ਪੰਜਾਬ ‘ਚ ਨਸ਼ੇ ਦੀ ਜੜ੍ਹ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਹੁਣ ‘ਨਸ਼ਾ ਛੁਡਾਓ ਯਾਤਰਾ’ ਸ਼ੁਰੂ ਕਰੇਗੀ। ਇਹ ਯਾਤਰਾ 2 ਮਈ ਤੋਂ ਸ਼ੁਰੂ ਹੋਵੇਗੀ ਜੋ ਕਿ 4 ਮਈ ਤੱਕ ਚੱਲੇਗੀ। ਇਸ ਯਾਤਰਾ ਤਹਿਤ ਹਰ ਪਿੰਡ ਅਤੇ ਵਾਰਡ ਨੂੰ ਕਵਰ ਕੀਤਾ ਜਾਵੇਗਾ, ਜਿਹਦੇ ‘ਚ ਜ਼ਿਲ੍ਹਿਆਂ ‘ਚ ਮੀਟਿੰਗਾਂ ਕੀਤੀਆਂ ਜਾਣਗੀਆਂ। ਜਦੋਂ ਕਿ 7 ਮਈ ਤੋਂ ਹਰ ਪਿੰਡ ਅਤੇ ਵਾਰਡ ਵਿੱਚ ਇੱਕ ਜਨਤਕ ਮੀਟਿੰਗ ਹੋਵੇਗੀ। ਇਹ ਮੁਹਿੰਮ ਸਰਪੰਚ, ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ‘ਤੇ ਚਲਾਈ ਜਾਵੇਗੀ। ਇਸ ਵਿੱਚ ਪਿੰਡ ਰੱਖਿਆ ਕਮੇਟੀਆਂ ਦਾ ਵੀ ਮਹੱਤਵਪੂਰਨ ਯੋਗਦਾਨ ਹੋਵੇਗਾ।
ਨਸ਼ਿਆਂ ਖ਼ਿਲਾਫ਼ ਇਕੱਠੇ ਲੜਾਂਗੇ ਲੜਾਈ : CM ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਅਸੀਂ ਇਕੱਠੇ ਲੜਾਈ ਲੜਾਂਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਲੜਾਈ ‘ਚ ਆਮ ਲੋਕ ਨਹੀਂ ਸ਼ਾਮਲ਼ ਨਹੀਂ ਹੁੰਦੇ, ਉਦੋਂ ਤੱਕ ਇਹ ਜੰਗ ਸਫ਼ਲ ਨਹੀਂ ਹੋ ਸਕਦੀ। ਜਿਸ ਕਾਰਨ CM ਹੈਲਪਲਾਈਨ ਸ਼ੁਰੂ ਕੀਤੀ ਗਈ ਸੀ,ਜਿਹਦੇ ‘ਤੇ ਕੋਈ ਵੀ ਵਿਅਕਤੀ ਨਸ਼ਾ ਤਸਕਰੀ ਸੰਬੰਧੀ ਜਾਣਕਾਰੀ ਦੇ ਸਕਦਾ ਹੈ। ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਖੁਦ ਇਸ ਹੈਲਪਲਾਈਨ ‘ਤੇ ਪ੍ਰਾਪਤ ਜਾਣਕਾਰੀ ਦੀ ਨਿਗਰਾਨੀ ਕਰਦੇ ਹਨ। ਉਹ ਉਨ੍ਹਾਂ ਸ਼ਿਕਾਇਤਾਂ ‘ਤੇ ਕੀਤੀ ਗਈ ਕਾਰਵਾਈ ਬਾਰੇ ਰਿਪੋਰਟਾਂ ਵੀ ਲੈਂਦੇ ਹਨ।
DGP ਗੌਰਵ ਯਾਦਵ ਕਰਨਗੇ ਮੀਟਿੰਗ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅੱਜ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਅਤੇ ਸੀਪੀ ਨਾਲ ਮੀਟਿੰਗ ਕਰਨਗੇ। ਇਹ ਮੀਟਿੰਗ ਚੰਡੀਗੜ੍ਹ ਵਿੱਚ ਹੋਵੇਗੀ। ਇਸ ਦੌਰਾਨ ਹਰ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਦੀ ਯੋਜਨਾ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ ਡੀਜੀਪੀ ਗੌਰਵ ਯਾਦਵ ਨੇ ਐੱਸਐੱਸਪੀ ਤੇ ਸੀਪੀ ਨੂੰ ਪੰਜਾਬ ‘ਚ 31 ਮਈ ਤੱਕ ਨਸ਼ਾ ਖਤਮ ਕਰਨ ਦੀ ਡੇਡਲਾਈਨ ਦਿੱਤੀ ਗਈ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਜੇਕਰ ਕਿਸੇ ਜ਼ਿਲ੍ਹੇ ’ਚੋਂ ਇਕ ਗ੍ਰਾਮ ਨਸ਼ਾ ਵੀ ਮਿਲਿਆ ਤਾਂ ਇਸ ਦੇ ਲਈ ਐੱਸਐੱਸਪੀ ਤੇ ਸੀਪੀ ਜ਼ਿੰਮੇਵਾਰ ਹੋਣਗੇ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਅਧਿਕਾਰੀ ਚੰਗਾ ਕੰਮ ਕਰਨਗੇ, ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਅਤੇ ਜਿਹਦੇ ਅਧਿਕਾਰੀ ਵਧੀਆ ਕੰਮ ਨਹੀਂ ਕਰਨਗੇ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕੀ ਪੰਜਾਬ ‘ਚ ਨਸ਼ਾ ਪੂਰੀ ਤਰ੍ਹਾਂ ਖ਼ਤਮ ਹੋਇਆ ਹੈ ?
