ਅੰਮ੍ਰਿਤਸਰ, 12 ਅਪ੍ਰੈਲ (ਹਿੰ. ਸ.)। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਬੀਤੇ ਦਿਨ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਏ ਡੈਲੀਗੇਟ ਸੈਸ਼ਨ ਵਿਚ ਸਰਬਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ।
ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਸੁਖਬੀਰ ਸਿੰਘ ਬਾਦਲ ਦਾ ਨਾਂ ਪੇਸ਼ ਕੀਤਾ ਜਿਸਦੀ ਤਾਈਦ ਪਰਮਜੀਤ ਸਿੰਘ ਸਰਨਾ ਨੇ ਕੀਤੀ ਤੇ ਤਾਈਦ ਦੀ ਮਜੀਦ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕੀਤੀ।
ਡੈਲੀਗੇਟਸ ਨੇ ਕਿਸੇ ਹੋਰ ਉਮੀਦਵਾਰ ਦਾ ਨਾਂ ਪੇਸ਼ ਨਹੀਂ ਕੀਤਾ ਜਿਸ ਮਗਰੋਂ ਪਾਰਟੀ ਦੇ ਮੁੱਖ ਚੋਣ ਅਫਸਰ ਗੁਲਜ਼ਾਰ ਸਿੰਘ ਰਣੀਕੇ ਨੇ ’ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੀ ਗੂੰਜ ਵਿਚ ਐਲਾਨ ਕੀਤਾ ਕਿ ਬਾਦਲ ਪਾਰਟੀ ਪ੍ਰਧਾਨ ਚੁਣੇ ਗਏ ਹਨ।
ਡੈਲੀਗੇਟਸ ਨੇ ਪਾਰਟੀ ਦੀ ਨਵੀਂ ਵਰਕਿੰਗ ਕਮੇਟੀ ਦੇ ਗਠਨ ਲਈ ਵੀ ਪ੍ਰਧਾਨ ਨੂੰ ਅਧਿਕਾਰ ਸੌਂਪੇ।
ਵਡੇਰੀ ਪੰਥਕ ਏਕਤਾ ਦਾ ਸੱਦਾ ਦਿੰਦਿਆਂ ਸੁਖਬੀਰ ਬਾਦਲ ਨੇ ਅਕਾਲੀ ਦਲ ਤੋਂ ਦੂਰ ਗਏ ਆਗੂਆਂ ਨੂੰ ਅਪੀਲ ਕੀਤੀ ਕਿ ਆਪਸੀ ਮਤਭੇਦ ਭੁਲਾ ਕੇ ਅਕਾਲੀ ਦਲ ਦੇ ਬੈਨਰ ਹੇਠ ਪੰਥਕ ਮੁੱਖ ਧਾਰਾ ਵਿਚ ਸ਼ਾਮਲ ਹੋਣ। ਉਹਨਾਂ ਕਿਹਾ ਕਿ ਅਸੀਂ ਖਾਲਸਾ ਪੰਥ ਤੇ ਪੰਜਾਬ ਪ੍ਰਤੀ ਸਮਰਪਿਤ ਹਾਂ।
ਸੁਖਬੀਰ ਬਾਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਮੁੱਖ ਗੱਲਾਂ
ਪਿਛਲੇ ਛੇ ਮਹੀਨਿਆਂ ਦੌਰਾਨ ਅਕਾਲੀ ਦਲ ਅਤੇ ਇਸਦੀ ਲੀਡਰਸ਼ਿਪ ਨੂੰ ਖ਼ਤਮ ਕਰਨ ਦੀ ਸਾਜ਼ਿਸ਼
2027 ਵਿੱਚ ਅਕਾਲੀ ਦਲ ਨੂੰ ਮੁੜ ਸੱਤਾ ਵਿਚ ਲਿਆਉਣ ਦੀ ਤਿਆਰੀ
