ਕਿਸਾਨ, ਸਮਾਜ ਦਾ ਉਹ ਹਿੱਸਾ ਹੁੰਦੇ ਹਨ ਨੇ ਆਪਣੀ ਮਿਹਨਤ ਅਤੇ ਖੂਨ ਪਸੀਨੇ ਨਾਲ ਫਸਲਾਂ ਉਗਾਉਂਦੇ ਹਨ, ਖੇਤੀਬਾੜੀ ਕਰਦੇ ਹਨ ਅਤੇ ਪੂਰੇ ਦੇਸ਼ ਦਾ ਢਿੱਡ ਭਰਦੇ ਹਨ। ਪਰ ਜਦੋਂ ਕੁਦਰਤ ਦਾ ਕਹਿਰ ਕਿਸਾਨਾਂ ‘ਤੇ ਪੈਂਦਾ ਹੈ ਤਾਂ ਉਸ ਦੀ ਭਰਪਾਈ ਕੋਈ ਨਹੀਂ ਕਰ ਸਕਦਾ। ਪਿਛਲੇ ਦਿਨੀਂ ਮੌਸਮ ਨੇ ਜਿਸ ਤਰੀਕੇ ਨਾਲ ਆਪਣਾ ਕਹਿਰ ਕਿਸਾਨਾਂ ’ਤੇ ਢਾਇਆ ਹੈ, ਉਸ ਨਾਲ ਕਿਸਾਨ ਫਿਕਰਾਂ ਨਾਲ ਲੱਦੇ ਹੋਏ ਹਨ। ਇੱਕ ਪਾਸੇ ਜਿੱਥੇ ਤੇਜ਼ ਮੀਂਹ- ਝੱਖੜ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਖਰਾਬ ਕਰ ਰਹੀਆਂ ਹੈ । ਉੱਥੇ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਕਣਕ ਦੀ ਪੱਕੀ ਹੋਈ ਫ਼ਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਵੀ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾ ਰਹੀਆਂ ਹਨ। ਇਸ ਦਾ ਮੁੱਖ ਕਾਰਨ ਬਿਜਲੀ ਦੀਆਂ ਤਾਰਾਂ ਹਨ ਜੋ ਕਿ ਸੂਬਾ ਸਰਕਾਰ ਦੀ ਨਾਕਾਮੀ ਹੈ, ਜਿਸ ਕਾਰਨ ਫਸਲਾਂ ਨੂੰ ਤਾਂ ਨੁਕਸਾਨ ਹੁੰਦਾ ਹੈ ਅਤੇ ਜਾਨੀ ਨੁਕਸਾਨ ਵੀ ਹੁੰਦਾ ਹੈ। ਜਾਣੋ ਪੂਰੀ ਜਾਣਕਾਰੀ ਵਿਸਥਾਰ ਦੇ ਨਾਲ
ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਫਸਲਾਂ ਨੂੰ ਲੱਗੀ ਭਿਆਨਕ ਅੱਗ
1. ਹਾਲ ਹੀ ‘ਚ ਬਰਨਾਲਾ ਦੇ ਪਿੰਡ ਕੁਰਡ ਵਿੱਚ ਆਸਮਾਨੀ ਬਿਜਲੀ ਡਿੱਗਣ ਕਾਰਨ ਕਣਕ ਦੀ ਫ਼ਸਲ ਸੜ ਕੇ ਸਵਾਹ ਹੋ ਗਈ । ਅੱਗ ਲੱਗਣ ਕਾਰਨ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪਿੰਡ ਦੇ ਸਰਪੰਚ ਸੁਖਵਿੰਦਰ ਦਾਸ ਬਾਵਾ ਨੇ ਕਿਹਾ ਕਿ ਇਹ ਘਟਨਾ ਭਾਰੀ ਮੀਂਹ ਅਤੇ ਤੇਜ਼ ਹਵਾ ਕਰਕੇ ਵਾਪਰੀ ਹੈ।
2. ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ‘ਚ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਕਾਰਨ ਲਗਭਗ 15 ਏਕੜ ਕਣਕ ਅਤੇ ਤੂੜੀ ਸੜ ਕੇ ਸੁਆਹ ਹੋ ਗਈ। ਕੁਝ ਕਿਸਾਨਾਂ ਕੋਲ ਸਿਰਫ਼ ਡੇਢ ਏਕੜ ਕਣਕ ਸੀ ਜੋ ਪੂਰੀ ਤਰ੍ਹਾਂ ਸੜ ਗਈ। ਮਾਨਸਾ ਜ਼ਿਲ੍ਹੇ ‘ਚ ਮੀਂਹ ਕਾਰਨ ਕਿਸਾਨਾਂ ਦੀ ਫ਼ਸਲ ਦਾ 90 ਫ਼ੀਸਦ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ।
3. ਜਲਾਲਾਬਾਦ ਦੇ ਪਿੰਡ ਮਾੜਿਆਂਵਾਲੀ ਢਾਣੀ ‘ਚ ਖੇਤਾਂ ‘ਚ ਖੜ੍ਹੀ ਕਣਕ ਨੂੰ ਅੱਗ ਲੱਗ ਗਈ ਤੇ ਕਰੀਬ 50 ਤੋਂ 60 ਕਿੱਲੇ ਫ਼ਸਲ ਸੜ ਕੇ ਸੁਆਹ ਹੋ ਗਈ। ਇਸ ਦੌਰਾਨ ਕਿਸਾਨਾਂ ਵੱਲੋਂ 40 ਤੋਂ 50 ਦੇ ਕਰੀਬ ਟਰੈਕਟਰਾਂ ਦੀ ਮਦਦ ਦੇ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
4 ਫਿਰੋਜ਼ਪੁਰ ਜ਼ੀਰਾ ਮੱਖੂ ਹਾਈਵੇਅ ਰੋਡ ‘ਤੇ ਪਿੰਡ ਹਾਜੀਵਾਲਾ ਨੇੜੇ ਕਣਕ ਦੀ ਫ਼ਸਲ ਨੂੰ ਭਿਆਨਕ ਅੱਗ ਲੱਗ ਗਈ। ਜਿੱਥੇ 100 ਏਕੜ ਤੋਂ ਵੱਧ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ।
5 ਮੁਕਤਸਰ ਦੇ ਨੇੜਲੇ ਪਿੰਡ ਚਿੱਬੜਾਂ ਵਾਲੀ ‘ਚ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਲਗਭਗ 4.5 ਤੋਂ 5 ਏਕੜ ਕਣਕ ਦੀ ਫਸਲ ਨੂੰ ਅੱਗ ਲੱਗ ਗਈ। ਇਸ ਦੌਰਾਨ ਪਿੰਡ ਵਾਸੀਆਂ ਨੇ ਬੜੀ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ।
6 ਇਨ੍ਹਾਂ ਹੀ ਨਹੀਂ ਜ਼ਿਲ੍ਹਾ ਅੰਮ੍ਰਿਤਸਰ, ਬਠਿੰਡਾ, ਫ਼ਰੀਦਕੋਟ, ਲੁਧਿਆਣਾ, ਫ਼ਤਹਿਗੜ੍ਹ ਸਾਹਿਬ, ਜਲੰਧਰ, ਮਾਨਸਾ ਤੇ ਮੋਗਾ ਦੇ ਨਾਲ-ਨਾਲ ਸੰਗਰੂਰ ਤੇ ਪਟਿਆਲਾ ਨੂੰ ਵੀ ਮੀਂਹ ਦੀ ਮਾਰ ਝੱਲਣੀ ਪਈ ਸੀ।
ਸੂਬਾ ਸਰਕਾਰ ਦੀਆਂ ਨਾਕਾਮੀਆਂ
