ਪੰਜਾਬ ਦੀ ਸੱਤਾ ਦੇ ਕਾਬਿਜ ‘ਆਮ ਆਦਮੀ ਪਾਰਟੀ’ ਦੀ ਸਰਕਾਰ ਦਾ ਹਮੇਸ਼ਾ ਤੋਂ ਹੀ ਇੱਕ ਨਾਅਰਾ ਹੈ ਕਿ ਇਹ ਪਾਰਟੀ ਆਮ ਲੋਕਾਂ ਦੀ ਹੈ, ਇਹ ਪਾਰਟੀ ਆਮ ਲੋਕਾਂ ਦੇ ਹੱਕ ਦੁਵਾਏਗੀ, ਆਮ ਲੋਕਾਂ ਦੀ ਸੇਵਾਂ ਕਰੇਗੀ। ਪਰ ਇਸ ਗੱਲ ਦੀ ਜ਼ਮੀਨੀ ਹਕੀਕਤ ਤਾਂ ਕੁਝ ਹੋਰ ਹੀ ਬਿਆਨ ਕਰ ਰਹੀ ਹੈ।
ਜਿਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਸ਼ਹਿਰ ਸੰਗਰੂਰ ਅੰਦੋਲਨਾਂ ਦਾ ਗੜ੍ਹ ਬਣ ਗਿਆ ਹੈ। ਬੀਤੇ ਐਤਵਾਰ ਨੂੰ ਵੀ ਮੁੱਖ ਮੰਤਰੀ ਦੀ ਕੋਠੀ ਨੇੜੇ ਜੰਮ ਕੇ ਹੰਗਾਮਾ ਹੋਇਆ ਹੈ। ਮੁੱਖ ਮੰਤਰੀ ਦੀ ਕੋਠੀ ਅੱਗੇ 8736 ਕੱਚੇ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਪਹੁੰਚੇ ਸੈਂਕੜੇ ਅਧਿਆਪਕਾਂ ਤੇ ਪੁਲਿਸ ਵਿਚਾਲੇ ਖਿੱਚਧੂਹ ਹੋਈ। ਇਸ ਦੌਰਾਨ ਕਈਆਂ ਦੀਆਂ ਪੱਗਾਂ ਲੱਥ ਗਈਆਂ ਤੇ ਕਈ ਮਹਿਲਾ ਅਧਿਆਪਕ ਤੇ ਮਹਿਲਾ ਪੁਲਿਸ ਮੁਲਾਜ਼ਮ ਹੇਠਾਂ ਡਿੱਗ ਪਈਆਂ। ਪੁਲਿਸ ਨਾਲ ਝੜਪ ਤੋਂ ਬਾਅਦ ਰੋਹ ’ਚ ਆਈਆਂ ਦੋ ਮਹਿਲਾ ਅਧਿਆਪਕਾਂ ਨੇ ਆਪਣੇ ’ਤੇ ਪੈਟਰੋਲ ਤਕ ਛਿੜਕ ਲਿਆ ਸੀ।
ਦਰਅਸਲ ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਕੱਚੇ ਅਧਿਆਪਕਾਂ ਨੂੰ ਤਨਖਾਹ ਸਕੇਲ ਦੇ ਕੇ ਰੈਗੂਲਰ ਕੀਤਾ ਜਾਵੇ ਤੇ ਬੱਚਿਆਂ ਤੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਵਾਉਣ ਵਾਲੀ ਅਧਿਆਪਕਾ ਮਨਪ੍ਰੀਤ ਕੌਰ ਕਨੋਈ ਦੇ ਤਨਖਾਹ ਵਾਧੇ ਸਣੇ ਨਵੇਂ ਹੁਕਮ ਜਾਰੀ ਕੀਤੇ ਜਾਣ। ਪਿੰਡ ਖੁਰਾਣਾ ਵਿਚ 8736 ਕੱਚੇ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਅਧਿਆਪਕਾਂ ਦਾ ਸੰਘਰਸ਼ 84 ਦਿਨਾਂ ਤੋਂ ਜਾਰੀ ਹੈ। ਇੰਦਰਜੀਤ ਸਿੰਘ ਮਾਨਸਾ 84 ਦਿਨਾਂ ਤੋਂ ਟੈਂਕੀ ਉਪਰ ਡਟਿਆ ਹੋਇਆ ਹੈ।
