ਭਾਰਤ ਦੇ ਗੋਲਡਨ ਬੁਆਯ ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2023 ਵਿੱਚ ਜੈਵਲਿਨ ਥ੍ਰੋਅ ਪ੍ਰਤੀਯੋਗਿਤਾ ’ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਨਾਲ ਨੀਰਜ ਨੇ ਪੂਰੀ ਦੁਨੀਆਂ ਵਿੱਚ ਭਾਰਤ ਦਾ ਨਾਮ ਸਭ ਤੋਂ ਉੱਚਾ ਕਰ ਦਿੱਤਾ ਹੈ। ਇਹ ਉਪਲੱਬਧੀ ਹਾਸਲ ਕਰਨ ਵਾਲਾ ਨੀਰਜ ਚੋਪੜਾ ਪਹਿਲਾ ਭਾਰਤੀ ਐਥਲੀਟ ਬਣ ਗਿਆ ਹੈ। ਟੋਕੀਓ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਨੇ ਆਪਣੀ ਦੂਜੀ ਕੋਸ਼ਿਸ਼ ’ਚ 88.17 ਮੀਟਰ ਦੀ ਸਰਵਸ੍ਰੇਸ਼ਠ ਥ੍ਰੋਅ ਕਰਕੇ ਚੋਟੀ ਦਾ ਸਥਾਨ ਹਾਸਲ ਕੀਤਾ। ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 87.82 ਮੀਟਰ ਦੀ ਸਰਵਸ੍ਰੇਸ਼ਠ ਥ੍ਰੋਅ ਦੇ ਨਾਲ ਚਾਂਦੀ ਤੇ ਚੈੱਕ ਗਣਰਾਜ ਦੇ ਯਾਕੂਬ ਵਾਲੇਸ਼ ਨੇ ਕਾਂਸੀ ਤਮਗਾ ਜਿੱਤਿਆ।
ਨੀਰਜ ਚੋਪੜਾ ਨੇ ਇਸ ਇਤਿਹਾਸਕ ਮੌਕੇ ‘ਤੇ ਭਾਰਤ ਵਾਸੀਆਂ ਦਾ ਧੰਨਵਾਦ ਕੀਤਾ। ਨੀਰਜ ਨੇ ਗੋਲਡ ਮੈਡਲ ਜਿੱਤਣ ਤੋਂ ਬਾਅਦ ਕਿਹਾ, ”ਮੈਂ ਆਪਣੇ ਆਪ ਨੂੰ ਪੂਸ਼ ਕੀਤਾ। ਮੈਂ ਬਹੁਤ ਧਿਆਨ ਨਾਲ ਚੱਲ ਰਿਹਾ ਸੀ। ਮੈਂ 100 ਪ੍ਰਤੀਸ਼ਤ ਸਪੀਡ ਦੇ ਰਿਹਾ ਸੀ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਕਮੀ ਮਹਿਸੂਸ ਹੁੰਦੀ ਹੈ। ਉਨ੍ਹਾਂ ਕਿਹਾ, ”ਮੈਂ ਭਾਰਤੀਆਂ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਤੁਸੀਂ ਸਾਰੀ ਰਾਤ ਜਾਗਦੇ ਰਹੇ ਅਤੇ ਸਹਿਯੋਗ ਦਿੱਤਾ। ਇਹ ਮੈਡਲ ਪੂਰੇ ਭਾਰਤ ਲਈ ਹੈ। ਤੁਸੀਂ ਸਾਰੇ ਵੱਖ-ਵੱਖ ਖੇਤਰਾਂ ਵਿੱਚ ਮਿਹਨਤ ਕਰਦੇ ਰਹੋ। ਸਾਰੀ ਦੁਨੀਆਂ ਵਿੱਚ ਨਾਮ ਕਮਾਉਣਾ ਹੈ।“
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਹੁਣ ਨੀਰਜ ਚੋਪੜਾ ਦੇ ਨਾਂ ਖੇਡ ਦੇ ਸਾਰੇ ਖ਼ਿਤਾਬ ਹੋ ਗਏ ਹਨ। ਨੀਰਜ ਨੇ ਏਸ਼ੀਆਈ ਖੇਡਾਂ (2018), ਰਾਸ਼ਟਰਮੰਡਲ ਖੇਡਾਂ (2018) ਦੇ ਸੋਨ ਤਮਗੇ ਤੋਂ ਇਲਾਵਾ ਚਾਰ ਡਾਇਮੰਡ ਲੀਗ ਖਿਤਾਬ ਤੇ ਪਿਛਲੇ ਸਾਲ ਡਾਇਮੰਡ ਲੀਗ ਚੈਂਪੀਅਨ ਟਰਾਫੀ ਜਿੱਤੀ। ਉਹ 2016 ’ਚ ਜੂਨੀਅਰ ਵਿਸ਼ਵ ਚੈਂਪੀਅਨ ਰਿਹਾ ਤੇ 2017 ’ਚ ਏਸ਼ੀਆਈ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ।
ਨੀਰਜ ਚੋਪੜਾ ਇਕ ਹੀ ਸਮੇਂ ’ਚ ਓਲੰਪਿਕ ਤੇ ਵਿਸ਼ਵ ਖਿਤਾਬ ਜਿੱਤਣ ਵਾਲਾ ਤੀਜਾ ਜੈਵਲਿਨ ਥ੍ਰੋਅਰ ਬਣ ਗਿਆ ਹੈ। ਉਸ ਤੋਂ ਪਹਿਲਾਂ ਚੈੱਕ ਗਣਰਾਜ ਦੇ ਜਾਨ ਜੇਲੇਜਨੀ ਨੇ 1992, 1996 ਤੇ 2000 ’ਚ ਓਲੰਪਿਕ ਖਿਤਾਬ ਜਿੱਤੇ ਸਨ, ਜਦਕਿ 1993, 1995 ਤੇ 2001 ਵਿਚ ਵਿਸ਼ਵ ਚੈਂਪੀਅਨਸ਼ਿਪ ਜਿੱਤੀ ਸੀ।