ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਜੀ ਦੀ ਅਗਵਾਈ ਹੇਠ ਪੰਜ ਮੈਂਬਰੀ ਵਫਦ ਜਿਸ ਵਿੱਚ ਡਾ. ਨਛੱਤਰ ਪਾਲ ਐਮ.ਐਲ.ਏ ਨਵਾਂਸ਼ਹਿਰ ਸੂਬਾ ਇੰਚਾਰਜ, ਅਜੀਤ ਸਿੰਘ ਭੈਣੀ ਸੂਬਾ ਇੰਚਾਰਜ, ਗੁਰਲਾਲ ਸੈਲਾ ਸੂਬਾ ਜਨਰਲ ਸਕੱਤਰ, ਡਾ. ਜਸਪ੍ਰੀਤ ਸਿੰਘ ਬੀਜਾ ਸੂਬਾ ਜਨਰਲ ਸਕੱਤਰ ਪੰਜਾਬ ਰਾਜ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਿਆ ਅਤੇ ਵਿਸਥਾਰ ਸਾਹਿਤ ਮਣੀਪੁਰ ਕਾਂਡ ਦੇ ਪੀੜਿਤਾਂ ਹਿਤ ਅਤੇ ਪੰਜਾਬ ਸਰਕਾਰ ਦੀ ਦਲਿਤਾਂ ਨਾਲ ਕੀਤੀ ਜਾ ਰਹੀ ਗੁੰਡਾਗਰਦੀ ਸਬੰਧੀ ਗੱਲਬਾਤ ਕੀਤੀ ਅਤੇ ਮੈਮੋਰੰਡਮ ਦਿੱਤਾ।
ਗੜੀ ਨੇ ਕਿਹਾ ਕਿ ਬਸਪਾ ਵਫ਼ਦ ਵਲੋਂ ਮਣੀਪੁਰ ਕਾਂਡ ਦੇ ਪੀੜਿਤ ਲੋਕਾਂ ਲਈ ਇਨਸਾਫ਼, ਜਲੰਧਰ ਜ਼ਿਲ੍ਹੇ ਦੇ ਪੁਲਿਸ ਪ੍ਰਸ਼ਾਸ਼ਨ ਵਲੋਂ ਅਨੁਸੂਚਿਤ ਜਾਤੀਆਂ ਨਾਲ ਕੀਤੀ ਜਾ ਰਹੀ ਗੁੰਡਾਗਰਦੀ, ਅਨੂਸੂਚਿਤ ਜਾਤੀਆਂ ਕਮਿਸ਼ਨ ਦੇ ਢਾਂਚੇ ਨੂੰ ਖੋਖਲਾ ਕਰਨ ਖ਼ਿਲਾਫ਼, ਜਾਅਲੀ ਐਸ ਸੀ ਸਰਟੀਫਿਕੇਟਾਂ ਦਾ ਮੁੱਦਾ, ਲਾਅ ਅਫਸਰਾਂ ਦੀ ਭਰਤੀ ਵਿੱਚ ਅਨੁਸੂਚਿਤ ਜਾਤੀਆਂ ਨੂੰ ਅਣਗੌਲੇ ਕਰਨਾ, ਹੜ੍ਹ ਪੀੜਿਤ ਗਰੀਬਾਂ ਨੂੰ ਮੁਆਵਜ਼ੇ ਲਈ ਸਰਵੇ ਵਿਚ ਸ਼ਾਮਿਲ ਕਰਨਾ, ਰਾਸ਼ਟਰੀ ਪਾਰਟੀ ਹੋਣ ਕਰਕੇ ਚੰਡੀਗੜ੍ਹ ਵਿੱਚ ਬਸਪਾ ਪਾਰਟੀ ਦੇ ਦਫਤਰ ਹਿਤ ਸਰਕਾਰੀ ਜ਼ਮੀਨ ਅਲਾਟ ਕਰਨੀ ਆਦਿ ਸ਼ਾਮਿਲ ਰਹੇ।