ਪੰਜਾਬ ਭਰ ਤੋਂ ਅਧਿਆਪਕ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਦੀ ਅਗਵਾਈ ਹੇਠ ਇੱਥੇ ਨੈਸ਼ਨਲ ਹਾਈਵੇਅ ਦੇ ਬਾਈਪਾਸ ਦੇ ਓਵਰਬ੍ਰਿਜ ਹੇਠ ਇਕੱਠੇ ਹੋਏ ਜਿੱਥੇ ਰੋਸ ਰੈਲੀ ਕੀਤੀ ਗਈ। ਪੁਲਿਸ ਵੱਲੋਂ ਰੈਲੀ ਸਥਾਨ ਤੋਂ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਤੱਕ ਕਈ ਥਾਵਾਂ ਉਪਰ ਬੈਰੀਕੇਡ ਲਾ ਕੇ ਨਾਕਾਬੰਦੀ ਕੀਤੀ ਗਈ।
ਰੈਲੀ ਮਗਰੋਂ ਰੋਸ ਮਾਰਚ ਕਰਦਿਆਂ ਅਧਿਆਪਕਾਂ ਨੇ ਪੁਲਿਸ ਦੀ ਪਹਿਲੀ ਨਾਕੇਬੰਦੀ ਪੁੱਟ ਦਿੱਤੀ ਤੇ ਪੁਲਿਸ ਨੂੰ ਧੂਹ ਕੇ ਅਧਿਆਪਕ ਅੱਗੇ ਵਧ ਗਏ। ਅਧਿਆਪਕਾਂ ਨੇ ਜਿਉਂ ਹੀ ਕਲੋਨੀ ਦੇ ਮੁੱਖ ਗੇਟ ਨੇੜੇ ਦੂਜੀ ਨਾਕੇਬੰਦੀ ਤੋਂ ਜਬਰੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨਾਲ ਝੜਪ ਹੋ ਗਈ। ਇਸ ਦੌਰਾਨ ਦੋਵਾਂ ਦਰਮਿਆਨ ਧੱਕਾਮੁੱਕੀ ਤੇ ਖਿੱਚਧੂਹ ਹੋਈ ਜਿਸ ਦੌਰਾਨ ਕਈਆਂ ਦੀਆਂ ਪੱਗਾਂ ਲੱਥ ਗਈਆਂ, ਕੁਝ ਮਹਿਲਾ ਅਧਿਆਪਕਾਂ ਤੇ ਮਹਿਲਾ ਪੁਲਿਸ ਮੁਲਾਜ਼ਮ ਹੇਠਾਂ ਵੀ ਡਿੱਗ ਪਈਆਂ।
ਹੁਣ ਤੁਸੀਂ ਇਸ ਗੱਲ ਦਾ ਅੰਦਾਜ਼ਾ ਤਾਂ ਲੱਗਾ ਹੀ ਸਕਦੇ ਹੋ ਕਿ ਆਮ ਆਦਮੀ ਪਾਰਟੀ ਕਿੰਨੀ ਕੁ ਆਮ ਲੋਕਾਂ ਦੀ ਹੈ। ਕਿ ਲੋਕਾਂ ਨੂੰ ਮਜਬੂਰ ਹੋ ਕੇ ਅੰਦੋਲਨ ਕਰਨੇ ਪੈ ਰਹੇ ਹਨ। ਹੁਣ ਦੇਖਣ ਹੋਵੇਗਾ ਮੁੱਖ ਮੰਤਰੀ ਮਾਨ ਆਪਣੇ ਸਹਿਰ ਸੰਗਰੂਰ ਨੂੰ ਅੰਦੋਲਨ ਹੱਬ ਬਣਨ ਤੋਂ ਕਿਵੇ ਰੋਕਦੇ ਹਨ।