ਪੰਜਾਬ ਦੀ ਸੱਤਾ ‘ਤੇ ਕਾਬਿਜ ‘ਆਮ ਆਦਮੀ ਪਾਰਟੀ’ ਦੀ ਸਰਕਾਰ ਨੇ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ। ਅਤੇ ਉਹ ਵਾਅਦਾ ਪੂਰਾ ਵੀ ਕੀਤਾ, ਸੂਬੇ ਵਿੱਚ ਬਿਜਲੀ ਦੇ ਕੱਟ ਲੱਗਾ ਕੇ। ਅਕਸਰ ਹੀ ਸੂਬੇ ਵਿੱਚ ਬਿਜਲੀ ਦੇ ਕੱਟ ਲੱਗਦੇ ਰਹਿੰਦੇ ਹਨ, ਕਦੇ ਕੁਦਰਤੀ ਕਾਰਨਾਂ ਕਰਕੇ ਤੇ ਕਦੇ ਬਿਜਲੀ ਦੀ ਘਾਟ ਕਰਕੇ। ਜਿਸ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਉਣ ਵਾਲੇ ਕੁਝ ਸਮੇ ਤਕ ਵੀ ਇਹ ਸਮੱਸਿਆ ਬਣੀ ਰਹੇਗੀ ਕਿਉਕਿ ਪੰਜਾਬ ਵਿੱਚ ਆਉਂਦੇ ਦਿਨਾਂ ਤੱਕ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਸਕਦੇ ਹਨ।
ਜਾਣਕਾਰੀ ਮੁਤਾਬਿਕ ਬਿਜਲੀ ਪੈਦਾ ਕਰਨ ਵਾਲੇ ਥਰਮਲ ਪਲਾਂਟਾਂ ਵਿੱਚ ਲੀਕੇਜ ਦੀ ਸ਼ਿਕਾਇਤ ਸਾਹਮਣੇ ਆਈ ਹੈ। ਜਿਸ ਦੇ ਤਹਿਤ ਲਹਿਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਦਾ ਇੱਕ-ਇੱਕ ਯੂਨਿਟ ਬੰਦ ਹੋ ਗਿਆ। ਲਹਿਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਦੇ ਬਾਇਲਰ ਵਿੱਚ ਲੀਕੇਜ ਹੋਣ ਦੇ ਕਾਰਨ ਇੱਕ ਇੱਕ ਯੂਨਿਟ ਬੰਦ ਕਰਨੀ ਪਈ ਹੈ। ਅਜਿਹੇ ‘ਚ ਲਗਾਤਾਰ ਬਿਜਲੀ ਦੇ ਕੱਟ ਲੱਗ ਰਹੇ ਹਨ। ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਵਾਂ ਪਲਾਂਟਾਂ ਤੋਂ ਇਲਾਵਾ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਇੱਕ ਯੂਨਿਟ ਪਿਛਲੇ ਸਾਲ ਤੋਂ ਬੰਦ ਹੈ, ਜਿਸ ਕਾਰਨ ਪੰਜਾਬ ਵਿੱਚ 1080 ਮੈਗਾਵਾਟ ਬਿਜਲੀ ਦੀ ਘਾਟ ਹੈ।
ਦੂਜੇ ਪਾਸੇ ਮੀਂਹ ਨਾ ਪੈਣ ਕਾਰਨ ਗਰਮੀ ਵਧ ਗਈ ਹੈ, ਉਥੇ ਹੀ ਬਿਜਲੀ ਦੀ ਮੰਗ 14,849 ਮੈਗਾਵਾਟ ਤੱਕ ਪਹੁੰਚ ਗਈ ਹੈ। ਐਤਵਾਰ ਸ਼ਾਮ 5 ਵਜੇ ਤੱਕ 30 ਹਜ਼ਾਰ ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹਨ। ਆਉਣ ਵਾਲੇ ਸਮੇਂ ਵਿੱਚ, 40 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਪੈਂਡਿੰਗ ਹਨ, ਜਿਨ੍ਹਾਂ ਵਿੱਚ ਸ਼ਨੀਵਾਰ ਤੋਂ 33 ਹਜ਼ਾਰ ਸ਼ਿਕਾਇਤਾਂ ਸ਼ਾਮਲ ਹਨ। ਪਾਵਰਕੌਮ ਦੇ ਮੁਲਾਜ਼ਮਾਂ ਨੂੰ ਨੁਕਸ ਠੀਕ ਕਰਨ ਵਿੱਚ ਕਰੀਬ 3 ਘੰਟੇ ਲੱਗ ਗਏ।
ਓਧਰ ਦੂਜੇ ਪਾਸੇ ਥਰਮਲ ਪਲਾਂਟਾ ਵਿੱਚ ਕੋਲੇ ਦੀ ਕਮੀ ਵੀ ਆ ਸਕਦੀ ਹੈ। ਜਿਸ ਨਾਲ ਬਾਕੀ ਜਿਹੜੇ ਯੂਨਿਟ ਚੱਲ ਰਹੇ ਹਨ ਉਹ ਵੀ ਬੰਦ ਹੋ ਸਕਦੇ ਹਨ। ਇੱਥੇ ਦੱਸ ਦੇਈਏ ਕਿ ਤਲਵੰਡੀ ਸਾਬੋ ਵਿੱਚ 3 ਦਿਨ, ਰਾਜਪੁਰਾ ਐਨਪੀਐਲ ਵਿੱਚ 13 ਦਿਨ, ਜੀਵੀਕੇ ਵਿੱਚ 2 ਦਿਨ, ਰੋਪੜ ਵਿੱਚ 15 ਦਿਨ ਅਤੇ ਲਹਿਰਾ ਵਿੱਚ 27 ਦਿਨਾਂ ਦਾ ਕੋਲੇ ਦਾ ਸਟਾਕ ਬਚਿਆ ਹੈ।
ਹੁਣ ਦੇਖਣਾ ਹੋਵੇਗਾ ਕਿ ਪੰਜਾਬੀਆਂ ਨੂੰ ਬਿਜਲੀ ਦੀ ਇਸ ਸਮੱਸਿਆ ਦਾ ਕਦੋਂ ਤਕ ਸਾਹਮਣਾ ਕਰਨਾ ਪਵੇਗਾ।