ਪੰਜਾਬ ਭਾਜਪਾ ’ਚ ਮੰਗਲਵਾਰ ਦਾ ਦਿਨ ਬੇਹੱਦ ਖ਼ਾਸ ਰਿਹਾ ਕਿਉਂਕਿ ਪਾਰਟੀ ਵਿਚ ਪਹਿਲੀ ਵਾਰ ਕਿਸੇ ਅਜਿਹੇ ਨੇਤਾ ਨੂੰ ਪ੍ਰਧਾਨ ਬਣਾਇਆ ਗਿਆ ਹੈ, ਜੋ ਇਕ ਸਾਲ ਪਹਿਲਾਂ ਹੀ ਪਾਰਟੀ ਵਿਚ ਸ਼ਾਮਲ ਹੋਇਆ ਹੈ। ਸੁਨੀਲ ਜਾਖੜ ਨੂੰ ਭਾਜਪਾ ਦਾ ਸੂਬਾ ਪ੍ਰਧਾਨ ਬਣਾਇਆ ਜਾਣਾ ਉਂਝ ਤਾਂ ਕਾਫ਼ੀ ਹੈਰਾਨੀ ਭਰਿਆ ਰਿਹਾ ਕਿਉਂਕਿ ਜਾਖੜ ਤੋਂ ਇਲਾਵਾ ਭਾਜਪਾ ਵਿਚ ਕਈ ਹੋਰ ਸੀਨੀਅਰ ਨੇਤਾ ਵੀ ਸਨ ਜੋ ਇਸ ਅਹੁਦੇ ਲਈ ਪੂਰੀ ਤਰ੍ਹਾਂ ਲਾਇਕ ਸਨ ਪਰ ਇਨ੍ਹਾਂ ਸਾਰਿਆਂ ਨੂੰ ਦਰਕਿਨਾਰ ਕਰਕੇ ਪਾਰਟੀ ਨੇ ਜਾਖੜ ਨੂੰ ਜ਼ਿੰਮੇਵਾਰੀ ਸੌਂਪੀ। ਜਾਖੜ ਦੇ ਪ੍ਰਧਾਨ ਬਣਨ ਤੋਂ ਬਾਅਦ ਪੰਜਾਬ ਵਿਚ ਭਾਜਪਾ ਅਚਾਨਕ ਟਾਪ ’ਤੇ ਆ ਜਾਵੇਗੀ, ਜੇ ਕੋਈ ਅਜਿਹਾ ਸੋਚ ਰਿਹਾ ਹੈ ਤਾਂ ਸ਼ਾਇਦ ਇਹ ਇੰਨਾ ਆਸਾਨ ਨਹੀਂ ਹੈ। ਖ਼ੁਦ ਜਾਖੜ ਲਈ ਪੰਜਾਬ ਭਾਜਪਾ ਪ੍ਰਧਾਨ ਦਾ ਅਹੁਦਾ ਚੁਨੌਤੀ ਭਰਪੂਰ ਹੈ ਕਿਉਂਕਿ ਪੰਜਾਬ ਵਿਚ ਪੂਰੀ ਤਰ੍ਹਾਂ ਫਾਡੀ ਹੋ ਚੁੱਕੀ ਭਾਜਪਾ ਨੂੰ ਲੋਕ ਸਭਾ ਚੋਣਾਂ ਵਿਚ ਅੱਵਲ ਬਣਾਉਣਾ ਇੰਨਾ ਆਸਾਨ ਨਹੀਂ ਅਤੇ ਵੱਡੀ ਸਮੱਸਿਆ ਇਹ ਹੈ ਕਿ ਇਸ ਦੀ ਤਿਆਰੀ ਲਈ ਲਗਭਗ 7 ਮਹੀਨਿਆਂ ਦਾ ਸਮਾਂ ਹੀ ਰਹਿ ਗਿਆ ਹੈ।