ਅਕਸਰ ਹੀ ਅਸੀਂ ਪੰਜਾਬ ਵਿੱਚ ਵੱਧ ਰਹੇ ਨਸ਼ੇ ਦੀਆ ਖਬਰਾਂ ਦੇਖਦੇ ਹਾਂ, ਕਿ ਕਿਵੇਂ ਪੰਜਾਬ ਦੀ ਜਵਾਨੀ ਨਸ਼ਿਆਂ ਨੇ ਰੋਲ ਦਿੱਤੀ ਹੈ। ਕਿਵੇ ਛੋਟੀ ਜਿਹੀ ਉਮਰ ਵਿੱਚ ਨੌਜਵਾਨਾ ਨੂੰ ਨਸ਼ਿਆਂ ਦੀ ਲੱਤ ਲੱਗ ਜਾਂਦੀ ਹੈ। ਪਰ ਜਿੱਥੇ ਇੱਕ ਪਾਸੇ ਸੂਬਾ ਸਰਕਾਰ ਇਹ ਦਾਅਵਾ ਕਰਦੀ ਹੈ ਕਿ ਸੂਬੇ ‘ਚ ਨਸ਼ਿਆ ਨੂੰ ਠੱਲ ਪਾਈ ਜਾਂ ਰਹੀ ਹੈ ਉੱਥੇ ਹੀ ਦੂਜੇ ਪਾਸੇ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਆਦਮੀਆਂ ਦੇ ਨਾਲ-ਨਾਲ ਹੁਣ ਔਰਤਾਂ ਵੀ ਇਸ ਨਸ਼ੇ ਦੇ ਜਾਲ ਵਿੱਚ ਫ਼ਸ ਰਹੀਆਂ ਹਨ। ਔਰਤਾਂ ਵੀ ਬਿਨਾਂ ਕਿਸੇ ਖੋਫ਼ ਦੇ ਬੇਧੜਕ ਹੋ ਕੇ ਨਸ਼ਿਆਂ ਦਾ ਵਪਾਰ ਕਰ ਰਹੀਆਂ ਹਨ।
ਪਿਛਲੇ ਕਈ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡਿਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਿਨ-ਦਿਹਾੜੇ ਬਿਨ੍ਹਾਂ ਕਿਸੇ ਡਰ ਤੋਂ ਪਿੰਡ ਦੇ ਇਕ ਮੁਹੱਲੇ ‘ਚ ਔਰਤ ਨੌਜਵਾਨ ਨੂੰ ਡਿਜੀਟਲ ਤੱਕੜੀ ਨਾਲ ਨਸ਼ਾ ਤੋਲ ਕੇ ਵੇਚਦੀ ਹੈ। ਇਹ ਵੀਡੀਓ ਪਟਿਆਲਾ ਜ਼ਿਲੇ ਦੇ ਪਿੰਡ ਲੰਗੜੋਈ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਇਕ ਮੋਟਰਸਾਈਕਲ ਸਵਾਰ ਨੌਜਵਾਨ ਪਿੰਡ ‘ਚ ਪਹੁੰਚਦਾ ਹੈ ਤਅਤੇ ਉਸਨੂੰ ਗਲੀ ‘ਚ ਖੜ੍ਹੀ ਔਰਤ ਮਿਲਦੀ ਹੈ। ਨੌਜਵਾਨ ਉਸ ਕੋਲੋਂ ਸਾਮਾਨ ਦੀ ਮੰਗ ਕਰਦਾ ਹੈ ਤਾਂ ਔਰਤ ਝੱਟ ਆਪਣੇ ਕੱਪੜਿਆਂ ‘ਚ ਲੁਕਾ ਕੇ ਰੱਖੀ ਡਿਜੀਟਲ ਤੱਕੜੀ ਕੱਢ ਕੇ ਕੰਧ ‘ਤੇ ਰੱਖਦੀ ਹੈ ਤੇ ਦੂਸਰੇ ਹੱਥ ਨਾਲ ਲਿਫਾਫੇ ‘ਚੋਂ ਚਿੱਟਾ ਕੱਢ ਕੇ ਤੋਲਦੀ ਨਜ਼ਰ ਆ ਰਹੀ ਹੈ।
ਹੁਣ ਇਸ ਗੱਲ ਤੋਂ ਤਾਂ ਤੁਸੀਂ ਅੰਦਾਜ਼ਾ ਲੱਗਾ ਹੀ ਸਕਦੇ ਹੋ ਕਿ ਕਿਵੇ ਨਸ਼ਾ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਹੈ, ਲੋਕਾਂ ਦੇ ਵਿੱਚ ਨਸ਼ੇ ਨੂੰ ਲੈ ਕੇ ਕੋਈ ਖੋਫ਼ ਨਜ਼ਰ ਨਹੀਂ ਆ ਰਿਹਾ ਹੈ। ਅਕਸਰ ਹੀ ਅਜਿਹੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਈਰਲ ਹੁੰਦੀਆਂ ਹਨ, ਪ੍ਰਸ਼ਾਸ਼ਨ ਨੂੰ ਇਸ ਮਸਲੇ ਨੂੰ ਲੈ ਕੇ ਸਖਤ ਹੋਣ ਦੀ ਲੋੜ ਹੈ।