ਇਸਰੋ ਹੁਣ ਚੰਨ ਨੂੰ ਫਤਿਹ ਕਰਕੇ ਸੂਰਜ ਨੂੰ ਜਿੱਤਣ ਚਲਿਆ ਹੈ। ਭਾਰਤ ਨੇ ਚੰਨ ‘ਤੇ ਤਾਂ ਇਤਿਹਾਸ ਰਚ ਦਿੱਤਾ ਹੈ , ਹੁਣ ਸੂਰਜ ‘ਤੇ ਵੀ ਰਚੇਗਾ। ਭਾਰਤੀ ਪੁਲਾੜ ਖੋਜ ਸੰਸਥਾ ਯਾਨੀ ISRO ਨੇ ਆਪਣੇ ਪਹਿਲੇ ਸੂਰਜ ਮਿਸ਼ਨ ‘ਆਦਿੱਤਿਆ-L1’ ਨੂੰ ਸ਼੍ਰੀਹਰੀਕੋਟਾ ਸਪੇਸ ਸੈਂਟਰ ਤੋਂ ਸ਼ਨੀਵਾਰ, 2 ਸਤੰਬਰ ਨੂੰ 11:50 ‘ਤੇ ਲਾਂਚ ਕੀਤਾ ਹੈ। ਇਸਰੋ ਭਾਰਤ ਦੇ ਇਸ ਪਹਿਲੇ ਸੂਰਜੀ ਮਿਸ਼ਨ ਨਾਲ ਸੂਰਜ ਦਾ ਅਧਿਐਨ ਕਰੇਗਾ। ਤੁਸੀਂ ਇਸਰੋ ਦੀ ਵੈੱਬਸਾਈਟ, ਯੂਟਿਊਬ ਚੈਨਲ ਦੇ ਨਾਲ-ਨਾਲ ਦੂਰਦਰਸ਼ਨ ‘ਤੇ ਲਾਂਚ ਦਾ ਸਿੱਧਾ ਪ੍ਰਸਾਰਣ ਦੇਖ ਸਕਦੇ ਹੋ। ਦੱਸ ਦਈਏ ਕਿ ਸਤੀਸ਼ ਧਵਨ ਸਪੇਸ ਸੈਂਟਰ (SDSC) SHAR, ਸ਼੍ਰੀਹਰਿਕੋਟਾ ਵਿਖੇ ਇਸਰੋ ਦੇ ਸੂਰਜੀ ਮਿਸ਼ਨ ਆਦਿੱਤਿਆ ਐਲ-1 ਦੀ ਸ਼ੁਰੂਆਤ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਹਨ।
ਇਹ ਰਾਕੇਟ ਇਸ ਨੂੰ ਧਰਤੀ ਦੇ ਹੇਠਲੇ ਪੰਧ ਤੱਕ ਲੈ ਜਾਵੇਗਾ। ਇਸ ਤੋਂ ਬਾਅਦ ਪ੍ਰੋਪਲਸ਼ਨ ਮਡਿਊਲ ਦੀ ਸਹਾਇਤਾ ਨਾਲ ਇਸ ਦੇ ਪੰਧ ਨੂੰ ਜ਼ਿਆਦਾ ਵੱਡਾ ਕੀਤਾ ਜਾਵੇਗਾ। ਪੜਾਅਵਾਰ ਤਰੀਕੇ ਨਾਲ ਪੰਧ ਬਦਲਦਿਆਂ ‘ਆਦਿੱਤਿਆ ਐੱਲ 1’ ਨੂੰ ਲੈਂਗ੍ਰੇਜ ਪੁਆਇੰਟ ਵੱਲ ਧਰਤੀ ਦੇ ਗੁਰੂਤਾਕਰਸ਼ਣ ਖੇਤਰ ਤੋਂ ਬਾਹਰ ਪਹੁੰਚਾਇਆ ਜਾਵੇਗਾ। ਧਰਤੀ ਦੇ ਗੁਰੂਤਾਕਰਸ਼ਣ ਖੇਤਰ ’ਚੋਂ ਬਾਹਰ ਨਿਕਲਣ ਤੋਂ ਬਾਅਦ ਇਸ ਦਾ ਕਰੂਜ਼ ਪੜਾਅ ਸ਼ੁਰੂ ਹੋਵੇਗਾ। ਪੁਲਾੜ ਯਾਨ ਨੂੰ ਐੱਲ 1 ਤੱਕ ਪਹੁੰਚਣ ’ਚ 125 ਦਿਨ ਦਾ ਸਮਾਂ ਲੱਗੇਗਾ।
ਡਾ. ਸ਼ੰਕਰ ਸੁਬਰਾਮਨੀਅਮ ਇਸਰੋ ਦੇ ਸਭ ਤੋਂ ਸੀਨੀਅਰ ਵਿਗਿਆਨੀਆਂ ਵਿੱਚੋਂ ਇੱਕ ਹਨ ਤੇ ਇਸਰੋ ਦੇ ਕਈ ਪ੍ਰਮੁੱਖ ਮਿਸ਼ਨਾਂ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਨੇ ਵੱਡਾ ਯੋਗਦਾਨ ਪਾਇਆ ਹੈ। ਉਹਨਾਂ ਨੇ ਬੈਂਗਲੁਰੂ ਵਿੱਚ ਯੂਆਰ ਰਾਓ ਸੈਟੇਲਾਈਟ ਸੈਂਟਰ (ਯੂਆਰਐਸਸੀ) ਵਿੱਚ ਸੂਰਜੀ ਅਧਿਐਨ ਵਿੱਚ ਮੁਹਾਰਤ ਹਾਸਲ ਕੀਤੀ ਹੈ। ਉਹਨਾਂ ਨੇ ਇੰਡੀਅਨ ਇੰਸਟੀਚਿਊਟ ਆਫ਼ ਐਸਟ੍ਰੋਫਿਜ਼ਿਕਸ ਦੁਆਰਾ ਬੈਂਗਲੁਰੂ ਯੂਨੀਵਰਸਿਟੀ ਤੋਂ ਭੌਤਿਕ ਵਿਗਿਆਨ ਵਿੱਚ ਪੀਐਚਡੀ ਕੀਤੀ ਹੈ। ਉਹਨਾਂ ਦੀ ਖੋਜ ਨੇ ਸੂਰਜੀ ਚੁੰਬਕੀ ਖੇਤਰ ਵਿੱਚ ਆਪਟਿਕਸ ਤੇ ਇੰਸਟਰੂਮੈਂਟੇਸ਼ਨ ਵਰਗੇ ਖੇਤਰਾਂ ‘ਤੇ ਧਿਆਨ ਕੇਂਦਰਿਤ ਕੀਤਾ ਹੈ।