ਪੰਜਾਬ ਵਿੱਚ ਦੇਸ਼ ਵਿਰੋਧੀ ਅਤੇ ਵੱਖਵਾਦੀ ਤਾਕਤਾਂ ਦਾ ਮਨੋਬਲ ਲਗਾਤਾਰ ਵਧ ਰਿਹਾ ਹੈ, ਜਿਸ ਕਾਰਨ ਹਰ ਰੋਜ਼ ਧਮਾਕੇ ਹੋ ਰਹੇ ਹਨ। ਕੱਲ੍ਹ ਬਟਾਲਾ ਵਿੱਚ ਤਿੰਨ ਥਾਵਾਂ ‘ਤੇ ਧਮਾਕੇ ਹੋਏ ਸਨ ਅਤੇ ਬੀਤੇ ਦਿਨ ਅੱਧੀ ਰਾਤ ਨੂੰ ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਸ੍ਰੀ ਮਨੋਰੰਜਨ ਕਾਲੀਆ ਦੇ ਘਰ ‘ਤੇ ਬੰਬ ਧਮਾਕਾ ਹੋਇਆ। ਖੁਸ਼ਕਿਸਮਤੀ ਨਾਲ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰੇਲੂ ਸਮਾਨ ਨੁਕਸਾਨਿਆ ਗਿਆ।
ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਦੇ ਸਮੇਂ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਆਪਣੇ ਘਰ ਦੇ ਅੰਦਰ ਸੁੱਤੇ ਪਏ ਸਨ। ਉਸਦੇ ਹੋਰ ਪਰਿਵਾਰਕ ਮੈਂਬਰ ਵੀ ਘਰ ਦੇ ਅੰਦਰ ਸਨ। ਇਹ ਧਮਾਕਾ ਰਾਤ ਨੂੰ ਲਗਭਗ 1 ਵਜੇ ਹੋਇਆ। ਜਦੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਇਹ ਖੁਲਾਸਾ ਹੋਇਆ ਕਿ ਇੱਕ ਦੋਸ਼ੀ ਨੇ ਈ-ਰਿਕਸ਼ਾ ਤੋਂ ਹੇਠਾਂ ਉਤਰ ਕੇ ਹੈਂਡ ਗ੍ਰਨੇਡ ਦਾ ਲੀਵਰ ਕੱਢਿਆ ਅਤੇ ਸਾਬਕਾ ਮੰਤਰੀ ਦੇ ਘਰ ਦੇ ਅੰਦਰ ਸੁੱਟ ਦਿੱਤਾ, ਜਿਸ ਤੋਂ ਬਾਅਦ ਇੱਕ ਵੱਡਾ ਧਮਾਕਾ ਹੋਇਆ। ਧਮਾਕੇ ਨਾਲ ਸਾਬਕਾ ਮੰਤਰੀ ਦੇ ਘਰ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਜਲੰਧਰ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਸਾਨੂੰ ਸਵੇਰੇ 1 ਵਜੇ ਦੇ ਕਰੀਬ ਇੱਥੇ ਧਮਾਕੇ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਅਸੀਂ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।
ਭਾਜਪਾ ਨੇਤਾ ਨੇ ਕਿਹਾ ਕਿ ਧਮਾਕਾ ਰਾਤ ਨੂੰ ਲਗਭਗ 1 ਵਜੇ ਹੋਇਆ। ਮੈਂ ਸੁੱਤਾ ਹੋਇਆ ਸੀ, ਅਤੇ ਮੈਨੂੰ ਲੱਗਿਆ ਕਿ ਇਹ ਇੱਕ ਗਰਜਦੀ ਆਵਾਜ਼ ਸੀ, ਬਾਅਦ ਵਿੱਚ ਮੈਨੂੰ ਦੱਸਿਆ ਗਿਆ ਕਿ ਇੱਕ ਧਮਾਕਾ ਹੋਇਆ ਹੈ, ਜਿਸ ਤੋਂ ਬਾਅਦ ਮੈਂ ਆਪਣੇ ਗੰਨਮੈਨ ਨੂੰ ਪੁਲਸ ਸਟੇਸ਼ਨ ਭੇਜਿਆ। ਸੀਸੀਟੀਵੀ ਚੈੱਕ ਕੀਤਾ ਗਿਆ। ਸੀਸੀਟੀਵੀ ਜਾਂਚ ਤੋਂ ਪਤਾ ਲੱਗਾ ਹੈ ਕਿ ਇੱਕ ਆਦਮੀ ਈ-ਰਿਕਸ਼ਾ ਵਿੱਚ ਆਇਆ, ਉਸਨੇ ਇੱਕ ਹੈਂਡ-ਗ੍ਰੇਨੇਡ ਦਾ ਲੀਵਰ ਕੱਢਿਆ ਅਤੇ ਸਾਬਕਾ ਮੰਤਰੀ ਦੇ ਘਰ ‘ਤੇ ਸੁੱਟ ਦਿੱਤਾ। ਜਿਸ ਤੋਂ ਬਾਅਦ ਇੱਕ ਵੱਡਾ ਧਮਾਕਾ ਹੋਇਆ।
