ਕਾਂਗਰਸ ਦੇ ਵਿੱਚ ਕੁਰਸੀਆਂ ਅਤੇ ਅਹੁਦਿਆਂ ਨੂੰ ਲੈਕੇ ਇੱਕ ਅੰਦਰੂਨੀ ਜੰਗ ਛਿੜੀ ਹੋਈ ਹੈ ਜਿਸ ਬਾਬਤ ਹਾਈ ਕਮਾਨ ਨੂੰ ਜਾਣਕਾਰੀ ਹੈ ਜਾਂ ਨਹੀਂ ਇਹ ਵੀ ਅਜੇ ਤੱਕ ਗੁੱਝਾ ਭੇਦ ਬਣਿਆ ਹੋਇਆ ਹੈ। ਸੂਬੇ ਦੇ ਅੰਦਰ ਕਾਂਗਰਸ ਕਿਸ ਤਰਾਂ ਚਲਾਈ ਜਾਵੇ ਇਸਦੇ ਬਾਰੇ ਜਾਂ ਤਾਂ ਕਾਂਗਰਸ ਹਾਈਕਮਾਨ ਕੋਈ ਰਣਨੀਤੀ ਬਣਾਉਣਾ ਨਹੀਂ ਚਾਹੁੰਦੀ ਤੇ ਜਾਂ ਫਿਰ ਕਾਂਗਰਸ ਦੀ ਪੰਜਾਬ ਇਕਾਈ ਉਸ ਰਣਨੀਤੀ ‘ਤੇ ਚੱਲਣ ਯੋਗ ਰਹੀ ਨਹੀਂ ਰਹੀ ਹੈ।
ਪਹਿਲਾਂ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਸੁਨੀਲ ਜਾਖੜ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ ਤੇ ਹੁਣ ਉਹਨਾਂ ਦੇ ਭਤੀਜੇ ਸੰਦੀਪ ਜਾਖੜ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਹਵਾਲਾ ਦਿੰਦਿਆਂ ਹੋਇਆਂ ਰਾਜਾ ਵੜਿੰਗ ਨੇ ਪਾਰਟੀ ‘ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਸ ਨੂੰ ਲੈਕੇ ਹੁਣ ਸੁਨੀਲ ਜਾਖੜ ਕਾਂਗਰਸ ਦੀਆਂ ਨੀਤੀਆਂ ਨੂੰ ਲੈਕੇ ਸਵਾਲ ਚੁੱਕ ਰਹੇ ਹਨ। ਇਹ ਮਾਮਲਾ ਹਲੇ ਠੰਢਾ ਨਹੀਂ ਹੋਇਆ ਸੀ ਕੇ ਇਸੇ ਦਰਮਿਆਨ ਕਾਂਗਰਸ ਹਾਈ ਕਮਾਨ ਨੇ ਵਰਕਿੰਗ ਕਮੇਟੀ ਦਾ ਐਲਾਨ ਕਰ ਦਿੱਤਾ ਹੈ ਜੋ ਸਵਾਲਾਂ ਦੇ ਘੇਰੇ ‘ਚ ਆ ਗਈ ਹੈ। ਬੀਤੇ ਦਿਨ ਕਾਂਗਰਸ ਵਲੋਂ ਜੋ ਵਰਕਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ, ਉਸ ਵਿੱਚ ਵੱਡਾ ਰਸੂਖ ਰੱਖਣ ਵਾਲੇ ਨੇਤਾ ਨਵਜੋਤ ਸਿੱਧੂ ਨੂੰ ਜਗ੍ਹਾ ਨਹੀਂ ਦਿੱਤੀ ਗਈ ਹੈ। ਹੁਣ ਸਿੱਧੂ ਨੂੰ ਜਗਾ ਨਾ ਮਿਲਣ ਨਾਲ ਚਰਚਾ ਛਿੜ ਗਈ ਹੈ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਜੇਲ੍ਹ ‘ਚੋਂ ਰਿਹਾਅ ਹੋਣ ਦੇ ਬਾਅਦ ਸਿੱਧੂ ਜਲੰਧਰ ਲੋਕ ਸਭਾ ਚੋਣ ਦੇ ਪ੍ਰਚਾਰ ਵਿਚ ਹਿੱਸਾ ਲੈਣ ਦੇ ਇਲਾਵਾ ਕਾਂਗਰਸ ਦੇ ਕੁਝ ਪ੍ਰੋਗਰਾਮਾਂ ਦੌਰਾਨ ਨਜ਼ਰ ਆਏ ਜਦਕਿ ਉਹ ਜ਼ਿਆਦਾ ਸਮਾਂ ਆਪਣੇ ਪਰਿਵਾਰ ਨੂੰ ਦੇ ਰਹੇ ਹਨ ਕਿਉਂਕਿ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਅੱਜ-ਕੱਲ੍ਹ ਕੈਂਸਰ ਦੇ ਇਲਾਜ ਦੀ ਪ੍ਰਕਿਰਿਆ ‘ਚੋਂ ਗੁਜ਼ਰ ਰਹੇ ਹਨ।
