ਪੰਜਾਬ ਜੋ ਕਿ ਗੁਰੂਆਂ ਪੀਰਾਂ ਅਤੇ ਪੰਜ ਦਰਿਆਵਾਂ ਦੀ ਧਰਤੀ ਲਈ ਜਾਣੀ ਜਾਂਦੀ ਹੈ। ਉੱਥੇ ਹੀ ਪੰਜਾਬ ਸਾਹਿਤ ਕਲਾ ਦੇ ਖੇਤਰ ਲਈ ਵੀ ਜਾਣੀ ਜਾਂਦੀ ਹੈ। ਇਸ ਪਵਿੱਤਰ ਧਰਤੀ ‘ਤੇ ਅੰਮ੍ਰਿਤਾ ਪ੍ਰੀਤਮ , ਸੁਰਜੀਤ ਪਾਤਰ, ਪਾਸ਼ ਅਤੇ ਸ਼ਿਵ ਕੁਮਾਰ ਬਟਾਲਵੀ ਵਰਗੇ ਮਹਾਨ ਕਵੀਆਂ ਨੇ ਜਨਮ ਲਿਆ। ਇਨ੍ਹਾਂ ਮਹਾਨ ਸ਼ਖਸਿਅਤਾਂ ਨੇ ਸਹਿਤ ਕਲਾ ਦੇ ਖੇਤਰ ‘ਚ ਨਾ ਸਿਰਫ਼ ਵੱਡਾ ਯੋਗਦਾਨ ਦਿੱਤਾ ਹੈ ਸਗੋਂ ਪੰਜਾਬ ਦਾ ਨਾਂ ਸੁਨਹਿਰੇ ਅੱਖਰਾਂ ‘ਚ ਦਰਜ ਕੀਤਾ ਹੈ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਲਾ ਦੇ ਖੇਤਰ ‘ਚ ਇੱਕ ਹੋਰ ਮਹਾਨ ਸ਼ਖਸੀਅਤ ਨੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਜੀ ਹਾਂ, ਦੱਸ ਦਈਏ ਕਿ ਗੁਰਬਾਣੀ ਕੀਰਤਨ ਦੇ ਖੇਤਰ ‘ਚ ਵਿਲੱਖਣ ਯੋਗਦਾਨ ਪਾਉਣ ਵਾਲੇ ਪ੍ਰਸਿੱਧ ਰਾਗੀ ਅਤੇ ਸ਼ਬਦ ਗਾਇਕ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਨੂੰ ਅੱਜ ਕਲਾ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਹੋਏ ਇੱਕ ਸ਼ਾਨਦਾਰ ਸਮਾਰੋਹ ਵਿੱਚ ਉਨ੍ਹਾਂ ਨੂੰ ਇਹ ਸਨਮਾਨ ਪ੍ਰਦਾਨ ਕੀਤਾ। ਆਉ ਹੁਣ ਅਸੀਂ ਤੁਹਾਨੂੰ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਬਾਰੇ ਪੂਰੇ ਵਿਸਥਾਰ ਨਾਲ ਦੱਸਦੇ ਹਾਂ।
ਕੌਣ ਹਨ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ?
ਭਾਈ ਹਰਜਿੰਦਰ ਸਿੰਘ ਜਿਨ੍ਹਾਂ ਦਾ ਜਨਮ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਲੜਵਾਲ ‘ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਜੀ ਵੀ ਰਾਗੀ ਸਨ। ਉਨ੍ਹਾਂ ਨੇ ਆਪਣੀ ਸਿੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਭਾਈ ਹਰਜਿੰਦਰ ਸਿੰਘ ਪਿਛਲੇ 25 ਸਾਲਾਂ ਤੋਂ ਦੇਸ਼-ਵਿਦੇਸ਼ ‘ਚ ਗੁਰਬਾਣੀ ਕੀਰਤਨ ਰਾਹੀਂ ਸਿੱਖ ਭਗਤੀ ਸੰਗੀਤ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਨੇ ਹੁਣ ਤੱਕ 100 ਤੋਂ ਵੱਧ ਐਲਬਮਾਂ ਰਿਲੀਜ਼ ਕੀਤੀਆਂ ਹਨ, ਜਿਨ੍ਹਾਂ ਵਿੱਚ ਲਗਭਗ 650 ਸ਼ਬਦ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਬਾਰੇ ਉਨ੍ਹਾਂ ਦੀ ਸੁਰੀਲੀ ਆਵਾਜ਼ ਅਤੇ ਭਾਵਪੂਰਨ ਕਵਿਤਾਵਾਂ ਨੇ ਉਨ੍ਹਾਂ ਨੂੰ ਦੁਨੀਆ ਭਰ ਦੇ ਸਿੱਖ ਭਾਈਚਾਰੇ ਵਿੱਚ ਪ੍ਰਸਿੱਧ ਬਣਾਇਆ ਹੈ।
‘ਸ਼੍ਰੀਨਗਰ ਵਾਲੇ’ ਵਜੋਂ ਹੋਏ ਮਸ਼ਹੂਰ
ਦੱਸਿਆ ਜਾਂਦਾ ਹੈ ਕਿ ਭਾਈ ਹਰਜਿੰਦਰ ਸਿੰਘ ਨੇ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੇ ਇੱਕ ਗੁਰਦੁਆਰੇ ਵਿੱਚ ਕਈ ਸਾਲਾਂ ਤੱਕ ਕੀਰਤਨ ਕੀਤਾ, ਜਿਸ ਕਾਰਨ ਉਨ੍ਹਾਂ ਨੂੰ “ਸ਼੍ਰੀਨਗਰ ਵਾਲੇ” ਵਜੋਂ ਜਾਣਿਆ ਜਾਂਦਾ ਹੈ।
