ਚੰਡੀਗੜ੍ਹ ਪੁਲਿਸ ਵਿਭਾਗ ’ਚ 700 ਕਾਂਸਟੇਬਲ ਅਹੁਦਿਆਂ ’ਤੇ ਭਰਤੀ ਲਈ ਕਰਵਾਈ ਲਿਖਤੀ ਪ੍ਰੀਖਿਆ ਦਾ ਨਤੀਜਾ ਬੀਤੇ ਦਿਨ ਯਾਨੀ ਕਿ ਸ਼ੁੱਕਰਵਾਰ ਸ਼ਾਮ ਨੂੰ ਐਲਾਨ ਕਰ ਦਿੱਤਾ ਗਿਆ ਹੈ। 700 ਕਾਂਸਟੇਬਲਾਂ ਦੇ ਅਹੁਦੇ ਲਈ ਚੰਡੀਗੜ੍ਹ ਪੁਲਿਸ ’ਚ ਇਕ ਲੱਖ 29 ਹਜ਼ਾਰ 399 ਅਰਜ਼ੀਆਂ ਆਈਆਂ ਸਨ। 23 ਜੁਲਾਈ ਨੂੰ 109 ਕੇਂਦਰਾਂ ’ਤੇ ਲਿਖਤੀ ਪ੍ਰੀਖਿਆ ਕਰਵਾਈ ਗਈ ਸੀ। ਇਸ ’ਚ 99 ਹਜ਼ਾਰ 940 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ। ਇਸ ਤਹਿਤ ਜਨਰਲ ਵਰਗ ’ਚ 324, ਓਬੀਸੀ ’ਚ 185, ਐੱਸਸੀ ’ਚ 130 ਤੇ ਆਰਥਿਕ ਕਮਜ਼ੋਰ ਸੈਕਸ਼ਨ ’ਚ 61 ਅਹੁਦਿਆਂ ’ਤੇ ਭਰਤੀ ਕੀਤੀ ਜਾਵੇਗੀ। ਕੁਲ 7 ਹਜ਼ਾਰ 70 ਬਿਨੈਕਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਹੁਣ ਸੈਕਟਰ 26 ਦੇ ਪੁਲਿਸ ਲਾਈਨ ’ਚ ਸਤੰਬਰ ਦੇ ਦੂਜੇ ਹਫ਼ਤੇ ਤੋਂ ਸਰੀਰਕ ਪ੍ਰੀਖਿਆ ਹੋਣੀ ਹੈ। ਇਸ ਸਰੀਰਕ ਪ੍ਰੀਖਿਆ ਦੀ ਪ੍ਰਕਿਰਿਆ ਨੂੰ ਅਗਸਤ ਮਹੀਨੇ ’ਚ ਪੂਰੀ ਕਰ ਕੇ ਅਕਤੂਬਰ ਦੇ ਪਹਿਲੇ ਹਫ਼ਤੇ ਤਕ ਮੈਰਿਟ ਲਿਸਟ ਜਾਰੀ ਹੋ ਸਕਦੀ ਹੈ। ਸਾਰੇ ਚੁਣੇ ਗਏ ਉਮੀਦਵਾਰਾਂ ਨੂੰ ਕਾਂਸਟੇਬਲ ਅਹੁਦੇ ’ਤੇ ਜੁਆਇਨ ਕਰਵਾਇਆ ਜਾਵੇਗਾ। ਇਸ ਭਰਤੀ ਪ੍ਰਕਿਰਿਆ ’ਚ ਦੇਸ਼ ਭਰ ਦੇ ਕਿਸੇ ਵੀ ਸੂਬੇ/ਯੂਟੀ ਤੋਂ ਬਿਨੈ ਕਰਨ ਦੀ ਛੋਟ ਸੀ।