ਬੇਸ਼ੱਕ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮਕਸਦ ਨਾਲ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਮੁਹਿੰਮ ਚਲਾਈ ਗਈ ਹੈ, ਜਿਸ ਦੇ ਤਹਿਤ ਵੱਡੇ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕਸਿਆ ਗਿਆ, ਬੁਲਡੋਜ਼ਰ ਕਾਰਵਾਈ ਕੀਤੀ ਗਈ। ਪਰ ਹੁਣ ਇਹ ਸਵਾਲ ਉੱਠਦਾ ਹੈ ਕੀ ਪੰਜਾਬ ‘ਚ ਨਸ਼ਾ ਪੂਰੀ ਤਰ੍ਹਾਂ ਖ਼ਤਮ ਹੋਇਆ ਹੈ ਤਾਂ ਇਸ ਦਾ ਜਵਾਬ ਹੈ ਨਹੀਂ। ਪੰਜਾਬ ‘ਚ ਨਸ਼ਾ ਹਾਲੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ। ਹਾਲਾਂਕਿ ਸਰਕਾਰ ਅਤੇ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਕਈ ਮਹੱਤਵਪੂਰਨ ਕਦਮ ਚੁੱਕੇ ਗਏ ਹਨ ਅਤੇ ਪੁਲਿਸ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਹੁਣ ਤੱਕ ਕਈ ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਪਰ ਇਸ ਦੇ ਬਾਵਜੂਦ ਵੀ ਨਸ਼ਿਆਂ ਨਾਲ ਜੁੜੇ ਕਈ ਮਾਮਲੇ ਸਾਹਮਣੇ ਆ ਰਹੇ ਹਨ ਜੋ ਕਿ ਇਹ ਮੁੱਦਾ ਹਾਲੇ ਵੀ ਚੁਣੌਤੀਪੂਰਨ ਬਣਿਆ ਹੋਇਆ ਹੈ।
ਪੰਜਾਬ ‘ਚ ਨਸ਼ਾ ਪੂਰੀ ਤਰ੍ਹਾਂ ਨਾ ਖ਼ਤਮ ਹੋਣ ਦੇ ਮੁੱਖ ਕਾਰਨ
ਪੰਜਾਬ ‘ਚ ਨਸ਼ਾ ਪੂਰੀ ਤਰ੍ਹਾਂ ਖਤਮ ਨਾ ਹੋਣ ਦੇ ਕਈ ਮੁੱਖ ਕਾਰਨ ਹਨ, ਜੋ ਇਸ ਪ੍ਰਕਾਰ ਹੈ ।
1. ਬੇਰੁਜ਼ਗਾਰੀ ਅਤੇ ਨੌਜਵਾਨਾਂ ਦੀ ਨਿਰਾਸ਼ਾ
ਪੰਜਾਬ ‘ਚ ਨਸ਼ਾ ਪੂਰੀ ਤਰ੍ਹਾਂ ਨਾ ਖਤਮ ਹੋਣ ਦਾ ਮੁੱਖ ਕਾਰਨ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਘੱਟ ਹਨ, ਜਿਸ ਕਰਕੇ ਉਹ ਨਸ਼ੇ ਵੱਲ ਵਧਦੇ ਹਨ। ਇਸ ਦੇ ਨਾਲ ਹੀ ਮਾਨਸਿਕ ਤਣਾਅ ਅਤੇ ਅਣਿਸ਼ਚਿਤ ਭਵਿੱਖ ਵੀ ਨਸ਼ੇ ਦਾ ਮੁੱਖ ਕਾਰਨ ਹਨ।
