ਪੰਜਾਬ ਦੇ ਵਿੱਚ ਵਾਰਦਾਤਾਂ ਦੇ ਨਾਲ-ਨਾਲ ਨਸ਼ਿਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ। ਹਰ ਰੋਜ਼ ਨਸ਼ੇ ਕਾਰਣ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਦੀ ਖਬਰ ਸੁਣਨ ਨੂੰ ਮਿਲਦੀ ਹੈ। ਪੰਜਾਬ ਦੀ ਜਵਾਨੀ ਤਾਂ ਨਸ਼ਿਆਂ ਦੇ ਹੱਥ ਚੜ੍ਹ ਗਈ ਹੈ। ਜਿੱਥੇ ਸੂਬਾ ਸਰਕਾਰ ਲਗਾਤਾਰ ਇਹ ਦਾਅਵੇ ਕਰ ਰਹੀ ਹੈ ਕਿ ਪੰਜਾਬ ਵਿੱਚ ਵਾਰਦਾਤਾਂ ਦੇ ਨਾਲ-ਨਾਲ ਨਸ਼ਿਆਂ ਨੂੰ ਵੀ ਠੱਲ ਪਾਈ ਜਾ ਰਹੀ ਹੈ। ਪਰ ਹਕੀਕਤ ਤਾਂ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਕਿ ਕਿਵੇ ਸੂਬੇ ਦੇ ਨੌਜਵਾਨ ਨਸ਼ਿਆਂ ਕਾਰਣ ਆਪਣੀ ਜਾਨਾਂ ਗੁਆ ਰਹੇ ਹਨ, ਕਿਵੇ ਲੋਕਾਂ ਦੇ ਘਰ ਉਜੜ ਰਹੇ ਹਨ।
ਪੰਜਾਬ ਦੇ ਵਿੱਚ ਵੱਧਦੇ ਨਸ਼ੇ ਨੂੰ ਸਾਬਿਤ ਕਰਨ ਅਤੇ ਸੂਬਾ ਸਰਕਾਰ ਦੇ ਦਾਅਵਿਆਂ ਨੂੰ ਝੂਠਾ ਸਾਬਿਤ ਕਰਦਿਆਂ ਇੱਕ ਮਾਮਲਾ ਸਾਹਮਣੇ ਆਇਆ ਹੈ। ਤਰਨਤਾਰਨ ਦੇ ਪਿੰਡ ਬੁਰਜ ਨੱਥੋਕੇ ਦਾ ਜਿੱਥੇ ਇਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ’ਚ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਮੁਤਾਬਿਕ ਪਿੰਡ ਬੁਰਜ ਨੱਥੋਕੇ ਨਿਵਾਸੀ ਹਰਮਨਬੀਰ ਸਿੰਘ (30) ਪੁੱਤਰ ਰਣਜੀਤ ਸਿੰਘ ਪਰਿਵਾਰ ਦੇ ਹਾਲਾਤਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਵਿਦੇਸ਼ ਚਲਾ ਗਿਆ ਸੀ ਜੋ ਬਾਅਦ ’ਚ ਵਾਪਸ ਪਰਤ ਆਇਆ।
ਇਸ ਦੌਰਾਨ ਹਰਮਨਬੀਰ ਸਿੰਘ ਮਾੜੀ ਸੰਗਤ ਦਾ ਸ਼ਿਕਾਰ ਹੋਣ ਕਰਕੇ ਨਸ਼ੇ ਦਾ ਆਦੀ ਹੋ ਗਿਆ। ਕਰੀਬ 2 ਮਹੀਨੇ ਨਸ਼ਾ ਛੁਡਾਓ ਸੈਂਟਰ ’ਚ ਦਾਖਲ ਹੋਣ ਤੋਂ ਬਾਅਦ ਜਦੋਂ ਹਰਮਨਬੀਰ ਸਿੰਘ ਪੂਰੀ ਤਰ੍ਹਾਂ ਠੀਕ ਹੋ ਗਿਆ ਤਾਂ ਬੀਤੇ ਕੁਝ ਦਿਨ ਪਹਿਲਾਂ ਉਸ ਵਲੋਂ ਫਿਰ ਤੋਂ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਗਿਆ। ਬੀਤੀ ਰਾਤ ਕਰੀਬ 10 ਵਜੇ ਹਰਮਨਬੀਰ ਸਿੰਘ ਵਲੋਂ ਆਪਣੇ ਘਰ ਦੇ ਬਾਥਰੂਮ ਅੰਦਰ ਨਸ਼ੇ ਦਾ ਟੀਕਾ ਲਗਾਇਆ ਗਿਆ, ਜਿਸ ਦੀ ਡੋਜ਼ ਜ਼ਿਆਦਾ ਹੋਣ ਕਰਕੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਹਰਮਨਬੀਰ ਸਿੰਘ ਨੂੰ ਘਰ ਦੇ ਪਰਿਵਾਰਕ ਮੈਂਬਰਾਂ ਵਲੋਂ ਦਰਵਾਜ਼ਾ ਤੋੜ ਕੇ ਬਾਹਰ ਕੱਢਿਆ ਗਿਆ। ਮ੍ਰਿਤਕ ਆਪਣੇ 4 ਚਾਰ ਸਾਲਾ ਬੇਟਾ, ਪਤਨੀ, ਭੈਣ ਅਤੇ ਮਾਂ-ਬਾਪ ਛੱਡ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਇਹ ਕੋਈ ਪਹਿਲਾਂ ਜਾ ਦੂਜਾ ਮਾਮਲਾ ਨਹੀਂ ਹੈ। ਇਸ ਤਰਾਂ ਦੇ ਮਾਮਲੇ ਰੋਜ਼ਾਨਾ ਪੰਜਾਬ ਵਿੱਚ ਦੇਖਣ ਨੂੰ ਮਿਲਦੇ ਹਨ। ਕਈ ਮਾਮਲੇ ਅਖਬਾਰਾਂ ਦੀ ਸੁਰਖੀਆਂ ਬਣ ਜਾਂਦੇ ਹਨ ਅਤੇ ਕੁਝ ਨਸ਼ੇ ਦੀ ਦੁਨੀਆਂ ਵਿੱਚ ਹੀ ਮਿੱਟੀ ਹੋ ਜਾਂਦੇ ਹਨ। ਜੇਕਰ ਸਰਕਾਰ ਨੇ ਸਮਾਂ ਰਹਿੰਦੀਆਂ ਇਸ ਗੰਭੀਰ ਵਿਸ਼ੇ ਬਾਰੇ ਕੋਈ ਸ਼ਖਤ ਕਦਮ ਨਾ ਚੁੱਕੀਆਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਜਵਾਨੀ ਇਹ ਨਸ਼ਾ ਨਾਮਕ ਦੈਤ ਖਾ ਜਾਵੇਗਾ।