Pakistani Spy: ਜਿੱਥੇ ਇਕ ਪਾਸੇ “ਆਪਰੇਸ਼ਨ ਸਿੰਦੂਰ” ਦੌਰਾਨ ਭਾਰਤੀ ਫੌਜ ਦੇ ਜਵਾਨ ਆਪਣੀ ਜਾਨ ਦੀ ਬਾਜੀ ਲਗਾ ਕੇ ਦੇਸ਼ ਦੀ ਰੱਖਿਆ ਕਰ ਰਹੇ ਸਨ, ਉਥੇ ਹੀ ਭਾਰਤ ਦੇ ਕਈ ਰਾਜਾਂ ਵਿੱਚ ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਏਜੰਟ ਭਾਰਤੀ ਫੌਜ, ਫੌਜੀ ਛਾਵਣੀਆਂ ਅਤੇ ਸੰਵੇਦਨਸ਼ੀਲ ਥਾਵਾਂ ਦੀਆਂ ਤਸਵੀਰਾਂ ਅਤੇ ਵੀਡੀਓਆਂ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਭੇਜ ਰਹੇ ਸਨ। ਆਈਐਸਆਈ ਦੇ ਇਸ਼ਾਰੇ ਤੇ ਇਹ ਪਾਕਿਸਤਾਨੀ ਏਜੰਟ ਭਾਰਤ ਦੀ ਖੁਫੀਆ ਪ੍ਰਣਾਲੀ ਨੂੰ ਚੁਣੌਤੀ ਦੇ ਰਹੇ ਸਨ। ਹੇਠਾਂ ਵੇਖੋ ਸਾਰੇ ਮਾਮਲੇ….
25 ਸਾਲਾ ਦਵਿੰਦਰ ਸਿੰਘ ਢਿੱਲੋਂ, ਕੈਥਲ, ਪਾਕਿਸਤਾਨੀ ਜਾਸੂਸ ਦੇ ਦੋਸ਼ ‘ਚ ਗ੍ਰਿਫ਼ਤਾਰ
ਇਹ ਮਾਮਲਾ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਗੁਹਲਾ ਥਾਣਾ ਖੇਤਰ ਦੇ ਮਸਤਗੜ੍ਹ ਪਿੰਡ ਨਾਲ ਸਬੰਧਤ ਹੈ, ਜਿੱਥੇ 25 ਸਾਲਾ ਦੇਵਿੰਦਰ ਸਿੰਘ ਢਿੱਲੋਂ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ। ਉਹ ਫੌਜੀ ਛਾਵਣੀਆਂ ਅਤੇ ਸੰਵੇਦਨਸ਼ੀਲ ਥਾਵਾਂ ਦੀਆਂ ਤਸਵੀਰਾਂ ਪਾਕਿਸਤਾਨ ਭੇਜ ਰਿਹਾ ਸੀ। ਪਾਣੀਪਤ ਵਿੱਚ ਨੌਮਾਨ ਇਲਾਹੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹਰਿਆਣਾ ਵਿੱਚ ਤਿੰਨ ਦਿਨਾਂ ਵਿੱਚ ਇਹ ਜਾਸੂਸੀ ਦਾ ਦੂਜਾ ਮਾਮਲਾ ਸੀ।
ਸੋਸ਼ਲ ਮੀਡੀਆ ਤੋਂ ਸ਼ੁਰੂ ਹੋਈ ਜਾਂਚ
11 ਮਈ ਨੂੰ ਗੁਹਲਾ ਥਾਣੇ ‘ਚ ਇੱਕ ਸੁਰੱਖਿਆ ਏਜੰਟ ਨੇ ਸ਼ਿਕਾਇਤ ਦਰਜ ਕਰਵਾਈ ਕਿ ਦੇਵਿੰਦਰ ਨੇ ਫੇਸਬੁੱਕ ‘ਤੇ ਬੰਦੂਕਾਂ ਅਤੇ ਪਿਸਤੌਲਾਂ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਦਕਿ ਉਸ ਕੋਲ ਹਥਿਆਰਾਂ ਦਾ ਲਾਇਸੈਂਸ ਨਹੀਂ ਸੀ। ਇਸ ਸ਼ਿਕਾਇਤ ਦੇ ਆਧਾਰ ‘ਤੇ 13 ਮਈ ਨੂੰ ਉਸਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਲਈ ਦੋ ਦਿਨਾਂ ਦੇ ਰਿਮਾਂਡ ‘ਤੇ ਲਿਆ ਗਿਆ। ਜਾਂਚ ਦੌਰਾਨ ਉਸਦੇ ਮੋਬਾਈਲ ਤੋਂ ਪਾਕਿਸਤਾਨ ਨੂੰ ਭੇਜੀਆਂ ਸੰਵੇਦਨਸ਼ੀਲ ਜਾਣਕਾਰੀਆਂ ਦੇ ਸਬੂਤ ਮਿਲੇ। ਫਿਰ ਕੈਥਲ ਦੇ ਸਾਇਬਰ ਥਾਣੇ ਵਿੱਚ ਨਵਾਂ ਕੇਸ ਦਰਜ ਕਰਕੇ ਤਿੰਨ ਹੋਰ ਦਿਨਾਂ ਲਈ ਰਿਮਾਂਡ ਲਿਆ ਗਿਆ।
ਨਨਕਾਣਾ ਸਾਹਿਬ ਦੀ ਯਾਤਰਾ ਅਤੇ ਹਨੀਟ੍ਰੈਪ
ਦੇਵਿੰਦਰ ਸਿੰਘ ਢਿੱਲੋਂ ਪਟਿਆਲਾ ਦੇ ਇੱਕ ਕਾਲਜ ਵਿੱਚ ਰਾਜਨੀਤੀ ਵਿਗਿਆਨ ਦਾ ਪੋਸਟਗ੍ਰੈਜੂਏਟ ਵਿਦਿਆਰਥੀ ਹੈ। ਉਸਦੇ ਪਿਤਾ ਕਿਸਾਨ ਹਨ। ਨਵੰਬਰ 2024 ਵਿੱਚ ਉਹ ਕਰਤਾਰਪੁਰ ਕੌਰੀਡੋਰ ਰਾਹੀਂ ਨਨਕਾਣਾ ਸਾਹਿਬ ਦੀ ਧਾਰਮਿਕ ਯਾਤਰਾ ‘ਤੇ ਗਿਆ ਸੀ। ਉੱਥੇ ਕਿਸੇ ਅਣਜਾਣ ਵਿਅਕਤੀ ਨੇ ਉਸਨੂੰ ਪਾਕਿਸਤਾਨ ਵਿੱਚ ਸੰਪਰਕ ਲਈ ਇੱਕ ਨੰਬਰ ਦਿੱਤਾ। ਹਨੀਟ੍ਰੈਪ ਵਿੱਚ ਫਸਾ ਕੇ ਇੱਕ ਲੜਕੀ ਰਾਹੀਂ ਉਸਦਾ ਸੰਪਰਕ ਪਾਕਿਸਤਾਨੀ ਖੁਫੀਆ ਏਜੰਸੀ ਨਾਲ ਕਰਵਾਇਆ ਗਿਆ। ਭਾਰਤ ਵਾਪਸ ਆਉਣ ਤੋਂ ਬਾਅਦ ਵੀ ਉਹ ਪਾਕਿਸਤਾਨੀ ਏਜੰਟਾਂ ਦੇ ਸੰਪਰਕ ਵਿੱਚ ਰਿਹਾ ਅਤੇ ਭਾਰਤੀ ਫੌਜੀ ਗਤੀਵਿਧੀਆਂ ਦੀ ਜਾਣਕਾਰੀ ਭੇਜਦਾ ਰਿਹਾ।
ਮੋਬਾਈਲ ਅਤੇ ਬੈਂਕ ਖਾਤਿਆਂ ਦੀ ਜਾਂਚ
ਕੈਥਲ ਦੀ ਐਸ.ਪੀ. ਆਸਥਾ ਮੋਦੀ ਨੇ ਦੱਸਿਆ ਕਿ ਦੇਵਿੰਦਰ ਨੂੰ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੀਆਂ ਤਸਵੀਰਾਂ ਪਾਉਣ ‘ਤੇ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਪੁੱਛਗਿੱਛ ਦੌਰਾਨ ਜਾਸੂਸੀ ਦੀ ਗਤੀਵਿਧੀ ਸਾਹਮਣੇ ਆਈ। ਉਸਦਾ ਮੋਬਾਈਲ ਫੋਨ ਫੌਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ ਅਤੇ ਉਸਦੇ ਬੈਂਕ ਖਾਤਿਆਂ ਦੀ ਵੀ ਜਾਂਚ ਹੋ ਰਹੀ ਹੈ ਕਿ ਉਸਨੇ ਕਿਹੜੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ।