ਇਹ ਪਹਿਲੀ ਵਾਰ ਨਹੀਂ ਸਗੋਂ ਹਰ ਸਾਲ ਕਿਸਾਨਾਂ ਨੂੰ ਇਹ ਦਿਨ ਦੇਖਣੇ ਅਤੇ ਨੁਕਸਾਨ ਝੱਲਣੇ ਪੈਂਦੇ ਹਨ। ਜੇਕਰ ਇਸ ਮਾਮਲੇ ‘ਤੇ ਅਸੀਂ ਥੋੜਾ ਹੋਰ ਪਿੱਛੇ ਜਾਈਏ ਤਾਂ ਸਾਲ 2022 ‘ਚ ਵੀ ਰਿਕਾਰਡ ਤੋੜ ਮੀਂਹ ਕਾਰਨ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ ਸੀ। ਇਸ ਬਾਰੇ ਕਈ ਰਿਪੋਰਟਾਂ ਤਿਆਰ ਹੁੰਦੀਆਂ ਹਨ ਤੇ ਕਿਸਾਨਾਂ ਵੱਲੋਂ ਆਪਣੀ ਨੁਕਸਾਨੀ ਗਈ ਫ਼ਸਲ ਦਾ ਮੁਆਵਜ਼ਾ ਵੀ ਮੰਗਿਆ ਜਾਂਦਾ ਹੈ। ਇਸ ਤੋਂ ਇਲਾਵਾ ਖੇਤਾਂ ‘ਚ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਹੈ ਕਿਉਂਕਿ ਤਾਰਾਂ ਨੀਵੀਆਂ ਹੋਣ ਦੇ ਕਾਰਨ ਖੇਤਾਂ ਨੂੰ ਅੱਗ ਲੱਗਦੀ ਹੈ। ਇਸ ਤੋਂ ਇਲਾਵਾ ਇੱਕ ਹੋਰ ਮੁੱਖ ਕਾਰਨ ਹੈ ਕਿ ਫਾਇਰ ਬ੍ਰਿਗੇਡ ਦੀ ਗੱਡੀਆਂ ਦਾ ਮੌਕੇ ‘ਤੇ ਨਾ ਪਹੁੰਚਣਾ ਹੈ। ਜਿਸ ਕਾਰਨ ਸੂਬਾ ਸਰਕਾਰ ਅਤੇ ਫਾਇਰ ਬ੍ਰਿਗੇਡ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜੇ ਹੁੰਦੇ ਹਨ।
ਇਹ ਅਸੀਂ ਗੱਲ ਮੰਨਦੇ ਹਾਂ ਕਿ ਕੁਦਰਤ ਦੀ ਕਹਿਰ ਅੱਗੇ ਕਿਸੇ ਦਾ ਵੀ ਜ਼ੋਰ ਨਹੀਂ ਚੱਲਦਾ ਹੈ। ਕਿਸਾਨਾਂ ਤੇ ਮਜ਼ਦੂਰਾਂ ਦੀ ਸਾਰੀ ਆਰਥਿਕ ਕਮਾਈ ਫ਼ਸਲ ਦੇ ਸਹੀ ਮੁੱਲ ਤੇ ਠੀਕ ਸਮੇਂ ‘ਤੇ ਹੋਈ ਖ਼ਰੀਦ ‘ਤੇ ਟਿਕਿਆ ਹੁੰਦਾ ਹੈ ਪਰ ਜਦੋਂ ਕੁਦਰਤੀ ਮਾਰ ਕਾਰਨ ਅਨਾਜ ਮੰਡੀਆਂ ‘ਚ ਪੁੱਜਣ ਤੋਂ ਪਹਿਲਾਂ ਹੀ ਤਬਾਹ ਹੁੰਦਾ ਹੈ ਤਾਂ ਇਹ ਨਾ ਝੱਲ ਹੋ ਸਕਣ ਵਾਲੀ ਸਥਿਤੀ ਹੁੰਦੀ ਹੈ। ਇਸ ਦੇ ਲਈ ਬਿਜਲੀ ਵਿਭਾਗ ਤੇ ਫਾਇਰ ਬ੍ਰਿਗੇਡ ਨੂੰ ਇਨ੍ਹਾਂ ਦਿਨਾਂ ‘ਚ ਕਿਸਾਨਾਂ ਦੀ ਮਦਦ ਲਈ ਬਚਾਅ ਦੇ ਫੌਰੀ ਤਰੀਕੇ ਵਿੱਢਣੇ ਚਾਹੀਦੇ ਹਨ। ਨਾਲ ਹੀ ਫ਼ਸਲ ਕੱਟਣ ਤੋਂ ਬਾਅਦ ਮੰਡੀਆਂ ‘ਚ ਮੁਕੰਮਲ ਖ਼ਰੀਦ ਤੇ ਕਿਸਾਨਾਂ ਦੀ ਜੇਬ ‘ਚ ਇਸ ਦਾ ਸਹੀ ਮੁੱਲ ਪਾਉਣਾ ਸਰਕਾਰ ਦੀ ਸਭ ਤੋਂ ਅਹਿਮ ਜ਼ਿੰਮੇਵਾਰੀ ਹੈ।