ਪੰਜਾਬ ਦੇ ਵਿੱਚ ਵਾਰਦਾਤਾਂ ਦੇ ਨਾਲ-ਨਾਲ ਨਸ਼ਿਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ। ਹਰ ਰੋਜ਼ ਨਸ਼ੇ ਕਾਰਣ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਤੇ ਕਦੇ ਚੋਰੀ, ਲੁੱਟ ਕਤਲ ਆਦਿ ਖਬਰਾ ਸੁਣਨ ਨੂੰ ਮਿਲਦੀ ਹੈ। ਪੰਜਾਬ ਦੀ ਜਵਾਨੀ ਤਾਂ ਨਸ਼ਿਆਂ ਦੇ ਹੱਥ ਚੜ੍ਹ ਗਈ ਹੈ। ਤੇ ਜੋ ਬੱਚੀ ਹੈ ਉਹ ਵਾਰਦਾਤਾਂ ਨੇ ਖਾ ਲਈ। ਇੱਕ ਪਾਸੇ ਜਿੱਥੇ ਸੂਬਾ ਸਰਕਾਰ ਲਗਾਤਾਰ ਇਹ ਦਾਅਵੇ ਕਰ ਰਹੀ ਹੈ ਕਿ ਪੰਜਾਬ ਵਿੱਚ ਵਾਰਦਾਤਾਂ ਦੇ ਨਾਲ-ਨਾਲ ਨਸ਼ਿਆਂ ਨੂੰ ਵੀ ਠੱਲ ਪਾਈ ਜਾ ਰਹੀ ਹੈ। ਪਰ ਹਕੀਕਤ ਤਾਂ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਕਿ ਕਿਵੇ ਸੂਬੇ ਦੇ ਨੌਜਵਾਨ ਨਸ਼ਿਆਂ ਕਾਰਣ ਆਪਣੀ ਜਾਨਾਂ ਗੁਆ ਰਹੇ ਹਨ, ਕਿਵੇ ਲੋਕਾਂ ਦੇ ਘਰ ਉਜੜ ਰਹੇ ਹਨ।
ਹਾਲ ਹੀ ‘ਚ ਅੰਮ੍ਰਿਤਸਰ ਦੇ ਪਿੰਡ ਅਜਨਾਲਾ ਵਿੱਚ ਇੱਕ ਨੌਜਵਾਨ ਨੇ ਕਥਿਤ ਤੌਰ ‘ਤੇ ਇੱਕ ਨਾਬਾਲਿਗ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਨੌਜਵਾਨ ਪਿਛਲੇ ਕੁਝ ਮਹੀਨਿਆਂ ਤੋਂ ਪੀੜਤਾ ਦਾ ਪਿੱਛਾ ਕਰ ਰਿਹਾ ਸੀ। ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਦੋਸ਼ੀ ਦਲਬੀਰ ਸਿੰਘ ਦੇ ਦੋ ਸਾਥੀਆਂ ‘ਚੋਂ ਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਤਿੰਨੇ ਮੁਲਜ਼ਮ ਮੰਗਲਵਾਰ ਸ਼ਾਮ ਨੂੰ 15 ਸਾਲਾ ਲੜਕੀ ਦੀ ਮਾਸੀ ਦੇ ਘਰ ਜ਼ਬਰਦਸਤੀ ਦਾਖ਼ਲ ਹੋਏ ਅਤੇ ਉਸ ਬਾਰੇ ਪੁੱਛਣ ਲੱਗੇ।
ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਘਰ ਦੇ ਅੰਦਰ ਮੌਜੂਦ ਨਾਬਾਲਿਗ ਬਾਹਰ ਆਈ ਤਾਂ ਦੋਸ਼ੀ ਨਾਲ ਉਸ ਦੀ ਤਿੱਖੀ ਬਹਿਸ ਹੋ ਗਈ। ਇਸ ਦੌਰਾਨ ਦਲਬੀਰ ਸਿੰਘ ਨੇ ਉਸ ‘ਤੇ ਗੋਲੀ ਚਲਾ ਦਿੱਤੀ ਅਤੇ ਭੱਜ ਗਿਆ। ਪੀੜਤਾ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਮੁਤਾਬਿਕ ਮੁਲਜ਼ਮ ਪਿਛਲੇ ਕਈ ਮਹੀਨਿਆਂ ਤੋਂ ਪੀੜਤਾ ਨੂੰ ਤੰਗ ਕਰ ਰਿਹਾ ਸੀ ਅਤੇ ਉਸ ’ਤੇ ਵਿਆਹ ਕਰਵਾਉਣ ਲਈ ਦਬਾਅ ਪਾ ਰਿਹਾ ਸੀ। ਪੀੜਤਾ ਦੇ ਮਾਪਿਆਂ ਨੇ ਉਸ ਨੂੰ ਆਪਣੀ ਮਾਸੀ ਦੇ ਘਰ ਭੇਜ ਦਿੱਤਾ ਸੀ। ਪੁਲਿਸ ਨੇ ਭਾਰਤੀ ਦੰਡਾਵਲੀ ਅਤੇ ਅਸਲਾ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਬਾਕੀ ਦੋ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਉੱਥੇ ਹੀ ਦੂਜੇ ਪਾਸੇ ਪਟਿਆਲਾ ਦੇ ਨਾਭਾ ਤੋਂ ਦਿਉਰ ਵੱਲੋਂ ਭਾਬੀ ਦਾ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਬੀਤੇ ਐਤਵਾਰ ਨੂੰ 43 ਸਾਲਾ ਔਰਤ ਦੀ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾ ਕੇ ਦੋਸ਼ੀ ਦਿਉਰ ਨੂੰ ਗ੍ਰਿਫਤਾਰ ਕਰ ਲਿਆ ਹੈ। ਦਿਉਰ ਦੇ ਆਪਣੀ ਭਰਜਾਈ ਨਾਲ ਪਿਛਲੇ ਪੰਜ ਸਾਲਾਂ ਤੋਂ ਨਾਜਾਇਜ਼ ਸਬੰਧ ਸਨ। ਹੁਣ ਜਦੋਂ ਭਰਜਾਈ ਨੇ ਆਪਣੀ ਦਿਉਰ ਨਾਲ ਸਬੰਧ ਤੋੜ ਦਿੱਤੇ ਤਾਂ ਗੁੱਸੇ ‘ਚ ਆ ਕੇ ਦਿਉਰ ਨੇ ਉਸ ਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਕਤਲ ਵਿੱਚ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਤਰਾਂ ਦੀਆ ਵਾਰਦਾਤਾਂ ਹੋਣ ਦੇ ਬਾਵਜੂਦ ਮਾਨ ਸਰਕਾਰ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਸੁਧਾਰਨ ਲਈ ਕੋਈ ਕਦਮ ਚੁੱਕੇਗੀ ਜਾ ਨਹੀਂ? ਜਾਂ ਇਸ ਤਰਾਂ ਹੀ ਸੂਬੇ ਵਿੱਚ ਵਾਰਦਾਤਾਂ ਦਾ ਸਿਲਸਲਾ ਚੱਲਦਾ ਰਹੇਗਾ ਤੇ ਆਏ ਦਿਨ ਕਿਸੇ ਨਾ ਕਿਸੇ ਦੀ ਮੌਤ ਖਬਰ ਅਖਬਾਰਾਂ ਵਿੱਚ ਛਪਦੀ ਰਹੇਗੀ।