ਭਾਰਤ ਪਾਕਿਸਤਾਨ ਤਣਾਅ ਦੌਰਾਨ ਪੰਜਾਬ ਹਰਿਆਣਾ, ਉੱਤਰ ਪ੍ਰਦੇਸ਼ ਤੋਂ ਲੈਕ ਕਈ ਹੋਰ ਸੂਬਿਆਂ ਚ ਜਿਸ ਤਰੀਕੇ ਸੋਸ਼ਲ ਮੀਡੀਆ ਪਾਕਿਸਤਾਨ ਲਈ ਜਾਸੂਸੀ ਕਰਨ ਦਾ ਹਥਿਆਰ ਬਣਿਆ। ਓਸਦਾ ਖੁਲਾਸਾ ਹੋ ਚੁੱਕਿਆ ਹੈ। ਅਤੇ ਹੁਣ ਖੁਫਿਆ ਤੰਤਰ ਵੀ ਅਲਰਟ ਮੋਡ ਤੇ ਹੈ। ਜਿਸ ਤੋਂ ਬਾਅਦ ਕਈ ਸੋਸ਼ਲ ਮੀਡੀਆ ਹੈਂਡਲਰਸ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਦਸ ਦਇਏ ਕੀ ਇਹ ਸੋਸ਼ਲ ਮੀਡੀਆ ਹੈਂਡਲਰਸ ਪਾਕਿਸਤਾਨ ਤਣਾਅ ਦੌਰਾਨ ਭਾਰਤ ਵਿੱਚ ਹੀ ਰਹਿ ਕੇ ਪਾਕਿਸਤਾਨ ਲਈ ਜਾਸੂਸੀ ਕਰ ਰਿਹੈ ਸਨ। ਜੋ ਕਿ ਭਾਰਤੀ ਖੁਫਿਆ ਤੰਤਰ ਲਈ ਵੱਡੀ ਚੁਣੋਤੀ ਬਣ ਰਹੇ ਹਨ। ਪੰਜਾਬ ਦੇ ਵੀ ਬਠਿੰਡਾ, ਮਲੇਰਕੋਟਲਾ ਅਤੇ ਜਲੰਧਰ ਤੋਂ ਕਈ ਅਜਿਹੇ ਮਾਮਲੇ ਪਹਿਲਾਂ ਹੀ ਸਾਹਮਣੇ ਆਏ ਚੁੱਕੇ ਹਨ। ਜਿਸ ਤੋਂ ਬਾਅਦ ਹੁਣ ਪੰਜਾਬ ਪੁਲਸ ਨੇ 823 ਯੂਟਿਊਬਰਾਂ ਅਤੇ ਟ੍ਰੈਵਲ ਬਲੌਗਰਾਂ ਤੇ ਸ਼ਿਕੰਜਾ ਕੱਸਿਆ ਹੈ। 823 ਯੂਟਿਊਬਰਾਂ ਅਤੇ ਟ੍ਰੈਵਲ ਬਲੌਗਰਾਂ ਦੀਆਂ ਕੁੰਡਲੀਆਂ ਦੀ ਜਾਂਚ ਕਰਨ ਤੋਂ ਬਾਅਦ ਹਰ ਤਰ੍ਹਾਂ ਦੀ ਸਮੱਗਰੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।ਇਨ੍ਹਾਂ ਦੇ ਸੋਸ਼ਲ ਮੀਡਿਆ ਵੀਡੀਓਜ਼ ਵਿੱਚ ਪਾਕਿਸਤਾਨ ਨਾਲ ਸਬੰਧਤ ਸਮੱਗਰੀ ਹੈ। ਇਹ ਵੀਡੀਓਜ਼ ਨੂੰ ਗੁਆਂਢੀ ਦੇਸ਼ਾਂ ਵਿੱਚ ਵਾਧੀ ਵੇਖਿਆ ਵੀ ਜਾ ਰਿਹਾ ਹੈ।
823 ਯੂਟਿਊਬਰਾਂ ਦੀ ਕੁੰਡਲੀ ਅਤੇ ਸਮੱਗਰੀ ‘ਤੇ ਚੌਕਸੀ, ਹਰ ਹਰਕਤ ‘ਤੇ ਪੁਲਸ ਦੀ ਪੜਤਾਲ ਜਾਰੀ
