ਬੰਬੇ ਹਾਈਕੋਰਟ ਦੀ ਔਰੰਗਾਬਾਦ ਬੈਂਚ ਨੇ 24 ਹਫ਼ਤਿਆਂ ਦੀ ਗਰਭਵਤੀ 17 ਸਾਲਾ ਕੁੜੀ ਨੂੰ ਗਰਭਪਾਤ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਸ ਨੇ ਸਹਿਮਤੀ ਨਾਲ ਸੰਬੰਧ ਦੇ ਨਤੀਜੇ ਵਜੋਂ ਗਰਭਧਾਰਨ ਕੀਤਾ ਹੈ ਅਤੇ ਬੱਚੇ ਦੇ ਜਿਊਂਦੇ ਪੈਦਾ ਹੋਣ ਦੀ ਸੰਭਾਵਨਾ ਹੈ।
ਜੱਜ ਰਵਿੰਦਰ ਘੁਗੇ ਅਤੇ ਜੱਜ ਵਾਈ.ਜੀ. ਖੋਬਰਾਗੜੇ ਦੀ ਬੈਂਚ ਨੇ 26 ਜੁਲਾਈ ਦੇ ਆਪਣੇ ਆਦੇਸ਼ ‘ਚ ਕਿਹਾ ਕਿ ਕੁੜੀ ਇਸ ਮਹੀਨੇ 18 ਸਾਲ ਦੀ ਹੋ ਜਾਵੇਗੀ ਅਤੇ ਉਸ ਦੇ ਦਸੰਬਰ 2022 ਤੋਂ ਮੁੰਡੇ ਨਾਲ ਸਹਿਮਤੀ ਨਾਲ ਸੰਬੰਧ ਹਨ। ਬੈਂਚ ਨੇ ਆਪਣੇ ਆਦੇਸ਼ ‘ਚ ਕਿਹਾ ਕਿ ਪੀੜਤਾ ਅਤੇ ਦੋਸ਼ੀ ਮੁੰਡੇ ਦਰਮਿਆਨ ਕਈ ਵਾਰ ਸਰੀਰਕ ਸੰਬੰਧ ਬਣੇ। ਕੁੜੀ ਨੇ ਗਰਭਧਾਰਨ ਦਾ ਪਤਾ ਲਗਾਉਣ ਲਈ ਖ਼ੁਦ ਇਕ ਕਿੱਟ ਖਰੀਦੀ ਅਤੇ ਇਸ ਸਾਲ ਫਰਵਰੀ ‘ਚ ਉਸ ਦੇ ਗਰਭਵਤੀ ਹੋਣ ਦੀ ਪੁਸ਼ਟੀ ਹੋਈ।
ਅਦਾਲਤ ਨੇ ਕਿਹਾ,”ਇਸ ਲਈ, ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪਟੀਸ਼ਨਕਰਤਾ ਪੀੜਤਾ ਨਿਰਦੋਸ਼ ਨਹੀਂ ਹੈ ਅਤੇ ਉਸ ਨੂੰ ਸਥਿਤੀ ਦੀ ਪੂਰੀ ਸਮਝ ਸੀ। ਜੇਕਰ ਪਟੀਸ਼ਨਕਰਤਾ ਗਰਭ ਨੂੰ ਬਰਕਰਾਰ ਨਹੀਂ ਰੱਖਣਾ ਚਾਹੁੰਦੀ ਸੀ ਤਾਂ ਉਹ ਗਰਭਧਾਰਨ ਦੀ ਪੁਸ਼ਟੀ ਹੋਣ ਦੇ ਤੁਰੰਤ ਬਾਅਦ ਗਰਭਪਾਤ ਦੀ ਮਨਜ਼ੂਰੀ ਮੰਗ ਸਕਦੀ ਸੀ।” ਕੁੜੀ ਨੇ ਆਪਣੀ ਮਾਂ ਰਾਹੀਂ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਚ ਉਸ ਨੇ ਗਰਭਪਾਤ ਕਰਵਾਉਣ ਦੀ ਮਨਜ਼ੂਰੀ ਦਿੱਤੇ ਜਾਣ ਦੀ ਅਪੀਲ ਕਰਦੇ ਹੋਏ ਦਾਅਵਾ ਕੀਤਾ ਸੀ ਕਿ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਪ੍ਰਬੰਧਾਂ ਦੇ ਅਧੀਨ ਉਹ ਇਕ ‘ਬੱਚੀ’ ਹੈ।