ਯੀਸ਼ੂ-ਯੀਸ਼ੂ ਈਸਾਈ ਧਾਰਮਿਕ ਪਾਦਰੀ ਬਜਿੰਦਰ ਸਿੰਘ ਨੂੰ ਅੱਜ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਸਜ਼ਾ ਸੁਣਾਈ ਗਈ। ਮੋਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਬਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਬਜਿੰਦਰ ਸਿੰਘ ਨੂੰ 3 ਦਿਨ ਪਹਿਲਾਂ ਮੋਹਾਲੀ ਦੀ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਜਿਸ ਤੋਂ ਬਾਅਦ ਉਸਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਇਹ ਮਾਮਲਾ 2018 ਵਿੱਚ ਜ਼ੀਰਕਪੁਰ ਥਾਣੇ ਵਿੱਚ ਇੱਕ ਔਰਤ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਬਜਿੰਦਰ ਸਿੰਘ ਨੇ ਉਸਨੂੰ ਵਿਦੇਸ਼ ਲਿਜਾਣ ਦਾ ਵਾਅਦਾ ਕਰਕੇ ਵਰਗਲਾ ਕੇ ਮੋਹਾਲੀ ਦੇ ਸੈਕਟਰ 63 ਸਥਿਤ ਆਪਣੇ ਘਰ ‘ਤੇ ਉਸ ਨਾਲ ਬਲਾਤਕਾਰ ਕੀਤਾ ਅਤੇ ਇਸਦੀ ਵੀਡੀਓ ਵੀ ਬਣਾਈ। ਉਸਨੇ ਦੋਸ਼ ਲਗਾਇਆ ਸੀ ਕਿ ਦੋਸ਼ੀ ਨੇ ਧਮਕੀ ਦਿੱਤੀ ਸੀ ਕਿ ਜੇਕਰ ਉਹ ਉਸ ਦੀਆਂ ਮੰਗਾਂ ਨਾਲ ਸਹਿਮਤ ਨਹੀਂ ਹੋਈ ਤਾਂ ਉਹ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦੇਵੇਗਾ।
Punjab | Mohali Court awards life imprisonment to Pastor Bajinder Singh in a 2018 sexual harassment case. pic.twitter.com/Jz81Nn87Mq
— ANI (@ANI) April 1, 2025
ਜ਼ੀਰਕਪੁਰ ਪੁਲਸ ਨੇ ਪਾਦਰੀ ਬਜਿੰਦਰ ਸਿੰਘ ਅਤੇ ਸੱਤ ਹੋਰ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 376, 420, 354, 294, 323, 506, 148 ਅਤੇ 149 ਤਹਿਤ ਕੇਸ ਦਰਜ ਕੀਤਾ ਸੀ। ਹੋਰ ਮੁਲਜ਼ਮਾਂ ਵਿੱਚ ਅਕਬਰ ਭੱਟੀ, ਰਾਜੇਸ਼ ਚੌਧਰੀ, ਸੁੱਚਾ ਸਿੰਘ, ਜਤਿੰਦਰ ਕੁਮਾਰ, ਸਿਤਾਰ ਅਲੀ ਅਤੇ ਸੰਦੀਪ ਉਰਫ਼ ਪਹਿਲਵਾਨ ਸ਼ਾਮਲ ਹਨ।
ਪਾਦਰੀ ਨੇ ਆਪਣੇ ਆਪ ਨੂੰ ਦਸਿਆ ਸੀ ਬੇਕਸੂਰ
ਇਹ ਸਜ਼ਾ ਅਜਿਹੇ ਸਮੇਂ ਆਈ ਹੈ ਜਦੋਂ ਪੁਜਾਰੀ 28 ਫਰਵਰੀ ਨੂੰ ਦਰਜ ਕੀਤੇ ਗਏ ਇੱਕ ਹੋਰ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਜਾਂਚ ਦਾ ਸਾਹਮਣਾ ਕਰ ਰਿਹਾ ਹੈ। ਕਪੂਰਥਲਾ ਪੁਲਸ ਨੇ 22 ਸਾਲਾ ਔਰਤ ਵੱਲੋਂ ਉਸ ‘ਤੇ ਲਗਾਏ ਗਏ ਪਰੇਸ਼ਾਨੀ ਦੇ ਦੋਸ਼ਾਂ ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਹੈ। ਸਿੰਘ ਨੇ ਆਪਣੇ ਖਿਲਾਫ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਰੱਦ ਕਰ ਦਿੱਤਾ ਸੀ।
ਔਰਤ ਨਾਲ ਕੁੱਟਮਾਰ ਦਾ ਵੀਡੀਓ ਹੋਇਆ ਸੀ ਵਾਇਰਲ
ਔਰਤ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ ਹੋਇਆ ਮੋਹਾਲੀ ਪੁਲਸ ਨੇ 25 ਮਾਰਚ ਨੂੰ ਪਾਦਰੀ ਵਿਰੁੱਧ ਹਮਲੇ ਅਤੇ ਹੋਰ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਸੀ। ਕੁਝ ਦਿਨ ਪਹਿਲਾਂ, ਪਾਦਰੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਕਥਿਤ ਤੌਰ ‘ਤੇ ਇੱਕ ਔਰਤ ਨਾਲ ਬਹਿਸ ਕਰ ਰਿਹਾ ਸੀ ਅਤੇ ਉਸਨੂੰ ਥੱਪੜ ਮਾਰ ਰਿਹਾ ਸੀ। ਇਸ ਦੌਰਾਨ, ਉਹ ਪਹਿਲਾਂ ਔਰਤ ‘ਤੇ ਕਿਤਾਬ ਸੁੱਟਦਾ ਨਜ਼ਰ ਆ ਰਿਹਾ ਹੈ ਅਤੇ ਫਿਰ ਉਸਦੇ ਨੇੜੇ ਜਾ ਕੇ ਉਸਨੂੰ ਥੱਪੜ ਮਾਰਦਾ ਨਜ਼ਰ ਆ ਰਿਹਾ ਹੈ।