ਆਮ ਆਦਮੀ ਪਾਰਟੀ ਦੇ “ਗੈਂਗਸਟਰ ਸਭਿਆਚਾਰ ਤੇ ਨਸ਼ਾ ਮਾਫੀਆ ਦੀ ਪੁਸ਼ਤਪਨਾਹੀ ਨੂੰ ਅਕਾਲੀ ਸਰਕਾਰ ਕਰੇਗੀ
ਅਕਾਲੀ ਦਲ ਸਰਵ ਪੱਖੀ ਵਿਕਾਸ ਲਈ ਵਚਨਬੱਧ, ਸੂਬੇ ਵਿਚ ਉਦਯੋਗ ਵਾਪਸ ਲਿਆਵਾਂਗੇ
ਕਿਸਾਨਾਂ ਤੇ ਕਮਜ਼ੋਰ ਵਰਗਾਂ ਸਹਿਤ ਸਮਾਜ ਦੇ ਸਾਰੇ ਵਰਗਾਂ ਦੇ ਬਣਦੇ ਹੱਕ ਉਨ੍ਹਾਂ ਨੂੰ ਦਿੱਤੇ ਜਾਣਗੇ
ਪੰਜਾਬ ਨੂੰ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਲਈ ਦ੍ਰਿੜ੍ਹ ਸੰਕਲਪ
ਇਸ ਮੌਕੇ ਡੈਲੀਗੇਟ ਸੈਸ਼ਨ ਵਿਚ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਤੇ ਹੋਰ ਸੀਨੀਅਰ ਆਗੂਆਂ ਵੱਲੋਂ 18 ਮਤੇ ਪੇਸ਼ ਕੀਤੇ ਗਏ ਜੋ ਸਰਬਸੰਮਤੀ ਨਾਲ ਪ੍ਰਵਾਨ ਕੀਤੇ ਗਏ।
ਪੰਜਾਬ ਸਰਕਾਰ ਅਤੇ ਕੇਜਰੀਵਾਲ ‘ਤੇ ਤੰਜ
ਅਕਾਲੀ ਦਲ ਨੇ ਪੰਜਾਬ ਸਰਕਾਰ ਵੱਲੋਂ ਸੰਵਿਧਾਨਕ ਤਾਕਤਾਂ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਟੀਮ ਨੂੰ ਸੌਂਪਣ ਦੀ ਨਿਖੇਧੀ ਕਰਦਿਆਂ ਤੰਜ ਕੱਸਿਆ, ਕਿਹਾ ਕਿ ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਜ਼ਮਾਨਤ ’ਤੇ ਬਾਹਰ ਆਏ ਇਹ ਲੋਕ ਸਰਕਾਰੀ ਫਾਈਲਾਂ ਵੇਖ ਰਹੇ ਹਨ। ਪਾਰਟੀ ਨੇ ਸੂਬੇ ਵਿਚ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਦੀ ਵੀ ਨਿਖੇਧੀ ਕੀਤੀ ਅਤੇ ਪੁਲਸ ਸਟੇਸ਼ਨਾਂ ’ਤੇ ਗ੍ਰਨੇਡ ਹਮਲਿਆਂ ਅਤੇ ਬਾਬਾ ਸਾਹਿਬ ਬੀ ਆਰ ਅੰਬੇਡਕਰ ਦੇ ਬੁੱਤਾਂ ਤੇ ਮੰਦਿਰਾਂ ਦੀ ਬੇਅਦਬੀ ਕੀਤੇ ਜਾਣ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ।
ਬੰਦੀ ਸਿੰਘਾਂ ਦੀ ਰਿਹਾਈ ਵੀ ਮੰਗੀ ਅਤੇ ਇਹ ਵੀ ਮੰਗ ਕੀਤੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਤੁਰੰਤ ਉਮਰ ਕੈਦ ਵਿਚ ਬਦਲੀ ਜਾਵੇ।
ਹਿੰਦੂਸਥਾਨ ਸਮਾਚਾਰ