ਬਹੁ-ਚਰਚਿਤ ਬਲਾਤਕਾਰ ਮਾਮਲੇ ਵਿਚ ਪਾਸਟਰ ਜਸ਼ਨ ਗਿੱਲ ਵੱਲੋਂ ਅੱਜ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਗਿਆ। ਦੱਸ ਦਈਏ ਕਿ ਜੁਲਾਈ 2023 ਦੇ ਮਾਮਲੇ ਵਿੱਚ ਬੀਸੀਏ ਦੀ ਇੱਕ ਵਿਦਿਆਰਥਨ ਨਾਲ ਪਾਸਟਰ ਵੱਲੋਂ ਬਾਰ-ਬਾਰ ਬਲਾਤਕਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਸ ਦਾ ਗਰਭਪਾਤ ਕਰਵਾਇਆ ਗਿਆ ਜਿਸ ਦੌਰਾਨ ਇਨਫੈਕਸ਼ਨ ਫੈਲਣ ਨਾਲ ਲੜਕੀ ਦੀ ਮੌਤ ਹੋ ਗਈ ਸੀ। ਇਸੇ ਦੌਰਾਨ ਉਸਦੀ ਭੈਣ ਅਤੇ ਭਰਾ ਨੂੰ ਨਿਆਇਕ ਹਿਰਾਸਤ ‘ਚ ਜੇਲ੍ਹ ਭੇਜ ਦਿੱਤਾ ਗਿਆ ਹੈ।
ਪੁਲਸ ਵੱਲੋਂ ਉਦੋਂ ਹੀ ਮਾਮਲਾ ਦਰਜ ਕੀਤਾ ਗਿਆ ਸੀ ਪਰ ਪਾਸਟਰ ਜਸ਼ਨ ਫਰਾਰ ਹੋ ਗਿਆ ਸੀ। ਹੁਣ ਜਦੋਂ ਮਾਮਲਾ ਫਿਰ ਤੋਂ ਉਛਲਿਆ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਾਸਟਰ ਦੇ ਭਰਾ ਪ੍ਰੇਮ ਮਸੀਹ ਨੂੰ ਅਤੇ ਉਸ ਭੈਣ ਮਾਰਥਾ ਗਿੱਲ ਨੂੰ ਵੀ ਮਾਮਲੇ ਵਿੱਚ ਨਾਮਜਦ ਕਰਕੇ ਪਾਸਟਰ ਨੂੰ ਪਨਾਹ ਦੇਣ ਦਾ ਦੋਸ਼ ਲਗਾ ਕੇ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁਲਸ ਦੇ ਲਗਾਤਾਰ ਵੱਧ ਰਹੇ ਦਬਾਅ ਕਾਰਨ 9 ਅਪ੍ਰੈਲ ਨੂੰ ਪਾਸਟਰ ਜਸ਼ਨ ਮਸੀਹ ਵੱਲੋਂ ਵੀ ਗੁਰਦਾਸਪੁਰ ਦੀ ਸੀ ਜੇ ਐਮ ਦੀ ਅਦਾਲਤ ਵਿੱਚ ਸਮਰਪਣ ਕਰ ਦਿੱਤਾ ਹੈ ।
ਉੱਥੇ ਹੀ ਅਦਾਲਤ ਵਿੱਚ ਮੌਜੂਦ ਮ੍ਰਿਤਕਾ ਲੜਕੀ ਦੇ ਪੀੜਤ ਪਿਤਾ ਨੇ ਕਿਹਾ ਕਿ ਸਾਨੂੰ ਪੁਲਿਸ ਦੀ ਕਾਰਵਾਈ ਤੇ ਵਿਸ਼ਵਾਸ ਨਹੀਂ ਹੈ ਕਿਉਂਕਿ ਪੁਲਿਸ ਵੱਲੋਂ ਦੋਸ਼ੀਆਂ ਨੂੰ ਕੁਰਸੀ ਤੇ ਬਿਠਾਇਆ ਗਿਆ ਸੀ। ਜਦੋਂ ਅਸੀਂ ਵੀਡੀਓ ਬਣਾਉਣ ਲੱਗੇ ਤਾਂ ਉਹਨਾਂ ਨੇ ਸਾਡਾ ਫੋਨ ਖੋਹ ਲਿਆ ।
ਪੁਲਸ ਮੁਤਾਬਕ ਮਾਮਲੇ ਵਿੱਚ ਮੁਲਜ਼ਮ ਜਸ਼ਨ ਗਿੱਲ ਵਿਰੁੱਧ 9 ਜੁਲਾਈ 2023 ਨੂੰ ਧਾਰਾ 376 ਅਤੇ 304ਏ ਆਈਪੀਸੀ ਤਹਿਤ ਐਫਆਈਆਰ ਨੰਬਰ 126 ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਵਿਸਰਾ 1 ਜੂਨ 2023 ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ ਜਮ੍ਹਾ ਕਰਵਾਇਆ ਗਿਆ ਸੀ। ਵਿਸਰਾ ਰਿਪੋਰਟ 18 ਦਸੰਬਰ 2023 ਨੂੰ ਆਈ। ਵਿਰਸਾ ਅਤੇ ਪੋਸਟਮਾਰਟਮ ਰਿਪੋਰਟਾਂ ਤੋਂ ਬਾਅਦ ਮਾਮਲੇ ਵਿੱਚ ਧਾਰਾ 313 ਅਤੇ 314 ਆਈਪੀਸੀ ਜੋੜ ਦਿੱਤੀ ਗਈ ਸੀ ਜਦੋਂ ਕਿ ਮੁਲਜ਼ਮ ਨੂੰ 9 ਅਕਤੂਬਰ, 2024 ਨੂੰ ਭਗੌੜਾ ਐਲਾਨ ਦਿੱਤਾ ਗਿਆ ਸੀ। ਉਦੋਂ ਤੋਂ ਪੁਲਸ ਉਸਦੀ ਲਗਾਤਾਰ ਭਾਲ ਕਰ ਰਹੀ ਸੀ।