ਭਾਰਤ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਬਦਲਾ ਆਪ੍ਰੇਸ਼ਨ ਸਿੰਦੂਰ ਰਾਹੀਂ ਲਿਆ ਹੈ। ਗੁਆਂਢੀ ਦੇਸ਼ ਭਾਰਤ ਦੀ ਇਸ ਕਾਰਵਾਈ ਤੋਂ ਬੌਂਦਲਿਆ ਹੋਇਆ ਹੈ। ਅਜਿਹੇ ਵਿੱਚ ਪੰਜਾਬ ਵਿੱਚ ਹੁਣ ਹਾਈ ਅਲਰਟ ਹੈ। ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਹੁਣ ਹਰ ਰਾਤ ਬਲੈਕਆਊਟ ਰਹੇਗਾ। ਜ਼ਿਲ੍ਹਾ ਪ੍ਰਸ਼ਾਸਨ ਨੇ ਪਠਾਨਕੋਟ ਵਿੱਚ ਵੀ ਬਲੈਕਆਊਟ ਲਗਾ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ ਸਰਹੱਦੀ ਖੇਤਰ ਵਿੱਚ ਧਮਾਕੇ ਹੋਏ ਹਨ। ਹਾਲਾਂਕਿ, ਪਠਾਨਕੋਟ ਏਅਰਬੇਸ ਪੂਰੀ ਤਰ੍ਹਾਂ ਸੁਰੱਖਿਅਤ ਹੈ। ਗੁਰਦਾਸਪੁਰ ਦੇ ਨਾਲ-ਨਾਲ ਪਠਾਨਕੋਟ ਨੂੰ ਵੀ ਬਲੈਕਆਊਟ ਕਰ ਦਿੱਤਾ ਗਿਆ ਹੈ। ਪਠਾਨਕੋਟ ਵਿੱਚ ਸਾਰੀਆਂ ਦੁਕਾਨਾਂ ਅਤੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਪੰਜਾਬ ਦੇ ਗੁਰਦਾਸਪੁਰ ਤੋਂ ਬਾਅਦ ਹੁਣ ਅਜਨਾਲਾ ਵਿੱਚ ਵੀ ਹਰ ਰਾਤ ਬਲੈਕਆਊਟ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਅਜਨਾਲਾ ਵਿੱਚ ਰੋਜ਼ਾਨਾ ਸ਼ਾਮ 6:30 ਵਜੇ ਤੋਂ ਸਵੇਰੇ 5 ਵਜੇ ਤੱਕ ਬਲੈਕਆਊਟ ਰਹੇਗਾ। ਇਸ ਦੇ ਨਾਲ ਹੀ ਇਸਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਇਨ੍ਹਾਂ ਜਹ੍ਹਾਂ ਤੇ ਰਹੇਗਾ ਬਲੈਕਆਊਟ
ਇਸ ਤੋਂ ਇਲਾਵਾ ਫਿਰੋਜ਼ਪੁਰ, ਅੰਮ੍ਰਿਤਸਰ, ਜਲੰਧਰ, ਬਟਾਲਾ, ਫਾਜ਼ਿਲਕਾ ਅਤੇ ਅਬੋਹਰ ਵਿੱਚ ਵੀ ਬਲੈਕਆਊਟ ਲਗਾਇਆ ਗਿਆ ਹੈ। ਗੁਰਦਾਸਪੁਰ ਜ਼ਿਲ੍ਹੇ ਵਿੱਚ, ਅਗਲੇ ਹੁਕਮਾਂ ਤੱਕ ਰਾਤ 9 ਵਜੇ ਤੋਂ ਅਗਲੇ ਦਿਨ ਸਵੇਰੇ 5 ਵਜੇ ਤੱਕ ਬਲੈਕਆਊਟ ਲਾਗੂ ਰਹੇਗਾ। ਰਾਤ ਨੂੰ ਪੂਰਾ ਜ਼ਿਲ੍ਹਾ ਹਨੇਰੇ ਵਿੱਚ ਡੁੱਬਿਆ ਰਹੇਗਾ। ਗੁਰਦਾਸਪੁਰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ। ਇਹ ਹੁਕਮ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਗੁਰਦਾਸਪੁਰ ਵੱਲੋਂ ਭਾਰਤ-ਪਾਕਿ ਸਰਹੱਦ ‘ਤੇ ਸੰਵੇਦਨਸ਼ੀਲ ਮਾਹੌਲ ਦੇ ਕਾਰਨ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਡਿਫੈਂਸ ਐਕਟ 1968 ਅਧੀਨ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਜਾਰੀ ਕੀਤੇ ਗਏ ਹਨ।
ਕਿਨ੍ਹਾਂ ਥਾਵਾਂ ਤੇ ਬਲੈਕਆਊਟ ਲਾਗੂ ਨਹੀਂ
