ਪੰਜਾਬ ਪੁਲਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕੰਟਰੋਲ ਹੇਠ ਵਿਦੇਸ਼ਾਂ ਤੋਂ ਚਲਾਏ ਜਾ ਰਹੇ ਦੋ ਆਈਐਸਆਈ-ਸਮਰਥਿਤ ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਵਿਸਫੋਟਕ, ਦੋ ਰਾਕੇਟ ਪ੍ਰੋਪੈਲਡ ਗ੍ਰਨੇਡ (ਆਰਪੀਜੀ) ਅਤੇ ਇੱਕ ਲਾਂਚਰ ਬਰਾਮਦ ਕੀਤਾ ਹੈ।
ਦੋ ਮਾਡਿਊਲ ਫੜੇ ਗਏ, ਵਿਦੇਸ਼ਾਂ ਤੋਂ ਸੰਚਲਿਤ ਸਨ
ਡੀਜੀਪੀ ਯਾਦਵ ਦੇ ਅਨੁਸਾਰ, ਪੁਲਸ ਨੇ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਲੋਕ ਦੋ ਵੱਖ-ਵੱਖ ਖਾਲਿਸਤਾਨੀ ਅੱਤਵਾਦੀ ਮਾਡਿਊਲਾਂ ਲਈ ਕੰਮ ਕਰ ਰਹੇ ਸਨ। ਪਹਿਲਾ ਅੱਤਵਾਦੀ ਮਾਡਿਊਲ ਫਰਾਂਸ ਵਿੱਚ ਬੈਠਾ ਕੱਟੜਪੰਥੀ ਅੱਤਵਾਦੀ ਸਤਨਾਮ ਸਿੰਘ ਉਰਫ ਸੱਤਾ ਚਲਾ ਰਿਹਾ ਸੀ, ਜਦੋਂ ਕਿ ਦੂਜਾ ਅੱਤਵਾਦੀ ਮਾਡਿਊਲ ਗ੍ਰੀਸ ਵਿੱਚ ਬੈਠਾ ਖਾਲਿਸਤਾਨੀ ਅੱਤਵਾਦੀ ਜਸਵਿੰਦਰ ਉਰਫ ਮੰਨੂ ਅਗਵਾਨ ਚਲਾ ਰਿਹਾ ਸੀ। ਇਹ ਦੋਵੇਂ ਅੱਤਵਾਦੀ ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਗੁਰਗੇ ਹਨ। ਬੀ.ਕੇ.ਆਈ. ਵਿਦੇਸ਼ਾਂ ਤੋਂ ਪੰਜਾਬ ਦੀ ਧਰਤੀ ‘ਤੇ ਅਸ਼ਾਂਤੀ ਅਤੇ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਪਾਕਿਸਤਾਨ ਦੀ ਮਦਦ ਨਾਲ ਰਚਦੇ ਸਨ।
In two intelligence-led ops, @PunjabPoliceInd has busted Babbar Khalsa International terror modules backed by ISI from #France, #Greece & #Pakistan.
Total 13 operatives arrested from both modules
Recovery: 2 RPGs (incl. launcher),2 IEDs (2.5 kg each), 2 kg RDX… pic.twitter.com/aZWBkioIZ0
— DGP Punjab Police (@DGPPunjabPolice) April 19, 2025
ਪੁਲਸ ਨੇ ਗਿਰਫਤਾਰ ਕੀਤੇ ਇਹ ਲੋਕ
ਡੀਜੀਪੀ ਦੇ ਅਨੁਸਾਰ, ਸੱਤਾ ਦੇ ਮਾਡਿਊਲ ਵਿੱਚ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਕਪੂਰਥਲਾ ਨਿਵਾਸੀ ਜਤਿੰਦਰ ਉਰਫ਼ ਹਨੀ ਅਤੇ ਜਗਜੀਤ ਉਰਫ਼ ਜੱਗਾ, ਹੁਸ਼ਿਆਰਪੁਰ ਨਿਵਾਸੀ ਹਰਪ੍ਰੀਤ ਅਤੇ ਜਗਰੂਪ ਸ਼ਾਮਲ ਹਨ। ਇਨ੍ਹਾਂ ਸਾਰਿਆਂ ਵਿਰੁੱਧ ਅੰਮ੍ਰਿਤਸਰ ਵਿੱਚ ਯੂਏਪੀਏ ਅਤੇ ਵਿਸਫੋਟਕ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੂਜੇ ਅੱਤਵਾਦੀ ਮਾਡਿਊਲ ਵਿੱਚ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਵਿਰੁੱਧ ਬਟਾਲਾ ਵਿੱਚ ਯੂਏਪੀਏ ਅਤੇ ਵਿਸਫੋਟਕ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਲਦੀ ਹੀ ਇਨ੍ਹਾਂ ਸਾਰਿਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ ਤਾਂ ਜੋ ਉਨ੍ਹਾਂ ਦੇ ਬਾਕੀ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕੇ।
ਪੁਲਸ ਨੇ ਅੱਤਵਾਦੀਆਂ ਤੋਂ ਬਾਰਮਦ ਕੀਤਾ ਇਹ ਹਥਿਆਰ