ਸੁਰੱਖਿਆ ਪ੍ਰਬੰਧਾਂ ‘ਚ ਬਦਲਾਅ ਦੀ ਮੰਗ
ਹਰਿਆਣਾ ਵਿੱਚ ਇਕੇ ਬਾਅਦ ਇਕ ਜਾਸੂਸੀ ਦੇ ਮਾਮਲਿਆਂ ਨੇ ਸੁਰੱਖਿਆ ਏਜੰਸੀਆਂ ਨੂੰ ਸਾਵਧਾਨ ਕਰ ਦਿੱਤਾ ਹੈ। ਪੂਰੇ ਜਾਲ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ (SIT) ਬਣਾਇਆ ਗਿਆ ਹੈ ਜੋ ਹੋਰ ਸੰਭਾਵਿਤ ਏਜੰਟਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਘਟਨਾ ਰਾਸ਼ਟਰੀ ਸੁਰੱਖਿਆ ‘ਤੇ ਖ਼ਤਰੇ ਨੂੰ ਦਰਸਾਉਂਦੀ ਹੈ ਅਤੇ ਖੁਫੀਆ ਜੰਤਰ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ਨੂੰ ਉਭਾਰਦੀ ਹੈ।
ਪਾਣੀਪਤ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ
24 ਸਾਲਾ ਨੌਮਾਨ ਇਲਾਹੀ, ਪਾਣੀਪਤ, ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ ‘ਚ ਗ੍ਰਿਫ਼ਤਾਰ
ਦੂਜਾ ਮਾਮਲਾ ਹਰਿਆਣਾ ਦੇ ਪਾਣੀਪਤ ਸ਼ਹਿਰ ਦਾ ਹੈ, ਜਿੱਥੇ ਪੁਲਿਸ ਨੇ 24 ਸਾਲਾ ਨੌਮਾਨ ਇਲਾਹੀ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਨੁਸਾਰ ਨੌਮਾਨ ਪਾਕਿਸਤਾਨ ਵਿੱਚ ਮੌਜੂਦ ਇਕ ਆਤੰਕੀ ਇਕਬਾਲ ਦੇ ਸੰਪਰਕ ਵਿੱਚ ਸੀ ਅਤੇ ਭਾਰਤ ਦੀ ਸੰਵੇਦਨਸ਼ੀਲ ਜਾਣਕਾਰੀ ਵਾਟਸਐਪ ਅਤੇ ਸੋਸ਼ਲ ਮੀਡੀਆ ਰਾਹੀਂ ਭੇਜ ਰਿਹਾ ਸੀ।
ਉਹ ਪਾਣੀਪਤ ਦੀ ਇੱਕ ਫੈਕਟਰੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਿਹਾ ਸੀ। 14 ਮਈ ਨੂੰ ਪੁਲਿਸ ਉਸਨੂੰ ਉਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਕੈਰਾਨਾ ਲੈ ਕੇ ਗਈ। ਮਨੀ ਟ੍ਰਾਂਸਫਰ ਸਬੰਧੀ ਪੁੱਛਗਿੱਛ ਦੌਰਾਨ ਇੱਕ ਜਨ ਸੇਵਾ ਕੇਂਦਰ ਦੇ ਸੰਚਾਲਕ ਤੋਂ ਵੀ ਪੁੱਛਗਿੱਛ ਹੋਈ।
