ਪੰਜਾਬ ਦੇ ਜਲੰਧਰ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਤਾਜਪੁਰ ਚਰਚ ਦੇ ਸਵੈ-ਘੋਸ਼ਿਤ ਪਾਦਰੀ, ਬਜਿੰਦਰ ਸਿੰਘ ਇੱਕ ਔਰਤ ਅਤੇ ਹੋਰ ਲੋਕਾਂ ‘ਤੇ ਹਮਲਾ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ, ਬਜਿੰਦਰ ਨੇ ਔਰਤ ਨੂੰ ਧੱਕਾ ਦਿੰਦੇ, ਥੱਪੜ ਮਾਰਦੇ ਅਤੇ ਗਲਾ ਦਬਾਉਂਦੇ ਦੇਖਿਆ ਜਾ ਸਕਦਾ ਹੈ। ਔਰਤ ਆਪਣੇ ਬੱਚੇ ਨਾਲ ਪਾਦਰੀ ਕੋਲ ਆਈ ਸੀ, ਸਾਰੀ ਘਟਨਾ CCTV ਵਿੱਚ ਕੈਦ ਹੋ ਗਈ।
ਇਹ ਵੀਡੀਓ 6 ਮਿੰਟ 26 ਸਕਿੰਟ ਦਾ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਾਸਟਰ ਬਜਿੰਦਰ ਸਿੰਘ ਦਫ਼ਤਰ ਵਿੱਚ ਆਪਣੀ ਕੁਰਸੀ ‘ਤੇ ਬੈਠੇ ਹਨ ਅਤੇ ਤਿੰਨ ਔਰਤਾਂ ਉਨ੍ਹਾਂ ਦੇ ਸਾਹਮਣੇ ਸੋਫੇ ‘ਤੇ ਬੈਠੀਆਂ ਹਨ। ਦੂਜੇ ਪਾਸੇ ਕੁਝ ਨੌਜਵਾਨ ਕੁਰਸੀਆਂ ‘ਤੇ ਬੈਠੇ ਹਨ। ਗੱਲਬਾਤ ਦੌਰਾਨ, ਪਾਦਰੀ ਨੇ ਇੱਕ ਨੌਜਵਾਨ ‘ਤੇ ਫ਼ੋਨ ਸੁੱਟ ਕੇ ਹਮਲਾ ਕੀਤਾ ਅਤੇ ਨੇੜੇ ਪਈ ਪਰਸ ਵਰਗੀ ਕਿਸੇ ਚੀਜ਼ ਨਾਲ ਨੌਜਵਾਨ ਦੇ ਸਿਰ ‘ਤੇ ਵਾਰ ਕੀਤਾ।
ਦਸ ਦਇਏ ਕਿ ਪਾਦਰੀ ਬਜਿੰਦਰ ਸਿੰਘ ਤੇ ਕਪੂਰਥਲਾ ਪੁਲਸ ਵੱਲੋਂ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ, ਜੋ ਕਿ ਇੱਕ 22 ਸਾਲਾ ਮਹਿਲਾ ਹੈ, ਉਸਨੇ ਦੋਸ਼ ਲਗਾਇਆ ਹੈ ਕਿ ਜਦੋਂ ਉਹ 17 ਸਾਲ ਦੀ ਸੀ ਤਾਂ ਪਾਦਰੀ ਨੇ ਉਸਨੂੰ ਅਣਉਚਿਤ ਢੰਗ ਨਾਲ ਛੂਹਿਆ ਅਤੇ ਉਸ ‘ਤੇ ਵਿਆਹ ਕਰਨ ਲਈ ਦਬਾਅ ਵੀ ਪਾਇਆ। ਹਾਲਾਂਕਿ, ਪਾਸਟਰ ਬਜਿੰਦਰ ਨੇ ਮਹਿਲਾ ਦੁਆਰਾ ਲਗਾਏ ਗਏ ਦੋਸ਼ਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਹੋਰ ਪਾਦਰੀਆਂ ਨੇ ਉਸ ਵਿਰੁੱਧ ਸਾਜ਼ਿਸ਼ ਰਚੀ ਹੈ।