ਗੜ੍ਹੀ ਨੇ ਕਿਹਾ ਕਿ ਦਲਿਤ ਆਦਿਵਾਸੀ ਔਰਤਾਂ ਦੀ ਬੇਪਤੀ ਨਾ ਸਹਾਰਨਯੋਗ ਹੈ ਅਤੇ ਇਸਤੋਂ ਵੀ ਬੁਰਾ ਹੈ ਕਿ ਭਾਜਪਾ ਦੀ ਕੇਂਦਰ ਸਰਕਾਰ ਇਸ ਮੁੱਦੇ ਤੇ ਬਿਲਕੁਲ ਚੁੱਪ ਹੈ। ਜਦਕਿ ਜ਼ੁਲਮ ਖ਼ਿਲਾਫ਼ ਜਦੋਂ ਪੰਜਾਬ ਵਿੱਚ ਬਸਪਾ ਵਰਕਰ ਆਵਾਜ਼ ਉਠਾਉਂਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਪੁਲਿਸ ਦੀ ਸ਼ਹਿ ਤੇ ਝੂਠੇ ਕੇਸ ਦਰਜ ਕਰਦੀ ਹੈ। ਜਿਸਦੀਆਂ ਪ੍ਰਮੁੱਖ ਉਦਾਹਰਨ ਵਜੋਂ 23 ਜੁਲਾਈ ਨੂੰ ਜਲੰਧਰ ਵਿੱਚ ਹੱਕਾਂ ਦੀ ਆਵਾਜ਼ ਬੁਲੰਦ ਕਰ ਰਹੇ 163ਦਲਿਤਾਂ ਤੇ ਪੰਜਾਬ ਪੁਲਿਸ ਨੇ ਝੂਠਾ ਪਰਚਾ ਦਰਜ ਕੀਤਾ। ਜਲੰਧਰ ਦੀ ਪੁਲਿਸ ਨੇ ਇਸਤੋਂ ਪਹਿਲਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਲਾਗੂ ਕਰਵਾਉਣ ਹਿੱਤ ਮੰਗ ਕਰ ਰਹੇ ਦਲਿਤ ਵਿਦਿਆਰਥੀ ਨੂੰ ਲਾਠੀਚਾਰਜ ਕਰਕੇ ਛੱਲੀਆਂ ਵਾਂਗ ਕੁੱਟਿਆ ਅਤੇ ਨਜਾਇਜ ਹਵਾਲਾਤ ਵਿੱਚ ਬੰਦ ਰੱਖੇ, ਜਿਸ ਤਹਿਤ 23 ਵਿਦਿਆਰਥੀਆ ਨੂੰ ਪੇਪਰ ਨਾ ਦੇਣ ਕਰਕੇ ਇਕ ਇਕ ਸਾਲ ਖਰਾਬ ਹੋ ਗਿਆ। ਜਦੋਂਕਿ ਇਸ ਲੜੀ ਵਿਚ ਹੀ ਜਲੰਧਰ ਜਿਲ੍ਹੇ ਦਾ ਬਸਪਾ ਆਗੂ ਨੇ ਪੰਜਾਬ ਸਰਕਾਰ ਦੀ ਸ਼ਹਿ ਤੇ ਪੁਲਿਸ ਨੇ ਗੁੰਡਾਗਰਦੀ ਕੀਤੀ। ਬਸਪਾ ਵਲੋਂ ਅਜਿਹੇ ਜ਼ੁਲਮ ਬੇਇਨਸਾਫ਼ੀ ਖ਼ਿਲਾਫ਼ 13ਅਗਸਤ ਨੂੰ ਜਲੰਧਰ ਵਿਖੇ ਦਲਿਤ ਮਹਾਂਪੰਚਾਇਤ ਬਸਪਾ ਦੇ ਨੀਲੇ ਝੰਡੇ ਹੇਠ ਕੀਤੀ ਜਾਵੇਗੀ ਅਤੇ ਪੰਜਾਬ ਵਿੱਚ ਦਲਿਤ ਸਮਾਜ ਦੀ ਸ਼ਕਤੀ ਨੂੰ ਲਾਮਬੰਦ ਕੀਤਾ ਜਾਵੇਗਾ।
ਬਸਪਾ ਸੂਬਾ ਇੰਚਾਰਜ ਤੇ ਵਿਧਾਇਕ ਡਾ ਨਛੱਤਰ ਪਾਲ ਨੇ ਕਿਹਾ ਕਿ ਪੰਜਾਬ ਰਾਜ ਦਾ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਬਰਾਂ ਦੀ ਗਿਣਤੀ 10 ਤੋਂ ਘਟਾਕੇ 5 ਕਰਨਾ ਤੇ ਅੱਜ 17ਮਹੀਨੇ ਆਪ ਸਰਕਾਰ ਦੇ ਬੀਤਣ ਤੋਂ ਬਾਅਦ ਵੀ ਚੇਅਰਮੈਨ ਦੀ ਨਿਯੁਕਤੀ ਨਾ ਕਰਨਾ ਪੰਜਾਬ ਦੇ ਦਲਿਤਾਂ ਦੀ ਆਵਾਜ਼ ਬੰਦ ਕਰ ਵਾਂਗ ਹੈ। ਜਦੋਂਕਿ ਆਪ ਸਰਕਾਰ ਦਾ ਦਲਿਤ ਵਿਰੋਧੀ ਰਵਈਆ ਅੱਜ ਤੱਕ ਇਕ ਵੀ ਅਨੁਸੂਚਿਤ ਜਾਤੀ ਦੇ ਲਾਅ ਅਫਸਰ ਦੀ ਨਿਯੁਕਤੀ ਨਾ ਕਰਕੇ ਸਾਹਮਣੇ ਆ ਚੁੱਕਾ ਹੈ। ਅਨੁਸੂਚਿਤ ਜਾਤੀਆਂ ਦੇ ਨਾਮ ਤੇ ਬਣੇ ਜਾਅਲ਼ੀ ਸਰਟੀਫਿਕੇਟ ਦੇ ਮੁੱਦੇ ਤੇ ਪਿਛਲੇ 100 ਦਿਨਾਂ ਤੋਂ ਇਸ ਮੁੱਦੇ ਨੂੰ ਲੈ ਕੇ ਸਮਾਜ ਦੇ ਲੋਕ ਪੰਜਾਬ ਦੇ ਵੱਖ ਵੱਖ ਸਥਾਨਾਂ ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਜਾਤੀਵਾਦੀ ਮਾਨਸਿਕਤਾ ਤਹਿਤ ਪੰਜਾਬ ਸਰਕਾਰ ਇਸ ਮੁੱਦੇ ਤੇ ਚੁੱਪ ਹੈ ਤੇ ਜੰਗੀ ਪੱਧਰ ਉਪਰ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਤੋਂ ਆਨਾਕਾਨੀ ਕਰ ਰਹੀ ਹੈ। ਬਸਪਾ ਸੂਬਾ ਇੰਚਾਰਜ ਸ਼੍ਰੀ ਅਜੀਤ ਸਿੰਘ ਭੈਣੀ ਨੇ ਕਿਹਾ ਕਿ ਪੰਜਾਬ ਅੱਜ ਹੜ੍ਹਾਂ ਦੀ ਮਾਰ ਹੇਠ ਹੈ। ਪੰਜਾਬ ਸਰਕਾਰ ਦਾ ਢਿੱਲਮੁੱਲ ਰਵੱਈਆ ਗਰੀਬਾਂ, ਮਜ਼ਦੂਰਾਂ ਤੇ ਕਿਸਾਨਾਂ ਦੇ ਦੁੱਖ ਵਧਾਉਣ ਵਾਲਾ ਹੈ।
ਉਨ੍ਹਾਂ ਕਿਹਾ ਕਿ ਸਾਡੀ ਅਪੀਲ ਹੈ ਕਿ ਕਿਸਾਨਾਂ ਅਤੇ ਖੇਤੀ ਦੀ ਗਿਰਦਾਵਰੀ ਦੇ ਨਾਲ ਨਾਲ ਜਾਤੀ ਧਰਮ ਦੇ ਵਿਤਕਰੇ ਤੋਂ ਉਪਰ ਉੱਠਕੇ ਗਰੀਬਾਂ ਅਤੇ ਮਜ਼ਦੂਰਾਂ ਦੇ ਕੱਚੇ ਮਕਾਨਾਂ, ਚੋਂਦੇ ਮਕਾਨਾਂ ਤੇ ਡਿੱਗੇ ਮਕਾਨਾਂ ਦਾ ਮੁਆਵਜਾ ਵੀ ਤੁਰੰਤ ਹੀ ਦਿੱਤਾ ਜਾਏ। ਇਸ ਦੇ ਨਾਲ ਨਾਲ ਗਰੀਬਾਂ ਮਜਦੂਰਾਂ ਨੂੰ ਵੀ ਰੈੱਡ ਕਰਾਸ ਫੰਡਾਂ ਤਹਿਤ ਇਕ ਇਕ ਮਹੀਨੇ ਦਾ ਖ਼ਰਚ ਪਾਣੀ ਭੱਤਾ ਦਿੱਤਾ ਜਾਵੇ, ਕਿਉਂਕਿ ਖਰਾਬ ਮੌਸਮ ਵਿਚ ਉਹ ਲੋਕ ਕੰਮ ਕਿੱਤੇ ਤੋਂ ਵਿਹਲੇ ਘਰਾਂ ਵਿੱਚ ਬੈਠੇ ਰਹੇ।