ਉਹ ਫੈਕਟਰੀ ਅਤੇ ਉਦਯੋਗਿਕ ਖੇਤਰਾਂ ਵਿੱਚ ਰਹਿ ਕੇ ਭਾਰਤ ਦੀ ਸੁਰੱਖਿਆ ਸੰਬੰਧੀ ਗਤੀਵਿਧੀਆਂ ਦੀ ਨਿਗਰਾਨੀ ਕਰਕੇ ਉਹ ਜਾਣਕਾਰੀ ਪਾਕਿਸਤਾਨੀ ਖੁਫੀਆ ਏਜੰਸੀਆਂ ਤੱਕ ਪਹੁੰਚਾ ਰਿਹਾ ਸੀ। ਇੰਟੈਲੀਜੈਂਸ ਅਤੇ ਖੁਫੀਆ ਵਿਭਾਗ ਨੇ ਜਾਂਚ ਦੌਰਾਨ ਇੱਕ ਅਜਿਹਾ ਨੰਬਰ ਪਤਾ ਲਾਇਆ ਜੋ ਪਾਕਿਸਤਾਨ ਨਾਲ ਲਗਾਤਾਰ ਸੰਪਰਕ ਵਿੱਚ ਸੀ। ਜਿਸ ਤੋਂ ਬਾਅਦ ਨੌਮਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਨੌਮਾਨ ਦੇ ਖਾਤਿਆਂ ਵਿੱਚ ਹਵਾਲਾ ਰਾਹੀਂ ਪਾਕਿਸਤਾਨ ਤੋਂ ਪੈਸੇ ਆ ਰਹੇ ਸਨ। ਉਹ ਪਾਕਿਸਤਾਨੀ ਆਤੰਕੀ ਇਕਬਾਲ ਕਾਨਾ ਦੇ ਸੰਪਰਕ ਵਿੱਚ ਸੀ ਅਤੇ ਸੋਸ਼ਲ ਮੀਡੀਆ ਰਾਹੀਂ ਭਾਰਤ ਦੀ ਖੁਫੀਆ ਜਾਣਕਾਰੀ ਭੇਜ ਰਿਹਾ ਸੀ।
ਜਲੰਧਰ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ
ਤੀਜਾ ਮਾਮਲਾ ਜਲੰਧਰ ਦਾ ਹੈ, ਜਿੱਥੇ ਗੁਜਰਾਤ ਪੁਲਿਸ ਨੇ ਜਲੰਧਰ ਪੁਲਿਸ ਦੀ ਮਦਦ ਨਾਲ ਸਾਂਝੇ ਓਪਰੇਸ਼ਨ ‘ਚ ਪਾਕਿਸਤਾਨੀ ਜਾਸੂਸ ਮੁਹੰਮਦ ਮੁਰਤਜ਼ਾ ਅਲੀ ਨੂੰ ਭਾਰਗਵ ਕੈਂਪ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ। ਇਸ ਓਪਰੇਸ਼ਨ ਦੌਰਾਨ ਪੁਲਿਸ ਨੇ ਉਸ ਦੇ ਕਬਜ਼ੇ ਤੋਂ 4 ਮੋਬਾਈਲ ਫ਼ੋਨ ਅਤੇ 3 ਸਿਮ ਕਾਰਡ ਬਰਾਮਦ ਕੀਤੇ ਹਨ। ਅਧਿਕਾਰੀਆਂ ਮੁਤਾਬਕ ਅਲੀ ਜਲੰਧਰ ਦੇ ਗਾਂਧੀ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਕੇ ਗੁਪਤ ਤੌਰ ‘ਤੇ ਜਾਸੂਸੀ ਕਰ ਰਿਹਾ ਸੀ।
ਐਪ ਰਾਹੀਂ ਆਈ.ਐਸ.ਆਈ. ਨੂੰ ਪਹੁੰਚਾਇਆਂ ਅਹਿਮ ਜਾਣਕਾਰੀਆਂ