ਪੰਜਾਬ ਪੁਲਸ ਨੇ ਉਨ੍ਹਾਂ ਨੂੰ ਨਾ ਸਿਰਫ਼ ਇਸ ਆਧਾਰ ‘ਤੇ ਨਿਸ਼ਾਨਾ ਬਣਾਇਆ ਹੈ, ਸਗੋਂ ਇਸ ਆਧਾਰ ‘ਤੇ ਵੀ ਨਿਸ਼ਾਨਾ ਬਣਾਇਆ ਹੈ ਕਿ ਉਹ ਸੂਬੇ ਦੇ ਸਰਹੱਦੀ ਖੇਤਰਾਂ, ਧਾਰਮਿਕ ਸਥਾਨਾਂ, ਗਲਿਆਰਿਆਂ ਅਤੇ ਬਹੁਤ ਹੀ ਸੰਵੇਦਨਸ਼ੀਲ ਫੌਜੀ ਠਿਕਾਣੇ ਅਤੇ ਉਨ੍ਹਾਂ ਨਾਲ ਸਬੰਧਤ ਸਥਾਨਾਂ ਦੇ ਅੰਦਰ ਅਤੇ ਆਲੇ-ਦੁਆਲੇ ਦੇ ਵੀਡੀਓ ਸਮੱਗਰੀ ਸਾਂਝੀ ਕਰਦੇ ਹਨ। ਵੀਡੀਓ ਸਮੱਗਰੀ ਰਾਹੀਂ ਸਰਹੱਦੀ ਖੇਤਰਾਂ ਅਤੇ ਸੰਵੇਦਨਸ਼ੀਲ ਥਾਵਾਂ ਦੀ ਮੌਜੂਦਾ ਸਥਿਤੀ ਨੂੰ ਸਾਂਝਾ ਕਰਕੇ, ਉਹ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ, ਪੰਜਾਬ ਪੁਲਸ ਹੁਣ ਨਾ ਸਿਰਫ਼ ਇਨ੍ਹਾਂ 823 ਯੂਟਿਊਬਰਾਂ ਅਤੇ ਟ੍ਰੈਵਲ ਬਲੌਗਰਾਂ ਦੀ ਪੂਰੀ ਕੁੰਡਲੀ ਦਾ ਪਤਾ ਲਗਾਉਣ ਵਿੱਚ ਰੁੱਝੀ ਹੋਈ ਹੈ, ਸਗੋਂ ਉਨ੍ਹਾਂ ਦੀ ਹਰ ਸਮੱਗਰੀ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।
ਤਕਨੀਕੀ ਟੀਮ ਕਰ ਰਹੀ ਨਿਗਰਾਨੀ, ਸਰਹੱਦੀ ਖੇਤਰਾਂ ਦੀ ਰਾਖੀ ਹੋਈ ਤੀਬਰ-ਡੀਜੀਪੀ ਗੌਰਵ ਯਾਦਵ
ਜੇਕਰ ਗੱਲ ਕਰਿਏ ਪੰਜਾਬ ਪੁਲਸ ਦੇ ਵੱਡੇ ਪੁਲਸ ਅਧਿਕਾਰੀਆਂ ਦੀ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਵਿਸ਼ੇਸ਼ ਤਕਨੀਕੀ ਮਾਹਿਰਾਂ ਦੀ ਇੱਕ ਟੀਮ ਇਸਦੀ ਨਿਗਰਾਨੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ। ਪਾਕਿਸਤਾਨ ਨਾਲ ਲੱਗਦੇ ਪੰਜਾਬ ਦੇ 553 ਕਿਲੋਮੀਟਰ ਲੰਬੇ ਸਰਹੱਦੀ ਖੇਤਰ ਵਿੱਚ ਬਹੁਤ ਸਾਰੇ ਫੌਜੀ ਅੱਡੇ ਅਤੇ ਸੰਵੇਦਨਸ਼ੀਲ ਕੇਂਦਰ ਹਨ, ਜਿਨ੍ਹਾਂ ਨਾਲ ਸਬੰਧਤ ਜਾਣਕਾਰੀ ਜੇਕਰ ਸਾਹਮਣੇ ਆਉਂਦੀ ਹੈ ਤਾਂ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਹੁਣ ਪੁਲਸ ਆਪਣੇ ਪੱਧਰ ‘ਤੇ ਇਨ੍ਹਾਂ ਯੂਟਿਊਬਰਾਂ ਅਤੇ ਟ੍ਰੈਵਲ ਬਲੌਗਰਾਂ ਦੀ ਜਾਂਚ ਕਰ ਰਹੀ ਹੈ।
2019 ਤੋਂ ਕਰਤਾਰਪੁਰ ਰਾਹੀਂ ਜਾਸੂਸੀ ਇਨਪੁਟ,ਏਜੰਸੀਆਂ ਵੱਲੋਂ ਲਾੰਘੇ ਦੀ ਵਿਸ਼ੇਸ਼ ਨਿਗਰਾਨੀ
2019 ਵਿੱਚ ਕਰਤਾਰਪੁਰ ਲਾਂਘੇ ਦਾ ਵੀ ਸਰਵੇਖਣ ਕੀਤਾ ਗਿਆ ਸੀ। ਪੁਲਸ ਹਿਸਾਰ ਸਥਿਤ ਯੂਟਿਊਬਰ ਜੋਤੀ ਮਲਹੋਤਰਾ ਦੇ ਸੰਪਰਕਾਂ ਦੀ ਵੀ ਜਾਂਚ ਕਰ ਰਹੀ ਹੈ, ਜਿਸਨੂੰ ਜਾਸੂਸੀ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦੋਂ ਕਿ 2019 ਵਿੱਚ, ਪੰਜਾਬ ਅਤੇ ਦੇਸ਼ ਦੇ ਬਹੁਤ ਸਾਰੇ ਵੱਡੇ ਯੂਟਿਊਬਰ ਅਤੇ ਟ੍ਰੈਵਲ ਬਲੌਗਰ ਇੱਥੇ ਆਏ ਸਨ। ਜਾਂਚ ਏਜੰਸੀਆਂ ਦੀ ਰਿਪੋਰਟ ਵਿੱਚ ਕਈ ਸੰਵੇਦਨਸ਼ੀਲ ਨੁਕਤੇ ਸਾਹਮਣੇ ਆਏ ਹਨ, ਜਿਨ੍ਹਾਂ ‘ਤੇ ਏਜੰਸੀਆਂ ਕੰਮ ਕਰ ਰਹੀਆਂ ਹਨ। ਏਜੰਸੀਆਂ ਨਾਲ ਜੁੜੇ ਲੋਕਾਂ ਦੇ ਅਨੁਸਾਰ, ਕਰਤਾਰਪੁਰ ਲਾਂਘੇ ਨੂੰ ਕਈ ਸਾਲਾਂ ਤੋਂ ਵਿਸ਼ੇਸ਼ ਨਿਗਰਾਨੀ ਹੇਠ ਰੱਖਿਆ ਗਿਆ ਹੈ, ਇਸ ਲਾਂਘੇ ਰਾਹੀਂ ਕਈ ਵਾਰ ਜਾਸੂਸੀ ਦੇ ਇਨਪੁਟ ਪ੍ਰਾਪਤ ਹੋਏ ਹਨ।
121 ਸੋਸ਼ਲ ਮੀਡੀਆ ਖਾਤੇ ਬਲਾਕ, ਗੈਂਗਸਟਰਾਂ ਅਤੇ ISI ਨਾਲ ਜੁੜੀ ਸਰਗਰਮੀਆਂ ਦਾ ਖੁਲਾਸਾ
ਦਸ ਦਇਏ ਕਿ ਪੰਜਾਬ ਪੁਲਸ ਨੇ ਇਸ ਸਾਲ 10 ਅਪ੍ਰੈਲ ਤੱਕ 121 ਸੋਸ਼ਲ ਮੀਡੀਆ ਖਾਤਿਆਂ ਨੂੰ ਬਲਾਕ ਕਰ ਦਿੱਤਾ ਸੀ, ਜੋ ਵਿਦੇਸ਼ਾਂ ਵਿੱਚ ਸਥਿਤ ਗੈਂਗਸਟਰਾਂ ਅਤੇ ਉਨ੍ਹਾਂ ਦੇ ਨੈੱਟਵਰਕ ਨਾਲ ਸਬੰਧਤ ਪੋਸਟਾਂ ਵਿਚਕਾਰ ਡੇਟਾ ਸਾਂਝਾ ਕਰਨ ਅਤੇ ਸੰਚਾਰ ਲਈ ਇੱਕ ਮਾਧਿਅਮ ਵਜੋਂ ਕੰਮ ਕਰ ਰਹੇ ਸਨ। ਇਸ ਵਿੱਚ ਪਾਕਿਸਤਾਨ ਸਥਿਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਹਰਵਿੰਦਰ ਸਿੰਘ ਉਰਫ਼ ਰਿੰਦਾ, ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਅਨ, ਜੀਵਨ ਫੌਜੀ, ਅਨਮੋਲ ਬਿਸ਼ਨੋਈ, ਗੋਲਡੀ ਬਰਾੜ ਅਤੇ ਹੋਰ ਗੈਂਗਸਟਰਾਂ ਦੇ ਸੋਸ਼ਲ ਮੀਡੀਆ ਖਾਤੇ ਸ਼ਾਮਲ ਸਨ। ਜਦੋਂ ਪੰਜਾਬ ਪੁਲਸ ਨੇ ਇਨ੍ਹਾਂ ਖਾਤਿਆਂ ਨੂੰ ਬਲਾਕ ਕੀਤਾ, ਤਾਂ ਇਸਨੇ ਆਪਣੀ ਰਿਪੋਰਟ ਵਿੱਚ ਦਲੀਲ ਦਿੱਤੀ ਕਿ ਪਾਕਿਸਤਾਨੀ ਏਜੰਸੀ ਆਈਐਸਆਈ ਦੇ ਲੋਕ ਵੀ ਇਨ੍ਹਾਂ ਖਾਤਿਆਂ ‘ਤੇ ਸਰਗਰਮ ਸਨ। ਪਿਛਲੇ ਸਾਲ, ਪੰਜਾਬ ਪੁਲਿਸ ਨੇ 483 ਸੋਸ਼ਲ ਮੀਡੀਆ ਅਕਾਊਂਟ ਬਲਾਕ ਕੀਤੇ ਸਨ ਜੋ ਗੈਂਗਸਟਰਾਂ ਨਾਲ ਜੁੜੇ ਹੋਏ ਸਨ।
ਦੇਸ਼ ਨਾਲ ਗੱਧਾਰੀ ਕਰਨ ਵਾਲਿਆਂ ਦੀ ਵੇਖੋ ਪੂਰੀ ਟਾਈਮਲਾਈਨ….ਹੁਣ ਤੱਕ ਦੀਆਂ ਗ੍ਰਿਫ਼ਤਾਰੀਆਂ
4 ਮਈ ਨੂੰ ਪੰਜਾਬ ਦੇ ਅੰਮ੍ਰਿਤਸਰ ਤੋਂ ਪਲਕ ਸ਼ੇਰ ਮਸੀਹ ਅਤੇ ਸੂਰਜ ਮਸੀਹ ਗ੍ਰਿਫ਼ਤਾਰ
ਪਾਕਿਸਤਾਨ ਲਈ ਜਾਸੂਸੀ ਕਰਨ ਵਾਲਿਆਂ ‘ਤੇ ਲਗਾਤਾਰ ਕਾਰਵਾਈ ਹੋ ਰਹੀ ਹੈ। ਸਭ ਤੋਂ ਪਹਿਲਾਂ 4 ਮਈ ਨੂੰ ਪੰਜਾਬ ਦੇ ਅੰਮ੍ਰਿਤਸਰ ਤੋਂ ਪਲਕ ਸ਼ੇਰ ਮਸੀਹ ਅਤੇ ਸੂਰਜ ਮਸੀਹ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਓਪਰੇਟਿਵਜ਼ ਨੂੰ ਫੌਜੀ ਛਾਵਣੀਆਂ ਅਤੇ ਹਵਾਈ ਅੱਡਿਆਂ ਦੀਆਂ ਤਸਵੀਰਾਂ ਅਤੇ ਜਾਣਕਾਰੀਆਂ ਭੇਜੀਆਂ। ਇਹ ਗ੍ਰਿਫ਼ਤਾਰੀ ਹਰਪ੍ਰੀਤ ਸਿੰਘ ਉਰਫ਼ ਪਿੱਟੂ ਰਾਹੀਂ ਹੋਈ, ਜੋ ਇਸ ਸਮੇਂ ਅੰਮ੍ਰਿਤਸਰ ਸੈਂਟਰਲ ਜੇਲ੍ਹ ‘ਚ ਬੰਦ ਹੈ।
11 ਮਈ ਨੂੰ ਮਲੇਰਕੋਟਲਾ ਤੋਂ ਗੁਜਾਲਾ ਅਤੇ ਯਾਮੀਨ ਗ੍ਰਿਫ਼ਤਾਰ
11 ਮਈ ਨੂੰ ਮਲੇਰਕੋਟਲਾ ਤੋਂ ਗੁਜਾਲਾ ਅਤੇ ਯਾਮੀਨ ਮੁਹੰਮਦ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗੁਜਾਲਾ ਨੇ ਕਬੂਲਿਆ ਕਿ ਉਸਨੇ ISI ਦੇ ਹੈਂਡਲਰ ਦਾਨਿਸ਼ ਨੂੰ 30,000 ਰੁਪਏ ਦੀਆਂ ਦੋ ਕਿਸਤਾਂ ਵਿੱਚ ਸੰਵੇਦਨਸ਼ੀਲ ਜਾਣਕਾਰੀਆਂ ਭੇਜੀਆਂ।