ਜਾਣਕਾਰੀ ਮੁਤਾਬਕ ਅੰਦਰਖਾਤੇ ਸਿੱਧੂ ਦੇ ਸਮਰਥਕਾਂ ਵੱਲੋਂ ਨਗਰ ਨਿਗਮ ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ਜਾਂ ਪਾਰਟੀ ਵਿਚ ਕੋਈ ਵੱਡੀ ਜ਼ਿੰਮੇਵਾਰੀ ਦੇਣ ਲਈ ਲਾਬਿੰਗ ਕੀਤੀ ਜਾ ਰਹੀ ਹੈ ਪਰ ਇਸ ਦੇ ਉਲਟ ਅਜੇ ਤੱਕ ਸਿੱਧੂ ਨੂੰ ਪਾਰਟੀ ਵਿਚ ਅਡਜਸਟ ਨਹੀਂ ਕੀਤਾ ਗਿਆ। ਇਸ ਦੌਰਾਨ ਕਾਂਗਰਸ ਵਰਕਿੰਗ ਕਮੇਟੀ ਵਿਚ ਸਿੱਧੂ ਨੂੰ ਜਗ੍ਹਾ ਨਾ ਮਿਲਣ ਨਾਲ ਉਨ੍ਹਾਂ ਦੇ ਸਮਰਥਕਾਂ ਵਲੋਂ ਵੱਡੀ ਬਗਾਵਤ ਕਰਨ ਦੀ ਚਰਚਾ ਇਕ ਵਾਰ ਫਿਰ ਤੇਜ਼ ਹੋ ਗਈ ਹੈ। ਪੰਜਾਬ ਵਿਚ ਇਸ ਸਮੇਂ ਕਾਂਗਰਸ ਦੇ ਦੋ ਸਾਬਕਾ ਮੁੱਖ ਮੰਤਰੀ ਮੌਜੂਦ ਹਨ ਪਰ ਉਨ੍ਹਾਂ ਵਿਚੋਂ ਸੀਨੀਅਰ ਰਾਜਿੰਦਰ ਕੌਰ ਭੱਠਲ ਦੀ ਜਗ੍ਹਾ ਚਰਨਜੀਤ ਚੰਨੀ ਨੂੰ ਕਾਂਗਰਸ ਵਰਕਿੰਗ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਫ਼ੈਸਲੇ ਨੂੰ ਨਗਰ ਨਿਗਮ ਅਤੇ ਲੋਕ ਸਭਾ ਚੋਣਾਂ ਦੌਰਾਨ ਦਲਿਤ ਭਾਈਚਾਰੇ ਦੇ ਵੋਟ-ਬੈਂਕ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਵਿਧਾਨ ਸਭਾ ਚੋਣਾਂ ਦੌਰਾਨ ਵੀ ਨਵਜੋਤ ਸਿੱਧੂ ਦੇ ਖੁੱਲ੍ਹੇਆਮ ਵਿਰੋਧ ਦੇ ਬਾਵਜੂਦ ਅਨੁਸੂਚਿਤ ਜਾਤੀ ਵੋਟ ਬੈਂਕ ਨੂੰ ਸਾਧਣ ਦੀ ਕਵਾਇਦ ਤਹਿਤ ਚੰਨੀ ਨੂੰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੇ ਬਾਅਦ ਮੁੱਖ ਮੰਤਰੀ ਅਤੇ ਫਿਰ ਪਾਰਟੀ ਦਾ ਚਿਹਰਾ ਬਣਾਇਆ ਗਿਆ ਸੀ, ਜਿਸ ਨਾਲ ਆਮ ਆਦਮੀ ਪਾਰਟੀ ਦੀ ਹਨੇਰੀ ਦੇ ਬਾਵਜੂਦ ਵੀ ਕਾਂਗਰਸ ਨੂੰ ਦੋਆਬਾ ਵਿਚ ਫ਼ਾਇਦਾ ਹੋਇਆ ਸੀ। ਸੋ ਹੁਣ ਸਿੱਧੂ ਨੂੰ ਕ੍ਯੂਂ ਨਜ਼ਰਅੰਦਾਜ਼ ਕੀਤਾ ਗਿਆ ਹੈ ਅਤੇ ਚੰਨੀ ਨੂੰ ਜਗਾਹ ਦੇਣ ਦੇ ਪਿੱਛੇ ਕਾਂਗਰਸ ਦੀ ਕੀ ਮੰਸ਼ਾ ਹੈ ਇਹ ਤਾਂ ਹੌਲੀ ਹੌਲੀ ਸਮੇਂ ਦੇ ਨਾਲ ਹੀ ਸਾਫ ਹੋ ਪਵੇਗਾ.