ਪੰਜਾਬ ਕਿੰਗਜ਼ ਨੇ ਡੈਥ ਓਵਰਾਂ ਵਿੱਚ ਅਰਸ਼ਦੀਪ ਸਿੰਘ ਅਤੇ ਵਿਜੇਕੁਮਾਰ ਵਿਸ਼ਾਕ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਗੁਜਰਾਤ ਟਾਈਟਨਸ ਨੂੰ 11 ਦੌੜਾਂ ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਸੋਮਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ, ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਪੰਜਾਬ ਨੇ ਸ਼੍ਰੇਅਸ ਅਈਅਰ ਅਤੇ ਸ਼ਸ਼ਾਂਕ ਸਿੰਘ ਵਿਚਕਾਰ 81* ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 20 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 243 ਦੌੜਾਂ ਬਣਾਈਆਂ। ਇਹ ਆਈਪੀਐਲ ਵਿੱਚ ਪੰਜਾਬ ਦਾ ਦੂਜਾ ਸਭ ਤੋਂ ਵੱਡਾ ਸਕੋਰ ਹੈ। ਪਿਛਲੇ ਸੀਜ਼ਨ ਵਿੱਚ, ਪੰਜਾਬ ਨੇ ਕੇਕੇਆਰ ਵਿਰੁੱਧ 262/2 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਗੁਜਰਾਤ ਦੀ ਟੀਮ ਨਿਰਧਾਰਤ ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ ਸਿਰਫ਼ 232 ਦੌੜਾਂ ਹੀ ਬਣਾ ਸਕੀ।
244 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਗੁਜਰਾਤ ਨੇ ਕਪਤਾਨ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਦੀ ਬਦੌਲਤ ਸ਼ਾਨਦਾਰ ਸ਼ੁਰੂਆਤ ਕੀਤੀ। ਦੋਵਾਂ ਵਿਚਾਲੇ ਪਹਿਲੀ ਵਿਕਟ ਲਈ 61 ਦੌੜਾਂ ਦੀ ਸਾਂਝੇਦਾਰੀ ਹੋਈ। ਪਾਵਰਪਲੇ ਦੇ ਆਖਰੀ ਓਵਰ ਵਿੱਚ ਮੈਕਸਵੈੱਲ ਨੇ ਗਿੱਲ ਨੂੰ ਪ੍ਰਿਯਾਂਸ਼ ਆਰੀਆ ਹੱਥੋਂ ਕੈਚ ਕਰਵਾਇਆ। ਉਸਨੇ 14 ਗੇਂਦਾਂ ਵਿੱਚ 33 ਦੌੜਾਂ ਬਣਾਈਆਂ।
ਇਸ ਤੋਂ ਬਾਅਦ ਜੋਸ ਬਟਲਰ ਅਤੇ ਸਾਈ ਸੁਦਰਸ਼ਨ ਨੇ ਜ਼ਿੰਮੇਵਾਰੀ ਸੰਭਾਲੀ। ਦੋਵਾਂ ਵਿਚਾਲੇ ਦੂਜੀ ਵਿਕਟ ਲਈ 40 ਗੇਂਦਾਂ ਵਿੱਚ 84 ਦੌੜਾਂ ਦੀ ਸਾਂਝੇਦਾਰੀ ਹੋਈ, ਜਿਸ ਨੂੰ ਅਰਸ਼ਦੀਪ ਸਿੰਘ ਨੇ ਤੋੜ ਦਿੱਤਾ। ਉਸਨੇ ਸਲਾਮੀ ਬੱਲੇਬਾਜ਼ ਸੁਦਰਸ਼ਨ, ਜੋ ਸੈਂਕੜੇ ਵੱਲ ਵਧ ਰਿਹਾ ਸੀ, ਨੂੰ 74 ਦੌੜਾਂ ਦੇ ਨਿੱਜੀ ਸਕੋਰ ‘ਤੇ ਰੋਕ ਦਿੱਤਾ। ਇਸ ਮੈਚ ਵਿੱਚ ਬਟਲਰ ਨੇ 54, ਰਦਰਫੋਰਡ ਨੇ 46 ਅਤੇ ਰਾਹੁਲ ਤੇਵਤੀਆ ਨੇ ਛੇ ਦੌੜਾਂ ਬਣਾਈਆਂ। ਇਸ ਦੌਰਾਨ, ਸ਼ਾਹਰੁਖ ਖਾਨ ਅਤੇ ਅਰਸ਼ਦ ਖਾਨ ਕ੍ਰਮਵਾਰ ਛੇ ਅਤੇ ਇੱਕ ਦੌੜ ਬਣਾ ਕੇ ਅਜੇਤੂ ਰਹੇ। ਪੰਜਾਬ ਲਈ ਅਰਸ਼ਦੀਪ ਸਿੰਘ ਨੇ ਦੋ ਵਿਕਟਾਂ ਲਈਆਂ ਜਦੋਂ ਕਿ ਮਾਰਕੋ ਜੈਨਸਨ ਅਤੇ ਗਲੇਨ ਮੈਕਸਵੈੱਲ ਨੂੰ ਇੱਕ-ਇੱਕ ਵਿਕਟ ਮਿਲੀ।