ਪਹਿਲੇ ਜਾਂਚ ‘ਚ ਇਹ ਸਾਹਮਣੇ ਆਇਆ ਹੈ ਕਿ ਹਾਲੀਆ ਭਾਰਤ-ਪਾਕਿ ਤਣਾਅ ਦੇ ਦੌਰਾਨ, ਜਦ ਪਾਕਿਸਤਾਨ ਵਿੱਚ ਭਾਰਤੀ ਨਿਊਜ਼ ਚੈਨਲਾਂ ਤੇ ਪਾਬੰਦੀ ਸੀ, ਅਲੀ ਨੇ ਭਾਰਤੀ ਨਿਊਜ਼ ਚੈਨਲ ਦੇਖਣ ਜਾਰੀ ਰੱਖੇ ਅਤੇ ਉਨ੍ਹਾਂ ਰਾਹੀਂ ਮਿਲੀ ਜਾਣਕਾਰੀ ਆਈ.ਐਸ.ਆਈ. ਨੂੰ ਪਹੁੰਚਾਈ। ਇਹ ਕੰਮ ਉਸਨੇ ਇੱਕ ਐਪ ਦੀ ਮਦਦ ਨਾਲ ਕੀਤਾ ਜੋ ਉਸਨੇ ਖੁਦ ਤਿਆਰ ਕੀਤੀ ਸੀ। ਇਸ ਐਪ ਰਾਹੀਂ ਉਹ ਭਾਰਤ ਦੀਆਂ ਨਿਊਜ਼ਾਂ ਦੇ ਅਪਡੇਟ ਪਾਕਿਸਤਾਨ ਭੇਜਦਾ ਸੀ।
ਉਸਦੇ ਫ਼ੋਨ ਵਿੱਚ ਭਾਰਤ-ਪਾਕਿ ਯੁੱਧ ਨਾਲ ਸਬੰਧਤ ਸ਼ੱਕੀ ਵੀਡੀਓ, ਨਿਊਜ਼ ਲਿੰਕ ਅਤੇ ਕਈ ਸੰਦਿਗਧ ਨੰਬਰ ਮਿਲੇ ਹਨ। ਜਦਕਿ ਪੁਲਿਸ ਦਾ ਕਹਿਣਾ ਹੈ ਕਿ ਅਲੀ ਨੂੰ ਸਾਇਬਰ ਠੱਗੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ, ਪਰ ਸਬੂਤ ਇਹ ਵੀ ਦਰਸਾ ਰਹੇ ਹਨ ਕਿ ਉਸਦੇ ਸੰਪਰਕ ਪਾਕਿਸਤਾਨੀ ਖੁਫੀਆ ਏਜੰਸੀ ਨਾਲ ਸਿੱਧੇ ਸਨ।
ਜਾਣਕਾਰੀਆਂ ਦੇ ਬਦਲੇ ਆਈ.ਐਸ.ਆਈ. ਤੋਂ ਮਿਲਦੀ ਸੀ ਵੱਡੀ ਰਕਮ
ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਕਿ ਅਲੀ ਨੇ ਆਪਣੀ ਐਪ ਰਾਹੀਂ ਮਿਲਦੀਆਂ ਜਾਣਕਾਰੀਆਂ ਦੇ ਬਦਲੇ ਆਈ.ਐਸ.ਆਈ. ਤੋਂ ਵੱਡੀ ਰਕਮ ਦੀ ਮੰਗ ਕੀਤੀ ਸੀ। ਉਹ ਕੁਝ ਹਫ਼ਤਿਆਂ ਤੋਂ ਭਾਰਤ ਦੇ ਅੰਦਰੂਨੀ ਹਾਲਾਤਾਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਨੂੰ ਭੇਜ ਰਿਹਾ ਸੀ। ਹੁਣ ਉਸਨੂੰ ਹੋਰ ਪੁੱਛਗਿੱਛ ਲਈ ਗੁਜਰਾਤ ਲਿਜਾਇਆ ਗਿਆ ਹੈ।
25 ਮਰਲੇ ਦਾ ਪਲਾਟ ਅਤੇ ਆਲੀਸ਼ਾਨ ਕੋਠੀ
ਮਿਲੀ ਜਾਣਕਾਰੀ ਅਨੁਸਾਰ, ਅਲੀ ਨੇ ਹਾਲ ਹੀ ਵਿੱਚ ਗਾਂਧੀ ਨਗਰ ਵਿੱਚ 25 ਮਰਲੇ ਦਾ ਪਲਾਟ ਖਰੀਦਿਆ, ਜਿਸ ‘ਤੇ ਉਹ 1.5 ਕਰੋੜ ਰੁਪਏ ਲਗਾ ਕੇ ਕੋਠੀ ਤਿਆਰ ਕਰਵਾ ਰਿਹਾ ਸੀ। ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸਿਰਫ਼ ਇੱਕ ਮਹੀਨੇ ਵਿੱਚ 40 ਲੱਖ ਰੁਪਏ ਦਾ ਲੈਨ-ਦੇਣ ਉਸਦੇ ਖਾਤੇ ‘ਚ ਹੋਇਆ। ਇਹ ਰਕਮ ਕਿੱਥੋਂ ਅਤੇ ਕਿਵੇਂ ਆਈ, ਇਸ ਦੀ ਜਾਂਚ ਗੁਜਰਾਤ ਦੀ ਏ.ਟੀ.ਐੱਸ. ਕਰ ਰਹੀ ਹੈ।