ਪੰਜਾਬੀ ਗਾਇਕਾ ਜਸਪਿੰਦਰ ਨਰੂਲਾ ਨੂੰ ਮਿਲਿਆ ਪਦਮ ਸ਼੍ਰੀ ਪੁਰਸਕਾਰ
ਇਸ ਦੇ ਨਾਲ ਹੀ ਪੰਜਾਬੀ ਜਗਤ ਦੀ ਮਸ਼ਹੂਰ ਗਾਇਕਾ ਜਸਪਿੰਦਰ ਨਰੂਲਾ ਨੂੰ ਵੀ ਕਲਾ ਦੇ ਖੇਤਰ ‘ਚ ਪਦਮ ਸ਼੍ਰੀ ਪੁਰਸਕਾਰ ਮਿਲਿਆ ਹੈ। ਗਾਇਕਾ ਜਸਪਿੰਦਰ ਨਰੂਲਾ ਨੇ ਕਿਹਾ ਕਿ ਜਦੋਂ ਤੁਹਾਡੀ ਤਪੱਸਿਆ ਸਫਲ ਹੁੰਦੀ ਹੈ ਤਾਂ ਤੁਸੀਂ ਬਹੁਤ ਵਧੀਆ ਮਹਿਸੂਸ ਕਰਦੇ ਹੋ ਅਤੇ ਤੁਹਾਨੂੰ ਜੋ ਅਨੁਭਵ ਮਿਲਦਾ ਹੈ, ਜੋ ਪਿਆਰ ਅਤੇ ਸਤਿਕਾਰ ਮਿਲਦਾ ਹੈ ਉਸ ਨਾਲ ਹੋਰ ਸਿਰ ਉਚਾ ਹੁੰਦਾ ਹੈ। ਇਸ ਐਲਾਨ ਤੋਂ ਬਾਅਦ ਮੈਨੂੰ ਮਿਲੇ ਪਿਆਰ ਅਤੇ ਸਤਿਕਾਰ ਲਈ ਮੈਂ ਪਰਮਾਤਮਾ ਅਤੇ ਤੁਹਾਡੇ ਸਾਰਿਆਂ ਦਾ ਧੰਨਵਾਦੀ ਹਾਂ।
ਪੰਜਾਬ ‘ਚ ਹੁਣ ਤੱਕ ਕਿੰਨੇ ਸ਼ਖਸੀਅਤਾਂ ਨੂੰ ਮਿਲਿਆ ਹੈ ਪਦਮ ਸ਼੍ਰੀ ਪੁਰਸਕਾਰ
ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਕਲਾ, ਚਿਕਿਤਸਾ ਅਤੇ ਖੇਡਾਂ ਦੇ ਖੇਤਰ ‘ਚ ਕਈ ਮਹਾਨ ਸ਼ਖਸੀਅਤਾਂ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ਜੋ ਕਿ ਇਸ ਪ੍ਰਕਾਰ ਹੈ।
1. ਨਿਰਮਲ ਰਿਸ਼ੀ
ਪੰਜਾਬੀ ਫਿਲਮ ਜਗਤ ਦੀ ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਨੂੰ ਪੰਜਾਬੀ ਸਿਨੇਮਾ ਜਗਤ ‘ਚ ਵਿਸ਼ੇਸ਼ ਯੋਗਦਾਨ ਦੇਣ ਲਈ ਉਨ੍ਹਾਂ ਨੂੰ ਸਾਲ 2024 ‘ਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
2. ਪ੍ਰਣ ਸੱਭਰਵਾਲ
ਪ੍ਰਣ ਸੱਭਰਵਾਲ ਪਟਿਆਲਾ ਜੋ ਕਿ ਥੀਏਟਰ ਕਲਾਕਾਰ ਹਨ। ਉਨ੍ਹਾਂ ਨੇ 70 ਸਾਲਾਂ ਵਿੱਚ 5,000 ਤੋਂ ਵੱਧ ਪ੍ਰਦਰਸ਼ਨ ਕੀਤੇ ਹਨ। ਉਨ੍ਹਾਂ ਦੀ ਥੀਏਟਰ ਅਤੇ ਰੇਡੀਓ ਵਿੱਚ ਯੋਗਦਾਨ ਪੰਜਾਬੀ ਥੀਏਟਰ ਦੀ ਵਿਰਾਸਤ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਨੂੰ ਵੀ ਕਲਾ ਦੇ ਖੇਤਰ ‘ਚ ਅਹਿਮ ਯੋਗਦਾਨ ਲਈ ਪਦਮ ਸ਼੍ਰੀ ਪੁਰਸਕਾਰ ਮਿਲਿਆ ਸੀ।
3. ਡਾ. ਰਤਨ ਲਾਲ ਮਿੱਤਲ
ਡਾ. ਰਤਨ ਲਾਲ ਮਿੱਤਲ ਨੂੰ ਚਿਕਿਤਸਾ ਖੇਤਰ ਵਿੱਚ ਉਨ੍ਹਾਂ ਦੀ ਸੇਵਾ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਚਿਕਿਤਸਾ ਸੇਵਾ ਨੇ ਕਈ ਜੀਵਨ ਬਚਾਏ ਹਨ।
4. ਹਰਬਿੰਦਰ ਸਿੰਘ
ਭਾਰਤੀ ਹਾਕੀ ਟੀਮ ਦੇ ਸਾਬਕਾ ਖਿਡਾਰੀ ਹਰਬਿੰਦਰ ਸਿੰਘ ਨੂੰ ਖੇਡ ਜਗਤ ਦੇ ਖੇਤਰ ‘ਚ ਅਹਿਮ ਯੋਗਦਾਨ ਦੇਣ ਲਈ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਤਿੰਨ ਓਲੰਪਿਕ (1964, 1968, 1972) ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।