾਂਗਰਸ 6 ਤੇ ਆਮ ਆਦਮੀ ਪਾਰਟੀ ਪੰਜਾਬ ’ਚ 7 ਸੀਟਾਂ ’ਤੇ ਚੋਣ ਲੜ ਸਕਦੀ ਹੈ। ਜੇਕਰ ਅਜਿਹਾ ਹੀ ਹੁੰਦਾ ਹੈ ਆਉਣ ਵਾਲੇ ਸਮੇਂ ਅੰਦਰ ਬਹੁਤ ਸਾਰੇ ਕਾਂਗਰਸੀ ਪੰਜਾਬ ਅੰਦਰ ਭਾਜਪਾ ਅਤੇ ਅਕਾਲੀ ਦਲ ਦਾ ਰੁੱਖ ਕਰਦੇ ਵੀ ਨਜ਼ਰ ਆ ਸਕਦੇ ਨੇ।