ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਸ ਸਮੇ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਮਤਭੇਦ ਕਿਸੇ ਤੋਂ ਲੁਕੇ ਨਹੀਂ ਹਨ। ਥੋੜੇ ਸਮੇ ਦੇ ਅੰਤਰਾਲ ਨਾਲ ਇਨ੍ਹਾਂ ਦੋਵਾਂ ਦੀ ਸ਼ਬਦੀ ਜੰਗ ਅਕਸਰ ਦੇਖ ਨੂੰ ਮਿਲਦੀ ਹੈ। ਕਦੇ ਮੁੱਖ ਮੰਤਰੀ ਭਗਵੰਤ ਮਾਨ ਰਾਜਪਾਲ ਦੀ ਚੋਣ ‘ਤੇ ਸਵਾਲ ਚੁੱਕਦੇ ਹਨ ਤੇ ਕਦੇ ਰਾਜਪਾਲ ਦੀਆ ਚਿੱਠੀਆਂ ਨੂੰ ਲਵ ਲੇਟਰ ਦਾ ਨਾਮ ਦਿੰਦੇ ਹਨ।
ਅਜਿਹੇ ‘ਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੁੱਖ ਮੰਤਰੀਆਂ ਨੇ ਝੂਠ ਬੋਲਣ ਦਾ ਠੇਕਾ ਲਿਆ ਹੋਇਆ ਹੈ। ਪੰਜਾਬ ਅਤੇ ਦੇਸ਼ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਦੋਵੇਂ ਮੁੱਖ ਮੰਤਰੀ ਖ਼ਬਰਾਂ ‘ਚ ਬਣੇ ਰਹਿਣ ਲਈ ਦੋਸ਼ ਲਗਾਉਂਦੇ ਹਨ। ਰਾਜਪਾਲ ਅਤੇ LG ‘ਤੇ ਸਵਾਲ ਖੜੇ ਕਰਦੇ ਹਨ। ਪੰਜਾਬ ਵਿੱਚ ਸੰਵਿਧਾਨਕ ਸੰਸਥਾਵਾਂ ਦਾ ਵੀ ਘਾਣ ਕੀਤਾ ਜਾ ਰਿਹਾ ਹੈ। ਦਿੱਲੀ ‘ਚ LG ਅਤੇ ਪੰਜਾਬ ‘ਚ ਰਾਜਪਾਲ ‘ਤੇ ਸਵਾਲ ਉੱਠ ਰਹੇ ਹਨ। ਭਗਵੰਤ ਮਾਨ ਵੱਲੋਂ ਰਾਜਪਾਲ ਦੇ ਪੱਤਰ ਦਾ ਜਵਾਬ ਦੇਣ ਦੀ ਬਜਾਏ ਜਨਤਕ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।
ਅਨੁਰਾਗ ਠਾਕੁਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਆਪਣਾ ਵਿਵਹਾਰ ਸੁਧਾਰਨ ਦੀ ਸਲਾਹ ਦਿੱਤੀ ਹੈ। ਭਗਵੰਤ ਮਾਨ ਨੂੰ ਬੇਨਤੀ ਕੀਤੀ ਕਿ ਉਹ ਆਪਣਾ ਅਜਿਹਾ ਅਕਸ ਨਾ ਬਣਾਉਣ, ਜਿਸ ਨਾਲ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਪਾਰਟੀ ਦਾ ਹੀ ਨੁਕਸਾਨ ਹੋਵੇ। ਇਸਦੇ ਨਾਲ ਹੀ ਖੇਡਾਂ ‘ਚ ਪੰਜਾਬ ਦੇ ਪਛੜਨ ਦੇ ਸਵਾਲ ‘ਤੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਇਸ਼ਤਿਹਾਰਾਂ ਦਾ ਬਜਟ 600 ਕਰੋੜ ਦਾ ਹੋ ਰਿਹਾ ਹੈ, ਪਰ ਸਰਕਾਰਾਂ ਖਿਡਾਰੀਆਂ ‘ਤੇ ਪੈਸਾ ਖਰਚ ਕਰਨ ‘ਚ ਲਾਪਰਵਾਹੀ ਕਰ ਰਹੀਆਂ ਹਨ। ਕੇਂਦਰੀ ਮੰਤਰੀ ਨੇ ਸੂਬਾ ਸਰਕਾਰਾਂ ਨੂੰ ਖੇਡਾਂ ਨੂੰ ਪਹਿਲ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਰਗਾ ਸੂਬਾ ਖੇਡਾਂ ਵਿੱਚ ਪਛੜਿਆ ਹੋਇਆ ਹੈ ਇਹ ਬੜੀ ਚਿੰਤਾ ਦੀ ਗੱਲ ਹੈ। ਜੇਕਰ ਸਰਕਾਰ ਖੇਡਾਂ ਵੱਲ ਧਿਆਨ ਦੇਵੇਗੀ ਤਾਂ ਪੰਜਾਬ ਦਾ ਭਵਿੱਖ ਹੋਰ ਸੁਨਹਿਰਾ ਹੋ ਜਾਵੇਗਾ।