‘ਦਿ ਕਸ਼ਮੀਰ ਫਾਈਲਸ’ ਦਾ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਅਕਸਰ ਹੀ ਆਪਣੇ ਵਿਚਾਰਾਂ ਕਾਰਨ ਚਰਚਾ ‘ਚ ਰਹਿੰਦੇ ਹਨ। ਹੁਣ ਵਿਵੇਕ ਨੇ ਬਾਲੀਵੁੱਡ ਅਦਾਕਾਰਾਂ ਨੂੰ ‘ਮੂਰਖ਼’ ਕਹਿੰਦੇ ਹੋਏ ਕਿਹਾ ਕਿ ਮੈਂ ਅਜਿਹੇ ਲੋਕਾਂ ਨਾਲ ਕੰਮ ਨਹੀਂ ਕਰ ਸਕਦਾ ਅਤੇ ਬਾਲੀਵੁੱਡ ਤੋਂ ਅਸਤੀਫ਼ਾ ਦੇ ਰਿਹਾ ਹਾਂ। ਵਿਵੇਕ ਨੇ ਕਿਹਾ ਕਿ ਉਹ ਕਾਮਰਸ਼ੀਅਲ ਫ਼ਿਲਮਾਂ ਤੋਂ ਬ੍ਰੇਕ ਲੈ ਰਹੇ ਹਨ। ਇਸ ਦਾ ਕਾਰਨ ਬਾਲੀਵੁੱਡ ਦੇ ਅਨਪੜ੍ਹ ਅਦਾਕਾਰ ਹਨ, ਜਿਨ੍ਹਾਂ ਦਾ ਦੁਨੀਆ ਬਾਰੇ ਕੋਈ ਸੋਚ ਜਾਂ ਦ੍ਰਿਸ਼ਟੀਕੋਣ ਹੀ ਨਹੀਂ ਹੈ।
ਦੱਸ ਦੇਈਏ ਕਿ ਇਕ ਇੰਟਰਵਿਊ ਦੌਰਾਨ ਵਿਵੇਕ ਨੇ ਦੱਸਿਆ ਕਿ ਉਨ੍ਹਾਂ ਨੇ ਕਾਮਰਸ਼ੀਅਲ ਸਿਨੇਮਾ ਛੱਡ ਦਿੱਤਾ ਹੈ, ਕਿਉਂਕਿ ਜਿਹੜੇ ਅਦਾਕਾਰਾਂ ਨਾਲ ਉਨ੍ਹਾਂ ਨੇ ਕੰਮ ਕੀਤਾ ਹੈ, ਉਨ੍ਹਾਂ ਨੂੰ ਦੁਨੀਆ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਅਜਿਹਾ ਨਹੀਂ ਹੈ ਕਿ ਮੈਂ ਇਹ ਹੰਕਾਰ ‘ਚ ਕਹਿ ਰਿਹਾ ਹਾਂ, ਮੈਂ ਇਹ ਸੱਚ ਕਹਿ ਰਿਹਾ ਹਾਂ। ਮੈਂ ਉਨ੍ਹਾਂ ਅਦਾਕਾਰਾਂ ਤੋਂ ਜ਼ਿਆਦਾ ਸਮਝਦਾਰ ਹਾਂ ਅਤੇ ਮੇਰਾ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਉਨ੍ਹਾਂ ਤੋਂ ਕਿਤੇ ਵਧੀਆ ਹੈ। ਭਾਰਤੀ ਸਿਨੇਮਾ ਦੇ ਮੂਰਖ਼ ਹੋਣ ਦਾ ਮੁੱਖ ਕਾਰਨ ਇਸ ਦੇ ਅਦਾਕਾਰ ਹਨ। ਇਹ ਲੋਕ ਨਿਰਦੇਸ਼ਕ ਅਤੇ ਲੇਖਕਾਂ ਨੂੰ ਵੀ ਮੂਰਖ਼ ਬਣਾ ਦਿੰਦੇ ਹਨ। ਫ਼ਿਲਮ ਕਦੀ ਵੀ ਨਿਰਦੇਸ਼ਕ ਕਾਰਨ ਨਹੀਂ, ਹਮੇਸ਼ਾ ਮੂਰਖ਼ ਅਦਾਕਾਰ ਕਰਕੇ ਜਾਣੀ ਜਾਂਦੀ ਹੈ। ਇਸ ਲਈ ਮੈਂ ਮਾਨਸਿਕ ਤੌਰ ‘ਤੇ ਬਾਲੀਵੁੱਡ ਤੋਂ ਸੰਨਿਆਸ ਲੈ ਰਿਹਾ ਹਾਂ।’