13 ਮਈ ਨੂੰ ਗੁਰਦਾਸਪੁਰ ਤੋਂ ਦੋ ਨੌਜਵਾਨ ਗ੍ਰਿਫ਼ਤਾਰ
13 ਮਈ ਨੂੰ ਗੁਰਦਾਸਪੁਰ ਤੋਂ ਸੁਖਪ੍ਰੀਤ ਸਿੰਘ ਅਤੇ ਕਰਣਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਉੱਤੇ ਦੋਸ਼ ਹੈ ਕਿ ਉਨ੍ਹਾਂ ਨੇ ਓਪਰੇਸ਼ਨ ਸਿੰਦੂਰ ਦੌਰਾਨ ਫੌਜੀ ਚਾਲਾਂ ਅਤੇ ਰਣਨੀਤਕ ਥਾਵਾਂ ਦੀ ਜਾਣਕਾਰੀ ਲੀਕ ਕੀਤੀ। ਜਾਂਚ ‘ਚ ਇਹ ਵੀ ਸਾਹਮਣੇ ਆਇਆ ਕਿ ਇਹ ਪਹਿਲਾਂ ਨਸ਼ਾ ਤਸਕਰੀ ‘ਚ ਸ਼ਾਮਿਲ ਰਹੇ ਹਨ, ਜਿਸ ਰਾਹੀਂ ਇਹ ISI ਨਾਲ ਜੁੜੇ।
15 ਮਈ ਨੂੰ ਪਾਣੀਪਤ 24 ਸਾਲਾ ਨੌਜਵਾਨ ਅਤੇ ਕੈਥਲ ਤੋਂ ਇੱਕ ਗ੍ਰਿਫ਼ਤਾਰ
15 ਮਈ ਨੂੰ ਹਰਿਆਣਾ ਦੇ ਪਾਣੀਪਤ ਤੋਂ 24 ਸਾਲਾ ਨੌਮਾਨ ਇਲਾਹੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਨੌਮਾਨ ਉੱਤਰ ਪ੍ਰਦੇਸ਼ ਦਾ ਨਿਵਾਸੀ ਹੈ ਅਤੇ ISI ਦੇ ਹੈਂਡਲਰ ਨਾਲ ਸੰਪਰਕ ਵਿੱਚ ਸੀ। ਅਗਲੇ ਦਿਨ ਕੈਥਲ ਤੋਂ ਦੇਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਚਾਰ ਪਾਕਿਸਤਾਨੀ ਓਪਰੇਟਿਵਜ਼ ਨਾਲ ਸੰਪਰਕ ਵਿੱਚ ਸੀ ਅਤੇ 2023 ‘ਚ ਪਾਕਿਸਤਾਨ ਯਾਤਰਾ ਵੀ ਕਰ ਚੁੱਕਾ ਸੀ।
16 ਮਈ ਨੂੰ ਹਿਸਾਰ ਤੋਂ ਯੂਟਿਊਬਰ ਜੋਤੀ ਮਲਹੋਤਰਾ ਗ੍ਰਿਫ਼ਤਾਰ
16 ਮਈ ਨੂੰ ਹਿਸਾਰ ਤੋਂ ਯੂਟਿਊਬਰ ਜੋਤੀ ਮਲਹੋਤਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੇ ਯੂਟਿਊਬ ਚੈਨਲ ‘Travel with JO’ ਦੇ 3.7 ਲੱਖ ਸਬਸਕ੍ਰਾਈਬਰ ਹਨ। ਪੁਲਸ ਦੇ ਅਨੁਸਾਰ, ਮਲਹੋਤਰਾ ਨੇ ਪਾਕਿਸਤਾਨ ਉੱਚਾਯੋਗ ਵਿੱਚ ਦਾਨਿਸ਼ ਨਾਲ ਮੁਲਾਕਾਤ ਕੀਤੀ ਸੀ ਅਤੇ ਉਸਨੂੰ ਸੰਵੇਦਨਸ਼ੀਲ ਜਾਣਕਾਰੀ ਭੇਜੀ ਸੀ।