ਮਲੇਰਕੋਟਲਾ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ
ਚੌਥਾ ਮਾਮਲਾ ਪੰਜਾਬ ਦੇ ਮਲੇਰਕੋਟਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪਾਕਿਸਤਾਨੀ ਦੂਤਾਵਾਸ ਦੇ ਇੱਕ ਕਰਮਚਾਰੀ ਵੱਲੋਂ ਚਲਾਏ ਜਾ ਰਹੇ ਜਾਸੂਸੀ ਜਾਲ ਦਾ ਭੰਡਾਫੋੜ ਹੋਇਆ ਹੈ। ਇਸ ਮਾਮਲੇ ‘ਚ ਦੋ ਵਿਅਕਤੀਆਂ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ, ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪੰਜਾਬ ਪੁਲਿਸ ਨੇ 10 ਮਈ ਨੂੰ ਮਲੇਰਕੋਟਲਾ ਤੋਂ ਗਜ਼ਾਲਾ ਅਤੇ ਯਾਮੀਨ ਮੁਹੰਮਦ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਵਿੱਚ ਖੁਲਾਸਾ ਹੋਇਆ ਕਿ ਇਹ ਦੋਵੇਂ ਨਵੀਂ ਦਿੱਲੀ ਵਿਖੇ ਪਾਕਿਸਤਾਨ ਦੂਤਾਵਾਸ ਵਿੱਚ ਨਿਯੁਕਤ ਕਰਮਚਾਰੀ ਦਾਨਿਸ਼ ਨਾਲ ਸੰਪਰਕ ਵਿੱਚ ਸਨ।
UPI ਰਾਹੀਂ ਹੋਇਆ ਪੈਸਿਆਂ ਦਾ ਲੈਣ-ਦੇਣ
ਦਾਨਿਸ਼ ਨੇ ਮਲੇਰਕੋਟਲਾ ਦੇ ਰਹਿਣ ਵਾਲੇ ਯਾਮੀਨ ਮੁਹੰਮਦ ਦੇ ਕਹਿਣ ‘ਤੇ ਗਜ਼ਾਲਾ ਦੇ ਖਾਤੇ ‘ਚ ਪੈਸੇ ਭੇਜੇ, ਜਿਸ ਤੋਂ ਬਾਅਦ ਗਜ਼ਾਲਾ ਅਤੇ ਯਾਮੀਨ ਵੱਲੋਂ ਇਹ ਰਕਮ UPI ਰਾਹੀਂ ਵੱਖ-ਵੱਖ ਰਾਜਾਂ ਵਿੱਚ ਭੇਜੀ ਗਈ। ਇਹ ਸਾਰੀ ਕਾਰਵਾਈ ਪਾਕਿਸਤਾਨੀ ਜਾਸੂਸੀ ਨੈੱਟਵਰਕ ਦਾ ਹਿੱਸਾ ਸੀ।
ਭਾਰਤ ਦੇ ਵੱਖ-ਵੱਖ ਰਾਜਾਂ ‘ਚ ਆਈ.ਐਸ.ਆਈ. ਲਈ ਜਾਸੂਸੀ ਦੇ ਮਾਮਲੇ – ਇੱਕ ਝਲਕ
ਉੱਤਰ ਪ੍ਰਦੇਸ਼: ਦੋ ਵਿਅਕਤੀਆਂ ਦੀ ਗ੍ਰਿਫ਼ਤਾਰੀ (ਨਵੰਬਰ 2023)