ਜਲੰਧਰ ਦੇ ਡਿਪਟੀ ਕਮਿਸ਼ਨਰ ਆਫ਼ ਪੁਲਸ ਮਨਪ੍ਰੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਘਟਨਾ ਮਨੋਰੰਜਨ ਕਾਲੀਆ ਦੇ ਘਰ ਵਾਪਰੀ। ਪੰਜਾਬ ਸਰਕਾਰ ਨੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਨੂੰ ਚਾਰ ਗੰਨਮੈਨ ਅਲਾਟ ਕੀਤੇ ਹਨ। ਕਾਲੀਆ ਦਾ ਸੁਰੱਖਿਆ ਇੰਚਾਰਜ ਨਿਸ਼ਾਨ ਸਿੰਘ ਹੈ। ਰਾਤ ਨੂੰ ਸੁਰੱਖਿਆ ਉਸਦੇ ਬੰਗਲੇ ਵਿੱਚ ਰਹਿੰਦੀ ਹੈ। ਸੀਸੀਟੀਵੀ ਦੇ ਅਨੁਸਾਰ, ਇਹ ਘਟਨਾ ਰਾਤ 1 ਵਜੇ ਤੋਂ ਬਾਅਦ ਵਾਪਰੀ। ਕਾਲੀਆ ਦੀ ਕੋਠੀ ਸ਼ਹਿਰ ਦੇ ਦਿਲ ਵਿੱਚ ਸੈਂਟਰਲ ਟਾਊਨ ਵਿੱਚ ਹੈ ਅਤੇ ਪੁਲਿਸ ਥਾਣਾ ਇੱਕ ਮਿੰਟ ਦੀ ਦੂਰੀ ‘ਤੇ ਹੈ। ਸਾਹਮਣੇ ਨਗਰ ਨਿਗਮ ਦਾ ਦਫ਼ਤਰ ਹੈ।
ਪੰਜਾਬ ਵਿੱਚ ਆਏ ਦਿਨ ਹੋ ਰਹੇ ਧਮਾਕਿਆਂ ਨੇ ਸੂਬੇ ਦੀ ਕਾਨੂੰਨ-ਵਿਵਸਥਾ ਤੇ ਸਿੱਧਾ ਸਵਾਲ ਖੜ੍ਹਾ ਕਰ ਦਿੱਤਾ ਹੈ। ਕਦੇ ਬਟਾਲਾ, ਕਦੇ ਅੰਮ੍ਰਿਤਸਰ, ਤੇ ਕਦੇ ਮੋਹਾਲੀ—ਇਹ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਸੂਬੇ ਦੀ ਸੁਰੱਖਿਆ ਨੀਤੀ ਤੇ ਗੰਭੀਰ ਚਿੰਤਾ ਪੈਦਾ ਕਰਦੀ ਹੈ। ਸਵਾਲ ਇਹ ਨਹੀਂ ਕਿ ਇਹ ਧਮਾਕੇ ਕਿਨ੍ਹਾਂ ਨੇ ਕੀਤੇ, ਸਵਾਲ ਇਹ ਹੈ ਕਿ ਸੁਰੱਖਿਆ ਏਜੰਸੀਆਂ ਕਿੱਥੇ ਸੁੱਤੀਆਂ ਪਈਆਂ ਹਨ? ਜਦੋਂ ਅਜਿਹੇ ਹਮਲੇ ਪੁਲਸ ਸਟੇਸ਼ਨਾਂ ਜਾਂ ਸਰਕਾਰੀ ਅਦਾਰਿਆਂ ਨੇੜੇ ਹੋਣ, ਤਾਂ ਇਹ ਸੂਬੇ ਦੀ ਅੰਦਰੂਨੀ ਸੁਰੱਖਿਆ ਪ੍ਰਣਾਲੀ ਦੀ ਨਾਕਾਮੀ ਜ਼ਾਹਿਰ ਕਰਦੇ ਹਨ। ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਚੁੱਕਾ ਹੈ, ਪਰ ਸਰਕਾਰ ਵੱਲੋਂ ਹਾਲਾਤ ‘ਤੇ ਪੂਰੀ ਕਾਬੂ ਹੁਣ ਤੱਕ ਨਹੀਂ ਪਾਇਆ ਨਜ਼ਰ ਆ ਰਿਹਾ। ਇਹ ਸਵਾਲ ਹੁਣ ਹਰੇਕ ਦੇ ਮਨ ਵਿੱਚ ਹੈ—ਕੀ ਪੰਜਾਬ ਫਿਰ ਤੋਂ ਅਸ਼ਾਂਤੀ ਵੱਲ ਵਧ ਰਿਹਾ ਹੈ?