ਪੰਜਾਬ ਵਿੱਚ ਅੱਜ ਕੱਲ੍ਹ ਤਾਂ ਨਸ਼ਾ ਇੱਕ ਆਮ ਜਿਹੀ ਗੱਲ ਹੋ ਗਈ ਹੈ। ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲੱਗਾ ਸਕਦੇ ਹੋ ਕੀ ਕੁਝ ਸਮਾਂ ਪਹਿਲਾਂ ਸੰਸਦ ਦੀ ਸਥਾਈ ਕਮੇਟੀ ਦੀ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਹਰ ਪੰਜ ਵਿੱਚੋਂ ਇੱਕ ਵਿਅਕਤੀ ਨਸ਼ੇ ਦਾ ਆਦੀ ਹੈ। ਅਸੀਂ ਰੋਜ਼ਾਨਾ ਖਬਰਾਂ ਵਿੱਚ ਦੇਖਦੇ ਵੀ ਹਾਂ ਕਿ ਕਿਵੇ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਭੇਟ ਚੜ੍ਹ ਰਹੀ ਹੈ, ਕਿਵੇ ਲੋਕਾਂ ਦੇ ਘਰ ਉਜੜ ਰਹੇ ਹਨ। ਭਗਵੰਤ ਮਾਨ ਸਰਕਾਰ ਨਸ਼ੇ ਦੇ ਖਾਤਮੇ ਦੀ ਜਿੰਨੇ ਮਰਜ਼ੀ ਦਾਅਵੇ ਕਰ ਰਹੀ ਹੈ ਪਰ ਪੰਜਾਬ ਅੰਦਰ ਚਿੱਟੇ ਕਾਰਨ ਰੋਜ਼ਾਨਾ ਹੋ ਰਹੀਆਂ ਮੌਤਾਂ ਨੇ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਹਰ ਪਰਿਵਾਰ ਨੂੰ ਬੱਸ ਇੱਕੋ ਹੀ ਚਿੰਤਾ ਰਹਿੰਦੀ ਹੈ ਕਿ ਉਨ੍ਹਾਂ ਦਾ ਪੁੱਤ ਕੀਤੇ ਨਸ਼ਿਆਂ ਦਾ ਆਦੀ ਨਾ ਹੋ ਜਾਵੇ। ਇੱਕ ਤਾਜ਼ਾ ਮਾਮਲ ਹੁਣ ਧਨੌਲਾ ਤੋਂ ਆਇਆ ਹੈ ਜਿੱਥੇ ਕਿ ਇੱਕ ਨੌਜਵਾਨ ਜੋ ਕਿ ਕਬੱਡੀ ਖਿਡਾਰੀ ਹੈ, ਉਹ ਵੀ ਚਿੱਟੇ ਦੀ ਭੇਟ ਚੜ੍ਹ ਗਿਆ ਹੈ। ਉਸ ਦੀ ਲਾਸ਼ ਬਰਨਾਲਾ ਨੇੜੇ ਪਿੰਡ ਸੰਘੇੜਾ ਦੇ ਸ਼ਮਸ਼ਾਨਘਾਟ ਵਿੱਚੋਂ ਮਿਲੀ। ਜਿਸ ਨੂੰ ਦੇਖ ਕੇ ਪਰਿਵਾਰ ਦਾ ਤਾਂ ਜਿਉਣ ਮਰਨ ਵਾਲਾ ਹਾਲ ਹੋ ਗਿਆ ਹੈ।
ਮ੍ਰਿਤਕ ਦੇ ਪਿਤਾ ਦੀਆਂ ਅੱਖਾਂ ਦੀ ਰੌਸ਼ਨੀ ਘੱਟ ਹੋਣ ਕਾਰਨ ਉਹ ਧਨੌਲਾ ਦੇ ਬੱਸ ਅੱਡੇ ’ਤੇ ਸਵਾਰੀਆਂ ਨੂੰ ਬੱਸ ਚੜ੍ਹਨ ਲਈ ਹੋਕਾ ਦਿੰਦਾ ਹੈ। ਮਿਲੀ ਜਾਣਕਾਰੀ ਮੁਤਾਬਿਕ 26 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਉਰਫ਼ ਹੈਪੀ ਕਬੱਡੀ ਦਾ ਵਧੀਆ ਖਿਡਾਰੀ ਸੀ ਤੇ ਸਾਲ 2016 ’ਚ ਪੰਜਾਬ ਪੁਲਿਸ ’ਚ ਭਰਤੀ ਹੋ ਗਿਆ ਸੀ। ਹਰਪ੍ਰੀਤ ਨਸ਼ੇ ਦੀ ਦਲਦਲ ’ਚ ਅਜਿਹਾ ਫਸਿਆ ਕਿ ਗੈਰਹਾਜ਼ਰ ਹੋਣ ਕਾਰਨ ਨੌਕਰੀ ਤੋਂ ਹੱਥ ਧੋ ਬੈਠਾ। ਮ੍ਰਿਤਕ ਦੇ ਪਰਿਵਾਰ ਨੇ ਹਰਪ੍ਰੀਤ ਦਾ ਨਸ਼ਾ ਛੁਡਾਉਣ ਲਈ ਤਿੰਨ ਵਾਰ ਨਸ਼ਾ ਛਡਾਊ ਕੇਂਦਰ ’ਚ ਵੀ ਦਾਖਲ ਕਰਵਾਇਆ¬ ਪਰ ਉਹ ਨਸ਼ੇ ਦੀ ਦਲਦਲ ’ਚੋਂ ਨਹੀਂ ਨਿਕਲ ਸਕਿਆ।
ਪੁਲਿਸ ਦੇ ਪੜਤਾਲੀਆ ਅਧਿਕਾਰੀ ਸੇਵਾ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ। ਧਨੌਲਾ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਦੀ ਮਾਲੀ ਹਾਲਤ ਨੂੰ ਦੇਖਦਿਆਂ ਆਰਥਿਕ ਮਦਦ ਕੀਤੀ ਜਾਵੇ।
ਹੁਣ ਇਸ ਮਾਮਲੇ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲੱਗਾ ਹੀ ਸਕਦੇ ਹੋ ਕਿ ਪੰਜਾਬ ਦੀ ਜਵਾਨੀ ਕਿਵੇ ਖਤਰੇ ਵਿੱਚ ਹੈ, ਹਰ ਪਲ ਹਰ ਮਾਪਿਆਂ ਨੂੰ ਇਹ ਡਰ ਸੱਤਾ ਰਿਹਾ ਹੈ ਕਿ ਕੀਤੇ ਉਨ੍ਹਾਂ ਦਾ ਪੁੱਤਰ ਨਸ਼ਿਆਂ ਵੱਲ ਨਾ ਤੁਰ ਪਏ। ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਨਸ਼ੇ ਦੇ ਦਲਦਲ ‘ਚੋਂ ਪੰਜਾਬ ਦੀ ਜਵਾਨੀ ਨੂੰ ਰੁਲਨ ਨਾ ਦੇਵੇ।