2. ਨਸ਼ਾ ਤਸਕਰੀ ਦਾ ਸੂਖਮ ਅਤੇ ਮਜ਼ਬੂਤ ਜਾਲ
ਇਸ ਦੇ ਨਾਲ ਹੀ ਸਰਹੱਦੀ ਇਲਾਕਿਆਂ ਰਾਹੀਂ ਨਸ਼ਾ ਵੱਡੀ ਮਾਤਰਾ ‘ਚ ਅੰਦਰ ਆ ਰਿਹਾ ਹੈ। ਡਰੱਗ ਮਾਫੀਆ ਅਤੇ ਵਿਦੇਸ਼ੀ ਗਿਰੋਹ ਅਜੇ ਵੀ ਸਰਗਰਮ ਹਨ, ਜੋ ਨਵੇਂ ਤਰੀਕਿਆਂ ਨਾਲ ਨਸ਼ਾ ਪਹੁੰਚਾ ਰਹੇ ਹਨ।
3. ਕਾਨੂੰਨੀ ਅਤੇ ਪ੍ਰਸ਼ਾਸਕੀ ਕਮਜ਼ੋਰੀਆਂ
ਹਾਲਾਂਕਿ ਸਜ਼ਾ ਦਰ ਵਧੀ ਹੈ, ਪਰ ਕਈ ਵਾਰੀ ਚਿੱਟੇ ਤਸਕਰ ਛੁਟ ਜਾਂਦੇ ਹਨ। ਬਿਹਤਰ ਨਿਗਰਾਨੀ ਅਤੇ ਵਿਵਸਥਿਤ ਜ਼ਿੰਮੇਵਾਰੀ ਦੀ ਘਾਟ ਹੈ।
5. ਸਮਾਜਿਕ ਸੁਚੇਤਤਾ ਦੀ ਘਾਟ
ਲੋਕਾਂ ਵਿਚ ਨਸ਼ੇ ਖ਼ਿਲਾਫ ਸਚੇਤਨਾ ਦੀ ਹਾਲੇ ਵੀ ਘਾਟ ਹੈ ਅਤੇ ਕਈ ਪਰਿਵਾਰ ਲੱਜਾ ਜਾਂ ਡਰ ਕਰਕੇ ਨਸ਼ੇ ਦੀ ਸਮੱਸਿਆ ਨੂੰ ਲੁਕਾਉਂਦੇ ਹਨ।
6. ਉਪਚਾਰ ਸਹੂਲਤਾਂ ਦੀ ਘਾਟ
ਨਸ਼ਾ ਛੁਡਾਉਣ ਵਾਲੇ ਕੇਂਦਰਾਂ ਦੀ ਸੰਖਿਆ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਹਾਲੇ ਵੀ ਪ੍ਰਸ਼ਨਚਿੰਨ੍ਹ ਹੇਠ ਹੈ। ਬਹੁਤ ਸਾਰੇ ਕੇਂਦਰਾਂ ਵਿੱਚ ਪ੍ਰੋਫੈਸ਼ਨਲ ਸਟਾਫ਼ ਦੀ ਘਾਟ ਅਤੇ ਬੁਰੀ ਹਾਲਤ ਦੀਆਂ ਰਿਪੋਰਟਾਂ ਹਨ।
ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਨਸ਼ਾ ਮੁਕਤ ਮੁਹਿੰਮ ਤਹਿਤ ਕਈ ਉਪਲਬਧੀਆਂ ਹਾਸਲ ਕੀਤੀਆਂ ਗਈਆਂ ਹਨ, ਪਰ ਨਸ਼ਾ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਇਹ ਮੁੱਦਾ ਹਾਲੇ ਵੀ ਗੰਭੀਰ ਹੈ ਅਤੇ ਇਸਨੂੰ ਹੱਲ ਕਰਨ ਲਈ ਲੰਬੇ ਸਮੇਂ ਦੀ ਯੋਜਨਾ, ਸਮਾਜਿਕ ਸਹਿਯੋਗ ਅਤੇ ਪ੍ਰਭਾਵਸ਼ਾਲੀ ਨੀਤੀਆਂ ਦੀ ਲੋੜ ਹੈ।