ਪੰਜਾਬ ਦੇ ਜਲੰਧਰ ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ‘ਤੇ ਖਾਲਿਸਤਾਨੀ ਨਾਅਰੇ ਲਿਖਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਜਲੰਧਰ ਦੇ ਫਿਲੌਰ ਇਲਾਕੇ ਵਿੱਚ ਵਾਪਰੀ। ਅਮਰੀਕਾ ਵਿੱਚ ਰਹਿ ਰਹੇ ਸਿੱਖ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਪੰਨੂ ਨੇ ਇਸ ਸੰਬੰਧੀ ਇੱਕ ਵੀਡੀਓ ਜਾਰੀ ਕੀਤਾ ਹੈ। ਜਿਸ ਵਿੱਚ ਉਹ ਇਹ ਕਹਿ ਰਿਹਾ ਹੈ ਕਿ ਫਿਲੌਰ ਦੇ ਨੰਗਲ ਵਿੱਚ ਬਣੇ ਬਾਬਾ ਸਾਹਿਬ ਦੇ ਬੁੱਤ ‘ਤੇ ਖਾਲਿਸਤਾਨੀ ਨਾਅਰਾ ਓਸਦੇ ਦੁਆਰਾ ਲਿਖਿਆ ਗਿਆ ਸੀ।
ਵੀਡੀਓ ਵਿੱਚ ਪੰਨੂ ਕਹਿ ਰਿਹਾ ਹੈ ਕਿ 14 ਅਪ੍ਰੈਲ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੇ ਮੌਕੇ ‘ਤੇ, ਪੂਰੇ ਪੰਜਾਬ ਵਿੱਚੋਂ ਮੂਰਤੀਆਂ ਹਟਾ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਘਟਨਾ ਤੋਂ ਬਾਅਦ ਬਸਪਾ ਨੇ ਵਿਰੋਧ ਪ੍ਰਗਟ ਕੀਤਾ ਹੈ। ਬੁੱਤ ‘ਤੇ ‘ਸਿੱਖ ਹਿੰਦੂ ਨਹੀਂ ਹਨ’ ਅਤੇ ‘SFJ ਖਾਲਿਸਤਾਨ ਜ਼ਿੰਦਾਬਾਦ’ ਵਰਗੇ ਨਾਅਰੇ ਲਿਖੇ ਹੋਏ ਹਨ। ਬਸਪਾ ਨੇ ਬਾਬਾ ਸਾਹਿਬ ਦੇ ਬੁੱਤ ‘ਤੇ ਲਿਖੇ ਖਾਲਿਸਤਾਨੀ ਨਾਅਰਿਆਂ ਦੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਜੇਕਰ ਬਾਬਾ ਸਾਹਿਬ ਦੇ ਬੁੱਤ ਦਾ ਇਸੇ ਤਰ੍ਹਾਂ ਅਪਮਾਨ ਹੁੰਦਾ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਬਸਪਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਿਰੋਧ ਪ੍ਰਦਰਸ਼ਨ ਕਰੇਗੀ।