16 ਮਈ ਨੂੰ ਜੋਤੀ ਮਲਹੋਤਰਾ ਦੇ ਡਿਵਾਈਸ ਜ਼ਬਤ
16 ਮਈ ਨੂੰ ਯੂਟਿਊਬਰ ਜੋਤੀ ਮਲਹੋਤਰਾ ਦੀ ਗ੍ਰਿਫ਼ਤਾਰੀ ਮਗਰੋਂ, ਹਿਸਾਰ ਦੇ ਡੀਐਸਪੀ ਕਮਲਜੀਤ ਨੇ ਮੀਡੀਆ ਨੂੰ ਦੱਸਿਆ ਕਿ ਪੁਲਸ ਨੇ ਉਨ੍ਹਾਂ ਦਾ ਲੈਪਟਾਪ ਅਤੇ ਮੋਬਾਈਲ ਜ਼ਬਤ ਕਰ ਲਿਆ ਹੈ। ਪ੍ਰਾਰੰਭਕ ਜਾਂਚ ਵਿੱਚ ਇਹ ਸੂਚਨਾ ਮਿਲੀ ਕਿ ਉਨ੍ਹਾਂ ਰਾਹੀਂ ਪਾਕਿਸਤਾਨ ਨੂੰ ਗੁਪਤ ਜਾਣਕਾਰੀਆਂ ਭੇਜੀਆਂ ਗਈਆਂ।
ਨੂਹ ਤੋਂ 26 ਸਾਲਾ ਅਰਮਾਨ ਅਤੇ ਝੋਲਾ ਛਾਪ ਤਾਰੀਫ਼ ਗ੍ਰਿਫ਼ਤਾਰ
ਫਿਰ ਹਰਿਆਣਾ ਪੁਲਿਸ ਨੇ ਨੂਹ ਤੋਂ 26 ਸਾਲਾ ਅਰਮਾਨ ਅਤੇ ਇੱਕ ਝੋਲਾ ਛਾਪ ਮੁਹੰਮਦ ਤਾਰੀਫ਼ ਨੂੰ ਗ੍ਰਿਫ਼ਤਾਰ ਕੀਤਾ। ਤਾਰੀਫ਼ ਉੱਤੇ ਇੱਕ ਪਾਕਿਸਤਾਨੀ ਅਧਿਕਾਰੀ ਨੂੰ SIM ਕਾਰਡ ਦੇਣ ਦਾ ਦੋਸ਼ ਹੈ ਅਤੇ ਉਸਨੇ ਪਾਕਿਸਤਾਨ ਜਾਣ ਦੀ ਗੱਲ ਵੀ ਕਬੂਲੀ ਹੈ।
ਡਿਜੀਟਲ ਡਿਵਾਈਸ ਅਤੇ ਲੈਣ-ਦੇਣ ਦੀ ਫੋਰੈਂਸਿਕ ਜਾਂਚ ਸ਼ੁਰੂ
ਦੱਸਣਯੋਗ ਹੈ ਕਿ ਸੁਰੱਖਿਆ ਏਜੰਸੀਆਂ ਨੇ ਗ੍ਰਿਫ਼ਤਾਰ ਵਿਅਕਤੀਆਂ ਦੇ ਡਿਜੀਟਲ ਡਿਵਾਈਸਾਂ ਅਤੇ ਆਰਥਿਕ ਲੈਣ-ਦੇਣ ਦੀ ਫੋਰੈਂਸਿਕ ਜਾਂਚ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਪੁਲਿਸ ਮੁਤਾਬਕ, ਯੂਟਿਊਬਰ ਜੋਤੀ ਮਲਹੋਤਰਾ ਤੋਂ ਪੰਜ ਦਿਨ ਦੀ ਰਿਮਾਂਡ ‘ਤੇ ਪੁੱਛਗਿੱਛ ਹੋ ਰਹੀ ਹੈ। ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਕਈ ਦੋਸ਼ੀ ਪਹਿਲਾਂ ਨਸ਼ਾ ਤਸਕਰੀ ਨਾਲ ਜੁੜੇ ਹੋਏ ਸਨ, ਜਿਸ ਕਾਰਨ ਉਹ ISI ਦੇ ਹੈਂਡਲਰਾਂ ਦੇ ਸੰਪਰਕ ਵਿੱਚ ਆਏ।