ਇਹ ਹੁਕਮ ਕੇਂਦਰੀ ਜੇਲ੍ਹ ਗੁਰਦਾਸਪੁਰ ਅਤੇ ਹਸਪਤਾਲਾਂ ‘ਤੇ ਲਾਗੂ ਨਹੀਂ ਹੋਵੇਗਾ। ਹਾਲਾਂਕਿ, ਇਨ੍ਹਾਂ ਵਿਭਾਗਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕੇਂਦਰੀ ਜੇਲ੍ਹ ਗੁਰਦਾਸਪੁਰ ਅਤੇ ਹਸਪਤਾਲਾਂ ਦੀਆਂ ਖਿੜਕੀਆਂ ਰੋਜ਼ਾਨਾ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਬੰਦ ਅਤੇ ਢੱਕੀਆਂ ਰਹਿਣ ਤਾਂ ਜੋ ਕੋਈ ਵੀ ਰੌਸ਼ਨੀ ਬਾਹਰ ਨਾ ਜਾ ਸਕੇ।
ਬਿਜਲੀ ਬੰਦ ਹੋਣ ਸਬੰਧੀ ਹੈਲਪਲਾਈਨ ਨੰਬਰ ਜਾਰੀ
ਉਨ੍ਹਾਂ ਕਿਹਾ ਕਿ ਦੇਸ਼ ਦੇ ਭਲੇ ਲਈ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਲੋੜ ਹੈ। ਪਹਿਲਾਂ ਦੇ ਬਲੈਕਆਊਟ ਵਿੱਚ, ਕੁਝ ਲੋਕਾਂ ਨੇ ਪਾਲਣਾ ਕੀਤੀ, ਕੁਝ ਨੇ ਨਹੀਂ ਕੀਤੀ। ਸਾਇਰਨ ਵੱਜਦੇ ਹੀ ਦੋ ਮਿੰਟਾਂ ਦੇ ਅੰਦਰ-ਅੰਦਰ ਪੂਰੇ ਸ਼ਹਿਰ ਵਿੱਚ ਬਲੈਕਆਊਟ ਹੋ ਗਿਆ। ਪਰ ਹੁਣ ਇਹ ਸ਼ਾਮ 6.30 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ। ਬਲੈਕਆਊਟ ਆਦੇਸ਼ਾਂ ਦੇ ਨਾਲ, ਇੱਕ ਹੈਲਪਲਾਈਨ ਨੰਬਰ 01832221262 ਵੀ ਜਾਰੀ ਕੀਤਾ ਗਿਆ ਹੈ।
ਦੇਰ ਰਾਤ ਹੋਏ ਸੀ ਚਾਰ ਧਮਾਕੇ
ਬੁੱਧਵਾਰ ਰਾਤ ਨੂੰ ਕਰੀਬ 1:15 ਵਜੇ ਅੰਮ੍ਰਿਤਸਰ ਦੇ ਪਿੰਡਾਂ ਜੇਤਵਾਲ, ਦੁਧਲਾ, ਮੱਖਣਵਿੰਡੀ ਅਤੇ ਪੰਧੇਰ ਵਿੱਚ ਰਾਕੇਟ ਡਿੱਗੇ। ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ, ਲੋਕਾਂ ਨੇ ਬੁੱਧਵਾਰ ਰਾਤ ਨੂੰ ਇੱਕ ਤੋਂ ਬਾਅਦ ਇੱਕ ਚਾਰ ਧਮਾਕਿਆਂ ਦੀ ਆਵਾਜ਼ ਸੁਣੀ। ਇਸ ਨਾਲ ਪੂਰੇ ਜ਼ਿਲ੍ਹੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੇ ਜ਼ਿਲ੍ਹੇ ਵਿੱਚ ਬਿਜਲੀ ਬੰਦ ਕਰ ਦਿੱਤੀ ਅਤੇ ਬਲੈਕਆਊਟ ਲਗਾ ਦਿੱਤਾ। ਬਰਾਮਦ ਕੀਤੇ ਗਏ ਰਾਕੇਟਾਂ ਬਾਰੇ, ਮਾਹਿਰਾਂ ਦਾ ਕਹਿਣਾ ਹੈ ਕਿ ਇਹ ਰਾਕੇਟ ਪਾਕਿਸਤਾਨ ਤੋਂ ਦਾਗੇ ਗਏ ਹੋ ਸਕਦੇ ਹਨ, ਪਰ ਭਾਰਤੀ ਹਵਾਈ ਸੈਨਾ ਨੇ ਉਨ੍ਹਾਂ ਨੂੰ ਅਸਮਾਨ ਵਿੱਚ ਹੀ ਨਸ਼ਟ ਕਰ ਦਿੱਤਾ। ਇਸ ਤੋਂ ਬਾਅਦ, ਉਨ੍ਹਾਂ ਦੇ ਅਵਸ਼ੇਸ਼ ਵੱਖ-ਵੱਖ ਪਿੰਡਾਂ ਦੇ ਖੇਤਾਂ ਵਿੱਚ ਡਿੱਗ ਪਏ। ਪਿੰਡ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੇਰ ਰਾਤ ਧਮਾਕਿਆਂ ਦੀ ਆਵਾਜ਼ ਸੁਣੀ ਅਤੇ ਆਪਣੇ ਪਿੰਡ ਦੇ ਖੇਤਾਂ ਵਿੱਚ ਅਸਮਾਨ ਤੋਂ ਰਾਕੇਟ ਡਿੱਗਦੇ ਦੇਖੇ। ਇਸ ਵੇਲੇ ਭਾਰਤੀ ਫੌਜ ਅਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਰੁੱਝੀ ਹੋਈ ਹੈ।