Mohali: ਮੋਹਾਲੀ ਦੇ ਸੈਕਟਰ-76 ਸਥਿਤ ਅੰਬੇਡਕਰ ਹਾਊਸਿੰਗ ਸੋਸਾਇਟੀ ਦੀ ਕੰਧ ‘ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਦੀ ਜ਼ਿੰਮੇਵਾਰੀ ਵਿਦੇਸ਼ ਵਿੱਚ ਬੈਠੇ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਅਤੇ ਪਾਬੰਦੀਸ਼ੁਦਾ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਲਈ ਹੈ।
ਪੰਨੂ ਨੇ ਆਪਣੇ ਵੀਡੀਓ ਸੰਦੇਸ਼ ਵਿੱਚ 14 ਅਪ੍ਰੈਲ ਨੂੰ ਅੰਬੇਡਕਰ ਜਯੰਤੀ ਦੇ ਮੌਕੇ ‘ਤੇ ਡਾ. ਬੀ.ਆਰ. ਅੰਬੇਡਕਰ ਦੀਆਂ ਮੂਰਤੀਆਂ ਨੂੰ ਹਟਾਉਣ ਦੀ ਮੰਗ ਕੀਤੀ। ਉਸਨੇ ਭਾਰਤੀ ਸੰਵਿਧਾਨ ਦੇ ਅਨੁਛੇਦ 25(ਬੀ) ਦਾ ਹਵਾਲਾ ਦਿੰਦਿਆਂ ਸਿੱਖਾਂ ਨੂੰ ਹਿੰਦੂ ਵਜੋਂ ਵਰਗੀਕ੍ਰਿਤ ਕਰਨ ‘ਤੇ ਇਤਰਾਜ਼ ਜਤਾਇਆ ਅਤੇ ਇਸਨੂੰ ਸਿੱਖ ਪਛਾਣ ਤੋਂ ਇਨਕਾਰ ਕਰਾਰ ਦਿੱਤਾ। ਪੰਨੂ ਨੇ ਦਲਿਤ ਭਾਈਚਾਰੇ ਨੂੰ ਸੰਤ ਰਵਿਦਾਸ ਦੀ ਪੂਜਾ ਕਰਨ ਦੀ ਅਪੀਲ ਕੀਤੀ ਅਤੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨੂੰ ਅੰਬੇਡਕਰ ਜਯੰਤੀ ਦੇ ਸਮਾਗਮਾਂ ਨੂੰ ਰੱਦ ਕਰਨ ਦੀ ਮੰਗ ਕੀਤੀ।
ਗੁਰਪਤਵੰਤ ਸਿੰਘ ਪੰਨੂ ਨੇ ਭਾਰਤ ਵਿੱਚ ਕਈ ਵਾਰ ਧਮਕੀ ਭਰੇ ਬਿਆਨ ਜਾਰੀ ਕੀਤੇ ਹਨ। ਪੰਨੂ ਦੀਆਂ ਇਨ੍ਹਾਂ ਗਤੀਵਿਧੀਆਂ ਕਾਰਨ ਭਾਰਤ ਵਿੱਚ ਫਿਰਕੂ ਸਦਭਾਵਨਾ ਨੂੰ ਵਿਗਾੜਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾਂਦਾ ਹੈ। ਪਹਿਲਾਂ ਵੀ ਓਹ ਕਈ ਵਾਰ ਅਜਿਹੇ ਬਿਆਨ ਜਾਰੀ ਕਰ ਚੁੱਕਾ ਹੈ।।। ਇਸ ਬਾਰੇ ਜਾਣੋਂ….
1. ਆਜ਼ਾਦੀ ਦਿਹਾੜੇ ਤੋਂ ਪਹਿਲਾਂ ਧਮਕੀ
ਜੁਲਾਈ 2023 ਵਿੱਚ, ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਭਾਰਤ ਨੂੰ ਧਮਕੀ ਦਿੱਤੀ ਸੀ ਕਿ ਉਹ ਆਜ਼ਾਦੀ ਦਿਵਸ ‘ਤੇ ਲਾਲ ਕਿਲੇ ਨੂੰ ਨਿਸ਼ਾਨਾ ਬਣਾਏਗਾ। ਉਸ ਨੇ ਤਿਰੰਗੇ ਦਾ ਅਪਮਾਨ ਵੀ ਕੀਤਾ ਅਤੇ ਲੋਕਾਂ ਨੂੰ ਅਜਿਹਾ ਕਰਨ ਲਈ ਉਕਸਾਇਆ।
2. ਏਅਰ ਇੰਡੀਆ ਉਡਾਣਾਂ ‘ਤੇ ਧਮਕੀ
ਅਕਤੂਬਰ 2024 ਵਿੱਚ, ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਅੰਤਰਰਾਸ਼ਟਰੀ ਯਾਤਰੀਆਂ ਨੂੰ 1 ਤੋਂ 19 ਨਵੰਬਰ ਤੱਕ ਏਅਰ ਇੰਡੀਆ ਦੀ ਉਡਾਣ ਨਾ ਭਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਸਿੱਖ ਦੰਗਿਆਂ ਦੇ 40 ਸਾਲ ਪੂਰੇ ਹੋਣ ‘ਤੇ ਏਅਰ ਇੰਡੀਆ ਦੀ ਫਲਾਈਟ ‘ਤੇ ਹਮਲਾ ਹੋ ਸਕਦਾ ਹੈ।
3. ਵਿਦੇਸ਼ੀ ਦੂਤਾਵਾਸਾਂ ‘ਤੇ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਧਮਕੀ
ਪੰਨੂ ਨੇ ਵਿਦੇਸ਼ਾਂ ਵਿੱਚ ਭਾਰਤੀ ਦੂਤਾਵਾਸਾਂ ਤੋਂ SFJ ਵੱਲੋਂ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਧਮਕੀ ਦੇਣ ਵਾਲੀ ਵੀਡੀਓ ਜਾਰੀ ਕੀਤੀ ਸੀ, ਜਿਸ ਤੋਂ ਬਾਅਦ ਭਾਰਤ ਦੀਆਂ ਖੁਫੀਆ ਏਜੰਸੀਆਂ ਵਿਦੇਸ਼ਾਂ ਵਿੱਚ ਵੱਖਵਾਦੀ ਸਮਰਥਕਾਂ ‘ਤੇ ਨਜ਼ਰ ਰੱਖ ਰਹੀਆਂ ਹਨ।
ਗੁਰਪਤਵੰਤ ਪੰਨੂ ਦੇ ਧਮਕੀ ਭਰੇ ਬਿਆਨਾਂ ਅਤੇ ਗਤੀਵਿਧੀਆਂ ਦੇ ਕਾਰਨ ਭਾਰਤ ਸਰਕਾਰ ਨੇ ਓਸ ਨੂੰ ਅੱਤਵਾਦੀ ਘੋਸ਼ਿਤ ਕੀਤਾ ਹੋਇਆ ਹੈ।
ਦਸ ਦਇਏ ਕਿ ਮੋਹਾਲੀ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਨੂ ਅਤੇ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਐਸਸੀ/ਐਸਟੀ (ਅੱਤਿਆਚਾਰ ਰੋਕਥਾਮ) ਐਕਟ ਅਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ 192 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਚੌਕਸੀ ਵਧਾ ਦਿੱਤੀ ਹੈ ਅਤੇ ਇਲਾਕੇ ਵਿੱਚ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਅਜਿਹੀਆਂ ਗਤੀਵਿਧੀਆਂ ਸੂਬੇ ਵਿੱਚ ਫਿਰਕੂ ਸਦਭਾਵਨਾ ਨੂੰ ਵਿਗਾੜਨ ਦੀ ਕੋਸ਼ਿਸ਼ ਹਨ, ਜਿਸਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।