ਹਾਲ ਹੀ ‘ਚ ਮਹਾਰਾਸ਼ਟਰ ਦੇ ਪੁਣੇ ‘ਚ ਹੋਏ ਸਮਾਗਮ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕਮਾਨਿਆ ਤਿਲਕ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਮੇਰੇ ਲਈ ਯਾਦਗਾਰ ਪਲ ਹੈ। ਮੈਂ ਇਹ ਸਨਮਾਨ ਦੇਸ਼ ਦੇ ਕਰੋੜਾਂ ਲੋਕਾਂ ਨੂੰ ਸਮਰਪਿਤ ਕਰਦਾ ਹਾਂ। ਤੁਹਾਨੂੰ ਦੱਸ ਦਈਏ ਕਿ ਲੋਕਮਾਨਿਆ ਤਿਲਕ ਬਾਰੇ ਬੋਲਦਿਆਂ PM ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਦੂਰਅੰਦੇਸ਼ੀ ਦੂਰਦਰਸ਼ੀ ਰਹੀ ਹੈ, ਮਹਾਤਮਾ ਗਾਂਧੀ ਨੇ ਉਨ੍ਹਾਂ ਨੂੰ ਆਧੁਨਿਕ ਭਾਰਤ ਦਾ ਨਿਰਮਾਤਾ ਕਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਮਹਾਨ ਨੇਤਾ ਉਹ ਹੁੰਦਾ ਹੈ ਜੋ ਨਾ ਸਿਰਫ ਆਪਣੇ ਆਪ ਨੂੰ ਇੱਕ ਵੱਡੇ ਟੀਚੇ ਲਈ ਸਮਰਪਿਤ ਕਰਦਾ ਹੈ, ਬਲਕਿ ਇਸਦੇ ਲਈ ਸੰਸਥਾਵਾਂ ਅਤੇ ਪ੍ਰਣਾਲੀਆਂ ਨੂੰ ਵੀ ਤਿਆਰ ਕਰਦਾ ਹੈ।
ਇਸ ਤੋਂ ਪਹਿਲਾਂ ਪੁਣੇ ਪਹੁੰਚਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਨੇ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਸ਼੍ਰੀਮੰਤ ਦਗਦੂਸ਼ੇਠ ਹਲਵਾਈ ਮੰਦਰ ਦਾ ਦੌਰਾ ਕੀਤਾ ਅਤੇ ਪੂਜਾ ਕੀਤੀ। ਦੱਸ ਦੇਈਏ ਕਿ ਲੋਕਮਾਨਿਆ ਤਿਲਕ ਰਾਸ਼ਟਰੀ ਪੁਰਸਕਾਰ ਹਰ ਸਾਲ ਲੋਕਮਾਨਿਆ ਤਿਲਕ ਦੀ ਬਰਸੀ ਦੇ ਮੌਕੇ ‘ਤੇ ਦਿੱਤਾ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 41ਵਾਂ ਲੋਕਮਾਨਿਆ ਤਿਲਕ ਪੁਰਸਕਾਰ ਦਿੱਤਾ ਗਿਆ ਹੈ। ਤਿਲਕ ਮੈਮੋਰੀਅਲ ਟੈਂਪਲ ਟਰੱਸਟ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਪੁਰਸਕਾਰ ਨਾਗਰਿਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਵਧਾਉਣ ਅਤੇ ਬੇਮਿਸਾਲ ਅਗਵਾਈ ਪ੍ਰਦਾਨ ਕਰਨ ਲਈ ਦਿੱਤਾ ਗਿਆ ਹੈ। ਪੁਰਸਕਾਰ ਵਿੱਚ ਸਨਮਾਨ ਚਿੰਨ੍ਹ ਵਜੋਂ ਇੱਕ ਯਾਦਗਾਰੀ ਚਿੰਨ੍ਹ ਅਤੇ ਇੱਕ ਪ੍ਰਸ਼ੰਸਾ ਪੱਤਰ ਦਿੱਤਾ ਜਾਂਦਾ ਹੈ। ਪੀਐਮ ਮੋਦੀ ਤੋਂ ਪਹਿਲਾਂ ਇੰਦਰਾ ਗਾਂਧੀ, ਮਨਮੋਹਨ ਸਿੰਘ, ਅਟਲ ਬਿਹਾਰੀ ਵਾਜਪਾਈ, ਸ਼ਰਦ ਪਵਾਰ, ਰਾਹੁਲ ਬਜਾਜ, ਸਾਇਰਸ ਪੂਨਾਵਾਲਾ ਵੀ ਇਸ ਪੁਰਸਕਾਰ ਨਾਲ ਸਨਮਾਨਿਤ ਹੋ ਚੁੱਕੇ ਹਨ।