ਪੰਜਾਬ ਗੁਰੂਆਂ ਪੀਰਾਂ ਦੀ ਧਰਤੀ, ਜਿਸ ਧਰਤੀ ਨੇ ਹਮੇਸ਼ਾ ਤੋਂ ਹੀ ਔਰਤਾਂ ਦਾ ਸਤਿਕਾਰ ਕੀਤਾ ਹੈ, ਅੱਜ ਉਸੇ ਹੀ ਧਰਤੀ ‘ਤੇ ਔਰਤਾਂ ਨਾਲ ਹੋ ਰਹੇ ਕੁਕਰਮ ਨੇ ਸਭ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ ਕਿ ਆਖਰਕਾਰ ਇਹ ਹੋ ਕਿਵੇ ਸਕਦਾ ਹੈ, ਕਦੇ ਤਰਨਤਾਰਨ ਦੇ ਵਿੱਚ ਇੱਕ ਔਰਤ ਨੂੰ ਬਿਨਾਂ ਕੱਪੜਿਆਂ ਦੇ ਪੂਰੇ ਪਿੰਡ ਵਿੱਚ ਪਰੇਡ ਕਰਾਈ ਜਾਂਦੀ ਹੈ ਤਾਂ ਕਦੇ ਲੁਧਿਆਣਾ ਦੇ ਵਿੱਚ 2 ਬੱਚੀਆਂ ਅਤੇ ਉਸਦੀ ਮਾਂ ਸਮੇਤ ਮੂੰਹ ਕਾਲਾ ਕਰਕੇ ਪੂਰੇ ਬਾਜ਼ਾਰ ਵਿੱਚ ਘੁੰਮਾਇਆ ਜਾਂਦਾ ਹੈ, ਅਤੇ ਹੁਣ ਇੱਕ ਔਰਤ ਨੂੰ ਖੰਭੇ ਨਾਲ ਬੰਨ ਕਿ ਤਾਲਿਬਾਨੀ’ ਸਜ਼ਾ ਦਿੱਤੀ ਗਈ। ਕੀ ਹੈਂ ਪੂਰਾ ਮਾਮਲਾ ਆਓ ਜਾਣਦੇ ਹਾਂ।
ਦਰਅਸਲ ਰਾਜਪੁਰਾ ਦੇ ਪਿੰਡ ਜੰਸੂਆਂ ‘ਚ ਕੁੱਝ ਲੋਕਾਂ ਵੱਲੋਂ ਇੱਕ ਔਰਤ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਸਜ਼ਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਇਥੇ ਇੱਕ 20 ਸਾਲਾ ਮੁੰਡੇ ਵੱਲੋਂ ਆਪਣੇ ਗੁਆਂਢ ‘ਚ ਰਹਿੰਦੀ ਇੱਕ ਔਰਤ ਨਾਲ ਪ੍ਰੇਮ ਪ੍ਰਸੰਗ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਪਿੱਛੋਂ ਔਰਤ ਨੂੰ ਖੰਭੇ ਨਾਲ ਬੰਨ੍ਹੇ ਜਾਣ ਦੀ ਘਟਨਾ ਵਾਪਰੀ।
ਦੱਸਿਆ ਜਾ ਰਿਹਾ ਹੈ ਕਿ ਗੁੱਸੇ ‘ਚ ਆਏ ਭੱਜੀ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਮਾਂ ਦੀ ਕੁੱਟਮਾਰ ਕੀਤੀ ਅਤੇ ਕਰੀਬ 4.5 ਘੰਟੇ ਤੱਕ ਉਸ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਰੱਖਿਆ। ਪੀੜਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ 18 ਸਾਲਾ ਪੁੱਤਰ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਕੁੱਟਮਾਰ ਕਰਨ ਵਾਲੇ ਲੋਕਾਂ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ।
ਇਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਤੁਰੰਤ ਉਸ ਨੂੰ ਬਚਾਇਆ ਅਤੇ ਹਸਪਤਾਲ ‘ਚ ਭਰਤੀ ਕਰਵਾਇਆ। ਸ਼ਨੀਵਾਰ ਨੂੰ ਪੀੜਤ ਔਰਤ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਤੋਂ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ 5 ਔਰਤਾਂ ਸਮੇਤ 13 ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਹੈ।
ਤੁਹਾਨੂੰ ਦੱਸ ਦਈਏ ਕੀ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਜਦੋਂ ਇਸ ਤਰਾਂ ਕਿਸੇ ਔਰਤ ਦਾ ਤਿਰਸਕਾਰ ਕੀਤਾ ਗਿਆ ਹੋਏ। ਇਸ ਤਰਾਂ ਹੀ ਤਰਨਤਾਰਨ ਜ਼ਿਲ੍ਹੇ ਦੇ ਅਧੀਨ ਪੈਂਦੇ ਵਲਟੋਹਾ ਦੀ ਰਹਿਣ ਵਾਲੀ ਇੱਕ ਕੁੜੀ ਨਾਲ ਲਵ ਮੈਰਿਜ ਕਰਵਾਉਣ ਵਾਲੇ ਮੁੰਡੇ ਦੀ ਮਾਂ ਨੂੰ ਕੁੜੀ ਦੇ ਘਰਵਾਲਿਆਂ ਨੇ ਬਿਨਾਂ ਕੱਪੜਿਆਂ ਦੇ ਪਿੰਡ ਦੀਆਂ ਗਲੀਆਂ ਵਿੱਚ ਘੁੰਮਾਇਆ । ਜਿਸ ਦੀ ਵਿਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਈਰਲ ਹੋਈ ਸੀ।
ਲੁਧਿਆਣਾ ਦਾ ਮਾਮਲਾ ਯਾਦ ਹੈ ਤੁਹਾਨੂੰ ਜਦ ਇੱਕ ਹੌਜ਼ਰੀ ਫੈਕਟਰੀ ਵਿੱਚ ਕੰਮ ਕਰਨ ਵਾਲੇ ਇੱਕ ਪਰਿਵਾਰ (ਤਿੰਨ ਧੀਆਂ, ਇੱਕ ਪੁੱਤਰ ਅਤੇ ਇੱਕ ਮਾਂ) ਨੂੰ ਫੈਕਟਰੀ ਮਾਲਕ ਅਤੇ ਲੋਕਾਂ ਨੇ ਕੱਪੜੇ ਚੋਰੀ ਕਰਨ ਦੇ ਦੋਸ਼ ਵਿੱਚ ਫੜ ਲਿਆ। ਇਸ ਤੋਂ ਬਾਅਦ, ਫੈਕਟਰੀ ਮਾਲਕ ਨੇ ਉਨ੍ਹਾਂ ਸਾਰਿਆਂ ਦੇ ਮੂੰਹ ਕਾਲੇ ਕਰ ਦਿੱਤੇ ਅਤੇ ਉਨ੍ਹਾਂ ਦੇ ਗਲੇ ਵਿੱਚ ‘ਚੋਰ’ ਲਿਖੇ ਤਖ਼ਤੀਆਂ ਲਟਕਾਈਆਂ ਅਤੇ ਉਨ੍ਹਾਂ ਨੂੰ ਅਸ਼ਲੀਲ ਟਿੱਪਣੀਆਂ ਕਰਦੇ ਹੋਏ ਸੜਕਾਂ ‘ਤੇ ਘੁੰਮਾਇਆ।
ਸਾਡੇ ਪੰਜਾਬ ਦੀ ਧਰਤੀ ਵਿੱਚ ਔਰਤਾਂ ਦਾ ਤਿਰਸਕਾਰ ਹੋ ਰਿਹਾ ਹੈ, ਹਰ ਰੋਜ਼ ਅਸੀਂ ਬਲਾਤਕਾਰ ਦੀਆਂ ਵੀਂ ਘਟਨਾਵਾਂ ਸੁਣਦੇ ਹਾਂ, ਹਰ ਰੋਜ਼ ਅਸੀਂ ਔਰਤਾਂ ਨਾਲ ਹੋ ਰਹੇ ਤਸ਼ੱਦਦਾ ਬਾਰੇ ਸੁਣਦੇ ਹਾਂ, ਪਰ ਇਹ ਮਾਮਲੇ ਘਟਣ ਦੀ ਥਾਂ ਵੱਧਦੇ ਹੀ ਜਾ ਰਹੇ ਹਨ।