ਉੱਤਰ ਪ੍ਰਦੇਸ਼ ਪੁਲਿਸ ਦੀ ਐਂਟੀ ਟੇਰਰਿਸਟ ਸਕਵਾਡ (ATS) ਨੂੰ ਨਵੰਬਰ 2023 ਵਿੱਚ ਵੱਡੀ ਸਫਲਤਾ ਮਿਲੀ। ਅਮ੍ਰਿਤ ਗਿੱਲ ਅਤੇ ਰਿਯਾਜੁੱਦੀਨ ਨੂੰ ਆਈ.ਐਸ.ਆਈ. ਲਈ ਜਾਸੂਸੀ ਅਤੇ ਆਤੰਕਵਾਦੀ ਗਤੀਵਿਧੀਆਂ ਲਈ ਪੈਸੇ ਲੈਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ।
ਰਾਜਸਥਾਨ: ਨਰਿੰਦਰ ਦੀ ਗ੍ਰਿਫ਼ਤਾਰੀ (2023)
ਬੀਕਾਨੇਰ, ਰਾਜਸਥਾਨ ਤੋਂ ਨਰਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਦੋ ਪਾਕਿਸਤਾਨੀ ਮਹਿਲਾ ਏਜੰਟਾਂ ਦੇ ਸੰਪਰਕ ਵਿੱਚ ਸੀ ਅਤੇ ਉਹਨਾਂ ਰਾਹੀਂ ਸੰਵੇਦਨਸ਼ੀਲ ਜਾਣਕਾਰੀ ਲੀਕ ਕਰ ਰਿਹਾ ਸੀ।
ਉੱਤਰ ਪ੍ਰਦੇਸ਼: ਭਾਰਤੀ ਦੂਤਾਵਾਸ ਦਾ ਕਰਮਚਾਰੀ ਗ੍ਰਿਫ਼ਤਾਰ
ਮਾਸਕੋ ਵਿਖੇ ਭਾਰਤ ਦੇ ਦੂਤਾਵਾਸ ਵਿੱਚ ਕੰਮ ਕਰ ਰਿਹਾ ਸਤਿੰਦਰ ਸਿਵਾਲ ਨੂੰ ਉੱਤਰ ਪ੍ਰਦੇਸ਼ ATS ਨੇ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਉਸਨੇ ਆਈ.ਐਸ.ਆਈ. ਨੂੰ ਜਾਣਕਾਰੀ ਲੀਕ ਕਰਨ ਅਤੇ ਭਾਰਤ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੀ ਗੱਲ ਕਬੂਲ ਕੀਤੀ।
ਨੇਵਲ ਬੇਸ ‘ਤੇ ਜਾਸੂਸੀ (2025)
ਰਾਸ਼ਟਰੀ ਜਾਂਚ ਏਜੰਸੀ (NIA) ਵੱਲੋਂ 2025 ਵਿੱਚ ਕਾਰਵਾਰ ਅਤੇ ਕੋਚੀ (ਕੇਰਲ) ਦੀਆਂ ਨੇਵਲ ਬੇਸਾਂ ਵਿੱਚ ਕੰਮ ਕਰ ਰਹੇ 3 ਕੰਟ੍ਰੈਕਟ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਆਈ.ਐਸ.ਆਈ. ਨੂੰ ਗੋਪਨੀਯ ਜਾਣਕਾਰੀ ਭੇਜ ਰਹੇ ਸਨ।
ਉੱਤਰਾਖੰਡ: ਆਈ.ਐਸ.ਆਈ. ਜਾਸੂਸੀ ਨਾਲ ਜੁੜੇ ਪ੍ਰਮੁੱਖ ਮਾਮਲੇ
1. ਪ੍ਰਦੀਪ ਕੁਮਾਰ (2022)
ਉੱਤਰਾਖੰਡ ਵਾਸੀ ਅਤੇ ਜੋਧਪੁਰ ਵਿੱਚ ਤਾਇਨਾਤ ਸੈਨਿਕ ਪ੍ਰਦੀਪ ਕੁਮਾਰ ਨੂੰ 2022 ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਪਾਕਿਸਤਾਨੀ ਮਹਿਲਾ ਏਜੰਟ ਨੇ ਉਸਨੂੰ ਹਨੀ ਟ੍ਰੈਪ ਰਾਹੀਂ ਫਸਾ ਕੇ, ਸੋਸ਼ਲ ਮੀਡੀਆ ਰਾਹੀਂ ਉਸ ਤੋਂ ਸੈਨਾ ਦੀਆਂ ਗੋਪਨੀਯ ਜਾਣਕਾਰੀਆਂ ਲੈਣ ਦੀ ਕੋਸ਼ਿਸ਼ ਕੀਤੀ।
