ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ 18 ਅਪ੍ਰੈਲ ਦਿਨ ਵੀਰਵਾਰ ਨੂੰ ਵਿੱਚ ਇੱਕ ਪੁਲਸ ਟੀਮ ‘ਤੇ ਹਮਲਾ ਹੋਇਆ। ਹਮਲੇ ਵਿੱਚ ਏਐਸਆਈ ਗੰਭੀਰ ਜ਼ਖਮੀ ਹੋ ਗਿਆ। ਨਸ਼ਾ ਤਸਕਰਾਂ ਨੇ ਏਐਸਆਈ ਦਾ ਪਿੱਛਾ ਕੀਤਾ ਅਤੇ ਕੁੱਟਮਾਰ ਕੀਤੀ। ਹਮਲਾਵਰਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੇ ਪੁਲਸ ਦੀ ਸਪੈਸ਼ਲ ਸਟਾਫ਼ ਟੀਮ ਦੇ ਏਐਸਆਈ ਨੂੰ ਰਸਤੇ ਵਿੱਚ ਰੋਕਿਆ ਅਤੇ ਉਸ ‘ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਮੁਲਜ਼ਮ ਨੇ ਏਐਸਆਈ ਦੇ ਸਿਰ ‘ਤੇ ਡੰਡੇ ਨਾਲ ਵਾਰ ਕੀਤਾ। ਇੰਨਾ ਹੀ ਨਹੀਂ, ਜਦੋਂ ਏਐਸਆਈ ਜ਼ਖਮੀ ਹੋ ਗਿਆ ਅਤੇ ਜ਼ਮੀਨ ‘ਤੇ ਡਿੱਗ ਪਿਆ, ਤਾਂ ਮੁਲਜ਼ਮ ਉਸ ‘ਤੇ ਡੰਡਿਆਂ ਨਾਲ ਹਮਲਾ ਕਰਦੇ ਰਹੇ। ਮੁਲਜ਼ਮਾਂ ਨੇ ਏਐਸਆਈ ਨੂੰ ਬਚਾਉਣ ਆਏ ਕਾਂਸਟੇਬਲ ‘ਤੇ ਵੀ ਹਮਲਾ ਕਰ ਦਿੱਤਾ। ਘਟਨਾ ਤੋਂ ਬਾਅਦ ਸਾਰੇ ਦੋਸ਼ੀ ਫਰਾਰ ਹੋ ਗਏ।
ਜ਼ਖਮੀ ਏਐਸਆਈ ਰਾਜ ਬਹਾਦਰ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਗਿੱਦੜਬਾਹਾ ਪੁਲਸ ਸਟੇਸ਼ਨ ਵਿੱਚ ਦੋ ਔਰਤਾਂ ਸਮੇਤ ਚਾਰ ਮੁਲਜ਼ਮਾਂ ਖ਼ਿਲਾਫ਼ ਹਮਲਾ ਕਰਨ ਅਤੇ ਸਰਕਾਰੀ ਡਿਊਟੀ ਵਿੱਚ ਰੁਕਾਵਟ ਪਾਉਣ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵੇਲੇ ਸਾਰੇ ਦੋਸ਼ੀ ਫਰਾਰ ਹਨ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ।
ਕੀ ਹੈ ਸਾਰਾ ਮਾਮਲਾ
ਸਪੈਸ਼ਲ ਸਟਾਫ਼ ਦੇ ਏਐਸਆਈ ਰਾਜ ਬਹਾਦਰ ਸਿੰਘ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ, ਉਹ ਕਾਂਸਟੇਬਲ ਜਸਪ੍ਰੀਤ ਸਿੰਘ ਦੇ ਨਾਲ ਮਿਲ ਕੇ ਨਸ਼ਾ ਤਸਕਰਾਂ ਦੀ ਭਾਲ ਵਿੱਚ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਉਹ ਵੀਰਵਾਰ ਸ਼ਾਮ 5 ਵਜੇ ਦੇ ਕਰੀਬ ਭਾਰੂ ਚੌਕ ਝੁੱਗੀਆਂ ਵੱਲ ਜਾ ਰਿਹਾ ਸੀ। ਰਸਤੇ ਵਿੱਚ, ਭਾਰੂ ਚੌਕ ਝੁੱਗੀਆਂ ਦੇ ਵਸਨੀਕ, ਮੁਲਜ਼ਮ ਸੂਰਜ ਪ੍ਰਤਾਪ ਸਿੰਘ ਉਰਫ਼ ਸੂਰਜ, ਕਰਮਜੀਤ ਕੌਰ ਉਰਫ਼ ਗੱਗੂ ਪਤਨੀ ਜਸਵਿੰਦਰ ਸਿੰਘ, ਅਰਸ਼ਦੀਪ ਸਿੰਘ ਅਤੇ ਕਮਲਪ੍ਰੀਤ ਕੌਰ ਪਤਨੀ ਲਵਪ੍ਰੀਤ ਸਿੰਘ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ। ਇਸ ਦੌਰਾਨ ਦੋਸ਼ੀ ਸੂਰਜ ਪ੍ਰਤਾਪ ਸਿੰਘ ਨੇ ਰਾਜ ਬਹਾਦਰ ਸਿੰਘ ਦੇ ਸਿਰ ‘ਤੇ ਡੰਡੇ ਨਾਲ ਵਾਰ ਕੀਤਾ। ਦੋਸ਼ੀ ਔਰਤ ਕਰਮਜੀਤ ਕੌਰ ਨੇ ਏਐਸਆਈ ਦੀ ਪਿੱਠ ‘ਤੇ ਸੋਟੀ ਨਾਲ ਹਮਲਾ ਕਰ ਦਿੱਤਾ।
ਦੋਸ਼ੀ ਅਰਸ਼ਦੀਪ ਸਿੰਘ ਨੇ ਉਕਤ ਸੋਟੀ ਨਾਲ ਰਾਜ ਬਹਾਦਰ ਸਿੰਘ ਦੇ ਸੱਜੇ ਹੱਥ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਮੀਨ ‘ਤੇ ਡਿੱਗ ਪਿਆ। ਜਦੋਂ ਕਾਂਸਟੇਬਲ ਜਸਪ੍ਰੀਤ ਸਿੰਘ ਏਐਸਆਈ ਨੂੰ ਬਚਾਉਣ ਲਈ ਆਇਆ ਤਾਂ ਦੋਸ਼ੀ ਔਰਤ ਕਮਲਪ੍ਰੀਤ ਕੌਰ ਨੇ ਵੀ ਕਾਂਸਟੇਬਲ ‘ਤੇ ਡੰਡੇ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ, ਚਾਰਾਂ ਵਿਅਕਤੀਆਂ ਨੇ ਏਐਸਆਈ ਰਾਜ ਬਹਾਦਰ ਸਿੰਘ, ਜੋ ਜ਼ਮੀਨ ‘ਤੇ ਡਿੱਗ ਪਿਆ ਸੀ, ‘ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸਦੇ ਖੱਬੇ ਹੱਥ ਦੀਆਂ ਉਂਗਲਾਂ ਜ਼ਖਮੀ ਹੋ ਗਈਆਂ। ਪੁਲਿਸ ਮੁਲਾਜ਼ਮਾਂ ਦੀਆਂ ਚੀਕਾਂ ਸੁਣ ਕੇ ਅਤੇ ਆਲੇ-ਦੁਆਲੇ ਇਕੱਠੇ ਹੋਏ ਲੋਕਾਂ ਨੂੰ ਦੇਖ ਕੇ ਹਮਲਾਵਰ ਉੱਥੋਂ ਭੱਜ ਗਏ। ਇਸ ਤੋਂ ਬਾਅਦ ਕਾਂਸਟੇਬਲ ਜਸਪ੍ਰੀਤ ਸਿੰਘ ਨੇ ਏਐਸਆਈ ਰਾਜ ਬਹਾਦਰ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਡੀਐਸਪੀ ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸੂਰਜ ਪ੍ਰਤਾਪ ਸਿੰਘ, ਕਰਮਜੀਤ ਕੌਰ ਉਰਫ਼ ਗੱਗੂ, ਅਰਸ਼ਦੀਪ ਸਿੰਘ ਅਤੇ ਕਮਲਪ੍ਰੀਤ ਕੌਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪਹਿਲਾਂ ਵੀ ਅਜਿਹੇ ਮਾਮਲੇ ਆ ਚੁੱਕੇ ਹਨ ਸਾਹਮਣੇ
ਮਾਰਚ 2025 ਨੂੰ ਵੀ ਪਟਿਆਲਾ ਵਿੱਚ ਪੰਜਾਬ ਪੁਲਸ ਅਤੇ ਨਸ਼ਾ ਤਸਕਰਾਂ ਵਿਚਕਾਰ ਮੁਕਾਬਲਾ ਹੋਇਆ। ਜਿਸ ਵਿੱਚ ASI ਜ਼਼ਖਮੀ ਹੋਇਆ ਇਸ ਦੇ ਨਾਲ ਹੀ ਨਸ਼ਾ ਤਸਕਰ ਵੀ ਜ਼ਖਮੀ ਹੋ ਗਿਆ ਇਹ ਘਟਨਾ ਉਦੋਂ ਵਾਪਰੀ ਜਦੋਂ ਤਸਕਰ ਵਸੂਲੀ ਲਈ ਪੈਸੇ ਲੈ ਕੇ ਪਟਿਆਲਾ ਵਿੱਚ ਬਿਜਲੀ ਬੋਰਡ ਦੇ ਸੁੰਨਸਾਨ ਕੁਆਰਟਰਾਂ ਵਿੱਚ ਪਹੁੰਚਿਆ। ਜਿੱਥੇ ਉਸਨੇ ਰਿਵਾਲਵਰ ਲੁਕਾਇਆ ਸੀ। ਜਦੋਂ ਪੁਲਿਸ ਟੀਮ ਹਥਿਆਰ ਬਰਾਮਦ ਕਰਨ ਲਈ ਉੱਥੇ ਪਹੁੰਚੀ ਤਾਂ ਮੁਲਜ਼ਮਾਂ ਨੇ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਏਐਸਆਈ ਤਾਰਾ ਚੰਦ ‘ਤੇ ਗੋਲੀਬਾਰੀ ਕਰ ਦਿੱਤੀ।
ਦੂਸਰੀ ਘਟਨਾ ਮਾਰਚ 2024 ਦੀ ਹੈ ਜਦੋਂ ਪੰਜਾਬ ਦੇ ਹੁਸ਼ਿਆਰਪੁਰ ਦੇ ਦਸੂਹਾ ਹਲਕੇ ਵਿੱਚ ਨਸ਼ਾ ਤਸਕਰਾਂ ਨੂੰ ਫੜਨ ਗਈ । ਨਸ਼ਾ ਤਸਕਰਾਂ ਨੇ ਪੰਜਾਬ ਪੁਲਸ ‘ਤੇ ਹਮਲਾ ਕਰ ਦਿੱਤਾ। ਪੁਲਸ ਦੀ ਜਵਾਬੀ ਕਾਰਵਾਈ ਵਿੱਚ ਇੱਕ ਮੁਕਾਬਲੇ ਵਿੱਚ ਇੱਕ ਨਸ਼ਾ ਤਸਕਰ ਮਾਰਿਆ ਗਿਆ। ਇਸ ਘਟਨਾ ਵਿੱਚ ਦੋ ਪੁਲਸ ਅਧਿਕਾਰੀ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਇਹ ਘਟਨਾ ਦਸੂਹਾ ਹਲਕੇ ਦੇ ਅਧੀਨ ਆਉਂਦੇ ਪਿੰਡ ਮੇਵਾ ਮਿਆਣੀ ਵਿੱਚ ਵਾਪਰੀ।
ਨਸ਼ਾ ਤਸਕਰਾਂ ਵੱਲੋਂ ਪੁਲਸ ‘ਤੇ ਹਮਲੇ ਇਸ ਗੱਲ ਦਾ ਸੰਕੇਤ ਹਨ ਕਿ ਪੰਜਾਬ ਵੱਚ ਡਰੱਗ ਮਾਫੀਆ ਕਿੰਨਾ ਸੰਗਠਿਤ ਅਤੇ ਖ਼ਤਰਨਾਕ ਹੈ। ਲਗਾਤਾਰ ਪੁਲਸ ਕਾਰਵਾਈ ਅਤੇ ਸਰਕਾਰੀ ਵਚਨਬੱਧਤਾ ਦੇ ਬਾਵਜੂਦ, ਇਹ ਹਮਲੇ ਇਹ ਸਪੱਸ਼ਟ ਕਰਦੇ ਹਨ ਕਿ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਲੜਾਈ ਲਈ ਵਧੇਰੇ ਰਣਨੀਤਕ ਯਤਨਾਂ ਦੀ ਲੋੜ ਹੈ।