ਪੰਜਾਬ ਦੇ ਪੁਲਸ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਦਸਿਆ ਕਿ ਦੋ ਆਰਪੀਜੀ ਅਤੇ ਇੱਕ ਰਾਕੇਟ ਲਾਂਚਰ ਤੋਂ ਇਲਾਵਾ, ਪੁਲਸ ਟੀਮਾਂ ਨੇ 2.5 ਕਿਲੋਗ੍ਰਾਮ ਵਜ਼ਨ ਦੇ ਦੋ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ), ਡੈਟੋਨੇਟਰਾਂ ਵਾਲੇ ਦੋ ਹੈਂਡ ਗ੍ਰਨੇਡ, ਰਿਮੋਟ ਕੰਟਰੋਲ ਡਿਵਾਈਸ ਦੇ ਨਾਲ ਦੋ ਕਿਲੋ ਆਰਡੀਐਕਸ, ਪੰਜ ਪਿਸਤੌਲ ਬੇਰੇਟਾ ਅਤੇ ਗਲੋਕ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ 06 ਮੈਗਜ਼ੀਨ ਅਤੇ 44 ਕਾਰਤੂਸ ਅਤੇ ਇੱਕ ਵਾਇਰਲੈੱਸ ਸੈੱਟ, ਤਿੰਨ ਵਾਹਨ ਵੀ ਜ਼ਬਤ ਕੀਤੇ ਗਏ ਹਨ।
ਸਾਜ਼ਿਸ਼ ਸੀ ਪਾਕਿਸਤਾਨੀ ਆਈਐਸਆਈ ਦੀ, ਬੀਕੇਆਈ ਨੇ ਦੇਣਾ ਸੀ ਅੰਜਾਮ
ਪੰਜਾਬ ਵਿੱਚ ਅੱਤਵਾਦੀ ਹਮਲੇ ਦੀ ਸਾਜ਼ਿਸ਼ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇ ਇਸ਼ਾਰੇ ‘ਤੇ ਰਚੀ ਗਈ ਸੀ, ਜਿਸ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਬੀਕੇਆਈ ਨੂੰ ਦਿੱਤੀ ਗਈ ਸੀ। ਬੀਕੇਆਈ ਨੇ ਇਹ ਜ਼ਿੰਮੇਵਾਰੀ ਸੱਤਾ ਅਤੇ ਮੰਨੂ ਨੂੰ ਦਿੱਤੀ ਸੀ। ਡੀਜੀਪੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ‘ਤੇ ਕਿਹਾ ਕਿ ਇਹ ਪੰਜਾਬ ਦੀ ਸ਼ਾਂਤੀ ਅਤੇ ਸਥਿਰਤਾ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਅੰਤਰਰਾਸ਼ਟਰੀ ਅੱਤਵਾਦੀ ਨੈੱਟਵਰਕ ਲਈ ਇੱਕ ਵੱਡਾ ਝਟਕਾ ਹੈ।
ਹੈਪੀ ਪਾਸੀਆ ਤੋਂ ਬਾਅਦ ਦੂਜੀ ਵੱਡੀ ਸਫਲਤਾ
ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰਨ ਦੀ ਸਾਜ਼ਿਸ਼ ਰਚ ਰਹੇ ਕੱਟੜਪੰਥੀ ਅੱਤਵਾਦੀਆਂ ‘ਤੇ ਕਾਰਵਾਈ ਕਰਨ ਵਿੱਚ ਇਹ ਤਿੰਨ ਦਿਨਾਂ ਵਿੱਚ ਦੂਜੀ ਵੱਡੀ ਸਫਲਤਾ ਹੈ। ਦੋ ਦਿਨ ਪਹਿਲਾਂ ਪੰਜਾਬ ਵਿੱਚ 14 ਥਾਵਾਂ ‘ਤੇ ਗ੍ਰਨੇਡ ਹਮਲੇ ਕਰਨ ਵਾਲੇ ਅੱਤਵਾਦੀ ਹੈਪੀ ਪਾਸੀਆ ਨੂੰ ਅਮਰੀਕਾ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੈਪੀ ਦੇ ਖਿਲਾਫ ਪੰਜਾਬ ਵਿੱਚ 29 ਮਾਮਲੇ ਦਰਜ ਹਨ ਅਤੇ ਮੰਨਿਆ ਜਾਂਦਾ ਹੈ ਕਿ ਉਹ ਪਾਕਿਸਤਾਨ ਵਿੱਚ ਲੁਕੇ ਹੋਏ ਕੱਟੜਪੰਥੀ ਅੱਤਵਾਦੀ ਰਿੰਦਾ ਦਾ ਕਰੀਬੀ ਸਾਥੀ ਹੈ। ਭਾਰਤੀ ਏਜੰਸੀਆਂ ਵੱਲੋਂ ਸੌਂਪੀ ਗਈ ਮੋਸਟ ਵਾਂਟੇਡ ਸੂਚੀ ਦੇ ਆਧਾਰ ‘ਤੇ, ਅਮਰੀਕਾ ਵਿੱਚ ਐਫਬੀਆਈ ਨੇ ਹੈਪੀ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਉਸਨੂੰ ਭਾਰਤ ਹਵਾਲੇ ਕੀਤਾ ਜਾਵੇਗਾ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਨ੍ਹਾਂ ਮਾਡਿਊਲਾਂ ਦਾ ਪਰਦਾਫਾਸ਼ ਕਰਕੇ, ਪੰਜਾਬ ਪੁਲਸ ਨੇ ਸਰਹੱਦੀ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਪਾਕਿ-ਆਈਐਸਆਈ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਫਰਾਂਸ ਸਥਿਤ ਸਤਨਾਮ ਸੱਤ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਪਿਛਲੇ ਕੀਤੇ ਗਏ ਅਪਰਾਧਾਂ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।