ਜਲੰਧਰ ‘ਚ ਇੱਕ ਯੂਟਿਊਬਰ ਦੇ ਘਰ ‘ਤੇ ਗ੍ਰਨੇਡ ਹਮਲੇ ਦੇ ਮਾਮਲੇ ਪੰਜਾਬ ਪੁਲਿਸ ਨੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਹੈ। ਦੱਸ ਦਈਏ ਕਿ ਪੁਲਿਸ ਨੇ ਇਸ ਮਾਮਲੇ ‘ਚ ਜੰਮੂ-ਕਸ਼ਮੀਰ ਦੇ ਰਾਜੌਰੀ ਵਿੱਚ ਤਾਇਨਾਤ ਇੱਕ ਫੌਜੀ ਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸਿਪਾਹੀ ਸੁਖਚੈਨ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ, ਉਕਤ ਫੌਜੀ ਨੇ 19 ਸਾਲਾ ਅੱਤਵਾਦੀ ਹਾਰਦਿਕ ਨੂੰ ਸਿਖਲਾਈ ਦਿੱਤੀ ਸੀ, ਜਿਸ ਨੇ 16 ਮਾਰਚ ਨੂੰ ਜਲੰਧਰ ਦੇ ਰਸੂਲਪੁਰ ਪਿੰਡ ਵਿੱਚ ਸੋਸ਼ਲ ਮੀਡੀਆ ਪ੍ਰਭਾਵਕ ਨਵਦੀਪ ਸਿੰਘ ਉਰਫ਼ ਰੋਜਰ ਦੇ ਘਰ ‘ਤੇ ਹੱਥਗੋਲਾ ਸੁੱਟਿਆ ਸੀ। ਸਿਖਲਾਈ ਨਾਲ ਸਬੰਧਤ ਸਬੂਤ ਇੱਕ ਮੋਬਾਈਲ ਵਿੱਚ ਮਿਲੇ ਹਨ। ਉਕਤ ਫੌਜੀ ਨੇ ਇਹ ਸਿਖਲਾਈ ਇੰਸਟਾਗ੍ਰਾਮ ਰਾਹੀਂ ਦਿੱਤੀ ਗਈ ਸੀ। ਪੁਲਿਸ ਨੇ ਸੁਖਚੈਨ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ 10 ਦਿਨਾਂ ਦੇ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੁਖਚੈਨ ਤੋਂ ਪੁੱਛਗਿੱਛ ਕਰਨ ਦੀ ਲੋੜ ਹੈ ਕਿ ਉਹ ਕਿਸ ਦੇ ਸੰਪਰਕ ਵਿੱਚ ਹੈ ਅਤੇ ਕਿਸ ਦੇ ਨਿਰਦੇਸ਼ਾਂ ‘ਤੇ ਉਸ ਨੇ ਹਾਰਦਿਕ ਨੂੰ ਸਿਖਲਾਈ ਦਿੱਤੀ ਸੀ। ਅਦਾਲਤ ਨੇ ਸਿਪਾਹੀ ਨੂੰ 5 ਦਿਨਾਂ ਦੇ ਰਿਮਾਂਡ ‘ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਐਸਆਈਟੀ ਮੁਖੀ ਐਸਪੀ ਸਰਬਜੀਤ ਰਾਏ ਨੇ ਕਿਹਾ ਕਿ ਸਿਪਾਹੀ ਨੂੰ ਰਿਮਾਂਡ ‘ਤੇ ਲੈ ਲਿਆ ਗਿਆ ਹੈ। ਇਸ ਵੇਲੇ, ਜਾਂਚ ਨਾਲ ਸਬੰਧਤ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਮਾਮਲਾ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ।