ਬੁੱਧਵਾਰ ਨੂੰ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ 7ਵੇਂ ਗੇੜ ਦੀ ਗੱਲਬਾਤ ਹੋਈ। ਸਰਕਾਰੀ ਵਫ਼ਦ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਮੌਜੂਦ ਰਹੇ। ਕਿਸਾਨ ਆਗੂ ਮੰਤਰੀਆਂ ਮੀਟਿੰਗ ਕਰਕੇ ਵਾਪਸੀ ਪਰਤ ਰਹੇ ਸਨ ਓਦੋਂ ਹੀ ਮੋਹਾਲੀ ਵਿਖੇ ਪੰਜਾਬ ਪੁਲਸ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਵਿੱਚ ਸਰਵਣ ਸਿੰਘ ਪੰਧੇਰ, ਅਭਿਮਨਿਊ ਕੋਹਾੜ, ਜਗਜੀਤ ਸਿੰਘ ਡੱਲੇਵਾਲ, ਸੁਖਵਿੰਦਰ ਕੌਰ, ਕਾਕਾ ਸਿੰਘ ਕੋਟੜਾ ਅਤੇ ਮਨਜੀਤ ਰਾਏ ਸਮੇਤ ਕਈ ਹੋਰ ਕਿਸਾਨ ਆਗੂ ਸ਼ਾਮਲ ਹਨ।
ਦੂਜੇ ਪਾਸੇ, ਸ਼ੰਭੂ ਅਤੇ ਖਨੌਰੀ ਸਰਹੱਦ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਇਸ ਮੌਕੇ ਪੁਲਸ ਨੇ ਖਨੌਰੀ ਬਾਰਡਰ ਖਾਲੀ ਕਰਵਾ ਲਿਆ ਹੈ। ਪੁਲਸ ਨੇ ਕਿਸਾਨਾਂ ਵੱਲੋਂ ਬਾਰਡਰ ਉਤੇ ਲਗਾਏ ਹੋਰਡਿੰਗ ਉਤਾਰ ਦਿੱਤੇ ਹਨ ਅਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਉਥੋਂ ਹੱਟਾ ਦਿੱਤਾ ਗਿਆ ਹੈ। ਸ਼ੰਭੂ ਸਰਹੱਦ ‘ਤੇ ਕਿਸਾਨਾਂ ਵੱਲੋਂ ਲਗਾਇਆ ਗਿਆ ਸਟੇਜ ਪੁਲਸ ਵੱਲੋਂ ਹਟਾਇਆ ਜਾ ਰਿਹਾ ਹੈ। ਕੁੱਝ ਸਮੇਂ ਵਿੱਚ ਸ਼ੰਭੂ ਬਾਰਡਰ ਵੀ ਖਾਲੀ ਕਰਵਾ ਲਿਆ ਜਾਵੇਗਾ। ਪੁਲਸ ਵੱਲੋਂ ਕਾਰਵਾਈ ਜਾਰੀ ਹੈ।
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਹੱਦ ‘ਤੇ ਚੱਲ ਰਹੇ ਅੰਦੋਲਨ ਦੌਰਾਨ ਇੱਕ ਪਾਸੇ ਸਰਕਾਰ ਕਿਸਾਨ ਸੰਗਠਨਾਂ ਨਾਲ ਗੱਲਬਾਤ ਕਰ ਰਹੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ। ਅਸੀਂ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕਰਦੇ ਹਾਂ। ਸਾਰੀਆਂ ਕਿਸਾਨ ਜਥੇਬੰਦੀਆਂ ਹਰ ਸੰਘਰਸ਼ ਲਈ ਤਿਆਰ ਹਨ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਧੋਖੇ ਨਾਲ ਗ੍ਰਿਫ਼ਤਾਰ ਕਰਨਾ ਦੇਸ਼ ਦੇ ਅੰਨਦਾਤੇ ਦਾ ਵੱਡਾ ਅਪਮਾਨ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬ ਸਰਕਾਰ ਲਈ ਸ਼ਰਮਨਾਕ ਹੈ ਜਦੋਂ ਕਿਸਾਨ ਆਗੂਆਂ ਨੂੰ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਤੋਂ ਬਾਅਦ ਧੋਖੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਗਿਆ।ਐਡਵੋਕੇਟ ਧਾਮੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਆਗੂਆਂ ਅਤੇ ਕਿਸਾਨਾਂ ਨੂੰ ਤੁਰੰਤ ਛੱਡ ਕਿ ਸਰਕਾਰ ਇਨ੍ਹਾਂ ਤੋਂ ਮੁਆਫ਼ੀ ਮੰਗੇ। ਇਸ ਦੇ ਨਾਲ ਹੀ ਕਿਸਾਨਾਂ ਦੀ ਮੰਗਾਂ ਮੰਨੀਆਂ ਜਾਣ ਤਾਂ ਜੋ ਉਹ ਸੜਕਾਂ ’ਤੇ ਸੰਘਰਸ਼ ਕਰਨ ਲਈ ਮਜ਼ਬੂਰ ਨਾ ਹੋਣ।