2. ਰਮੇਸ਼ ਸਿੰਘ ਕਨਿਆਲ (2018)
ਉੱਤਰਾਖੰਡ ਦੇ ਪਿਥੌਰਾਗੜ ਜ਼ਿਲ੍ਹੇ ਦੇ ਰਮੇਸ਼ ਸਿੰਘ ਕਨਿਆਲ ਨੂੰ 2018 ਵਿੱਚ UP ATS ਨੇ ਗ੍ਰਿਫ਼ਤਾਰ ਕੀਤਾ। ਉਹ 2015-17 ਦੌਰਾਨ ਪਾਕਿਸਤਾਨ ਵਿੱਚ ਭਾਰਤੀ ਰਾਜਨੈਿਕ ਦੇ ਘਰ ਵਿੱਚ ਰਸੋਈਏ ਵਜੋਂ ਕੰਮ ਕਰਦਾ ਸੀ। ਉਸਨੇ ਲੈਪਟਾਪ ਵਿੱਚ ਸਪਾਈਵੇਅਰ ਇੰਸਟਾਲ ਕਰਕੇ ਅਤੇ ਗੋਪਨੀਯ ਦਸਤਾਵੇਜ਼ ਸਾਂਝੇ ਕਰਕੇ ਆਈ.ਐਸ.ਆਈ. ਲਈ ਜਾਸੂਸੀ ਕੀਤੀ।
3. ਸਈਦ ਅਬਦੁਲ ਕਰੀਮ ਟੁੰਡਾ (2013)
ਲਸ਼ਕਰ-ਏ-ਤੋਇਬਾ ਦਾ ਬੰਬ ਵਿਸ਼ੇਸ਼ਗਿਆ ਟੁੰਡਾ ਨੂੰ ਅਗਸਤ 2013 ਵਿੱਚ ਉੱਤਰਾਖੰਡ ਦੇ ਬਣਬਸਾ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਕੋਲੋਂ ਪਾਕਿਸਤਾਨੀ ਪਾਸਪੋਰਟ ਅਤੇ ਭਾਰਤ ਵਿੱਚ ਹੋਏ ਬੰਬ ਧਮਾਕਿਆਂ ਨਾਲ ਸੰਬੰਧਤ ਸਬੂਤ ਮਿਲੇ। 2017 ਵਿੱਚ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
4. ਆਬਿਦ ਅਲੀ ਉਰਫ਼ ਅਜੀਤ ਸਿੰਘ (2010)
ਜਨਵਰੀ 2010 ਵਿੱਚ ਹਰਿਦੁਆਰ ਦੇ ਗੰਗਨਹਰ ਥਾਣਾ ਖੇਤਰ ਤੋਂ ਆਬਿਦ ਅਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਕੋਲੋਂ ਮੇਰਠ, ਰੁੜਕੀ ਅਤੇ ਦਹਰਾਦੂਨ ਦੇ ਸੈਨਾ ਠਿਕਾਣਿਆਂ ਦੇ ਨਕਸ਼ੇ, ਪੈਨ ਡਰਾਈਵ ਅਤੇ ਗੋਪਨੀਯ ਦਸਤਾਵੇਜ਼ ਮਿਲੇ। 2012 ਵਿੱਚ 7 ਸਾਲ ਦੀ ਸਜ਼ਾ ਹੋਈ, ਪਰ 2013 ਵਿੱਚ ਨਿਚਲੀ ਅਦਾਲਤ ਨੇ ਬਰੀ ਕਰ ਦਿੱਤਾ। 2021 ਵਿੱਚ ਉੱਤਰਾਖੰਡ ਹਾਈਕੋਰਟ ਨੇ ਸਜ਼ਾ ਨੂੰ ਮੁੜ ਬਹਾਲ ਕੀਤਾ ਅਤੇ ਫਿਰ ਤੋਂ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਕੀਤੇ।