ਪੰਜਾਬ ਨੂੰ ਇੱਕ ਵਾਰ ਮੁੜ ਤੋਂ ਅੱਤਵਾਦ ਦੀ ਅੱਗ ਵਿੱਚ ਝੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂਹੀ ਤਾਂ ਆਏ ਦਿਨ ਪੰਜਾਬ ਦੇ ਵਿੱਚ ਧਮਾਕਿਆ ਦੀ ਗੂੰਜ ਸੁਣਾਈ ਦਿੰਦੀ ਹੈ, ਹੁਣ ਇਹ ਧਮਾਕੇ ਨਹੀਂ ਸਗੋਂ ਦੀਵਾਲੀ ਦੇ ਪਟਾਖਿਆ ਵਾਂਗ ਜਾਪਦੇ ਨੇ, ਜਿੰਨਾਂ ਦੀ ਸ਼ਾਇਦ ਹੁਣ ਪੰਜਾਬ ਵਾਸੀਆਂ ਨੂੰ ਆਦਤ ਪੈ ਗਈ ਹੈ। ਪਹਿਲਾਂ ਅੰਮ੍ਰਿਤਸਰ ਫਿਰ ਨਵਾਂਸ਼ਹਿਰ ਫਿਰ ਬਟਾਲਾ ਫਿਰ ਗੁਰਦਾਸਪੁਰ ਫਿਰ ਫਤਿਹਗੜ੍ਹ ਚੂੜੀਆਂ ਅਤੇ ਫਿਰ ਅੰਮ੍ਰਿਤਸਰ, ਪੰਜਾਬ ਲਗਾਤਾਰ ਇੰਨਾ ਧਮਾਕਿਆਂ ਦੀ ਗੂੰਜ ਨਾਲ ਸਹਿਮ ਰਿਹਾ ਹੈ। ਹਰ ਪੰਜਾਬੀ ਦੀ ਜਾਨ ਖਤਰੇ ਵਿੱਚ ਜਾਪ ਰਹੀ ਹੈ। ਪਰ…..ਸਾਡੇ ਸਿਆਸਤਦਾਨ ਇਲਜ਼ਾਮਤਰਾਸ਼ੀ ‘ਚ ਰੁੱਝੇ ਹੋਏ ਹਨ। ਬਜਾਏ ਇੰਨਾ ਚੀਜ਼ਾਂ ਦਾ ਹਲ ਲੱਭਣ ਦੀ। ਪਿਛਲੇ ਚਾਰ ਮਹੀਨਿਆਂ ਵਿੱਚ ਪੰਜਾਬ ਵਿੱਚ ਇਹ 13ਵਾਂ ਗ੍ਰਨੇਡ ਹਮਲਾ ਹੈ। ਪਰ ਸਾਡੀ ਸਰਕਾਰ ਨੂੰ ਇਹ ਹਮਲਾ ਨਹੀਂ ਇਹ ਤਾਂ ਆਤਿਸ਼ਬਾਜ਼ੀ ਲੱਗ ਰਹੀ ਹੈ। ਤਾਂਹੀ ਤਾਂ ਇੰਨੇ ਹਮਲੇ ਹੋਣ ਦੇ ਬਾਵਜੂਦ ਅਸੀਂ ਫਿਰ ਉਸੇ ਹੀ ਡਰ ਦੇ ਮਾਹੌਲ ਵਿੱਚ ਜੀ ਰਹੇ ਹਾਂ।
ਹੁਣ 14 ਮਾਰਚ ਦੀ ਹੀ ਗੱਲ ਸੁਣ ਲਓ, 14 ਮਾਰਚ ਨੂੰ ਅੰਮ੍ਰਿਤਸਰ ਦੇ ਠਾਕੁਰਦੁਆਰਾ ਮੰਦਰ ਖੰਡਵਾਲਾ ਖੇਤਰ ‘ਤੇ ਗ੍ਰੇਨੇਡ ਹਮਲਾ ਹੋਇਆ ਹੈ, ਮੁੜ ਤੋਂ ਉਹੀ ਦੌਰ ਲਿਆਂਦਾ ਜਾਂ ਰਿਹਾ ਹੈ,ਜਦੋਂ ਇੱਕ ਦੂਜੇ ਦੇ ਧਾਰਮਿਕ ਸਥਾਨਾਂ ਉੱਤੇ ਹਮਲੇ ਕੀਤੇ ਜਾਂਦੇ ਸੀ, ਜਿਸ ਤੋਂ ਪੰਜਾਬ ਬਹੁਤ ਮੁਸ਼ੱਕਤ ਬਾਅਦ ਨਿਕਲਿਆ ਸੀ, ਇਸ ਤੋਂ ਬਾਅਦ ਹੁਣ ਜਲੰਧਰ ਵਿੱਚ ਵੀ ਗ੍ਰੈਨੇਡ ਨਾਲ ਹਮਲਾ ਹੋਇਆ ਹੈ ਹਾਲਾਂਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਦੇ ਬਦਮਾਸ਼ ਸ਼ਹਿਜ਼ਾਦ ਭੱਟੀ ਨੇ ਲਈ ਹੈ। ਇਹ ਤਾਂ ਉਹ ਹਮਲੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਜੋ ਪਿਛਲੀ 2-3 ਦਿਨਾਂ ਵਿੱਚ ਵਾਪਰੇ ਹਨ, ਇਹ ਸਿਲਸਲਾ ਪੰਜਾਬ ਦੇ ਵਿੱਚ ਨਵੰਬਰ ਤੋਂ ਚਲਦਾ ਆ ਰਿਹਾਂ ਹੈ, ਇੰਨ੍ਹਾਂ ਹਮਲਿਆਂ ਦੀ ਲਿਸਟ ਕੁਝ ਇਸ ਪ੍ਰਕਾਰ ਹੈ।
27 ਨਵੰਬਰ 2024 – ਅੰਮ੍ਰਿਤਸਰ (ਗੁਰਬਖਸ਼ ਨਗਰ): ਬੰਦ ਪਈ ਪੁਲਿਸ ਚੌਕੀ ‘ਤੇ ਗ੍ਰੇਨੇਡ ਹਮਲਾ।
29 ਨਵੰਬਰ 2024 – ਅੰਮ੍ਰਿਤਸਰ (ਗੁਰਬਖਸ਼ ਨਗਰ): ਪੁਲਿਸ ਚੌਕੀ ‘ਤੇ ਗ੍ਰੇਨੇਡ ਹਮਲਾ।
2 ਦਸੰਬਰ 2024 – ਨਵਾਂਸ਼ਹਿਰ (ਐੱਸ. ਬੀ. ਐੱਸ. ਨਗਰ): ਕਾਠਗੜ੍ਹ ਪੁਲਸ ਚੌਕੀ ‘ਤੇ ਗ੍ਰੇਨੇਡ ਹਮਲਾ (ਗ੍ਰੇਨੇਡ ਨਹੀਂ ਫਟਿਆ)।
4 ਦਸੰਬਰ 2024 – ਅੰਮ੍ਰਿਤਸਰ: ਮਜੀਠਾ ਥਾਣੇ ‘ਤੇ ਗ੍ਰੇਨੇਡ ਹਮਲਾ।
13 ਦਸੰਬਰ 2024 – ਬਟਾਲਾ: ਅਲੀਵਾਲ ਥਾਣੇ ‘ਤੇ ਗ੍ਰੇਨੇਡ ਹਮਲਾ।
17 ਦਸੰਬਰ 2024 – ਅੰਮ੍ਰਿਤਸਰ: ਇਸਲਾਮਾਬਾਦ ਪੁਲਿਸ ਸਟੇਸ਼ਨ ‘ਤੇ ਗ੍ਰੇਨੇਡ ਹਮਲਾ।
18 ਦਸੰਬਰ 2024 – ਗੁਰਦਾਸਪੁਰ: ਬਖਸ਼ੀਵਾਲਾ ਪੁਲਿਸ ਚੌਕੀ ‘ਤੇ ਗ੍ਰੇਨੇਡ ਹਮਲਾ
20 ਦਸੰਬਰ 2024 – ਗੁਰਦਾਸਪੁਰ: ਬੰਗਾ ਵਡਾਲਾ ਥਾਣੇ ‘ਤੇ ਗ੍ਰੇਨੇਡ ਹਮਲਾ।
9 ਜਨਵਰੀ 2025 – ਅੰਮ੍ਰਿਤਸਰ: ਗੁਮਟਾਲਾ ਪੁਲਿਸ ਚੌਕੀ ਦੇ ਬਾਹਰ ਗ੍ਰੇਨੇਡ ਹਮਲਾ।
3 ਫਰਵਰੀ 2025 – ਫਤਿਹਗੜ੍ਹ ਚੂੜੀਆਂ: ਬਾਈਪਾਸ ਪੁਲਿਸ ਚੌਕੀ ‘ਤੇ ਗ੍ਰੇਨੇਡ ਹਮਲਾ।
17 ਫਰਵਰੀ 2025 – ਗੁਰਦਾਸਪੁਰ: ਪਿੰਡ ਰਾਇਮਲ ‘ਚ ਪੁਲਿਸ ਮੁਲਾਜ਼ਮ ਦੇ ਘਰ ‘ਤੇ ਗ੍ਰੇਨੇਡ ਹਮਲਾ।
14 ਮਾਰਚ 2025 – ਅੰਮ੍ਰਿਤਸਰ: ਠਾਕੁਰਦੁਆਰਾ ਮੰਦਰ (ਖੰਡਵਾਲਾ ਖੇਤਰ) ‘ਤੇ ਗ੍ਰੇਨੇਡ ਹਮਲਾ।
ਹੁਣ ਇਨ੍ਹਾਂ ਹਮਲਿਆਂ ਤੋਂ ਬਾਅਦ ਉਹੀ ਹੋ ਰਿਹਾ ਹੈ ਜੋ ਹਰ ਵਾਰ ਹੁੰਦਾ ਹੈ, ਪੰਜਾਬ ਦੇ ਸਿਆਸਤਦਾਨ ਇਸ ਗੰਭੀਰ ਮੁੱਦੇ ‘ਤੇ ਵੀ ਇਲਜ਼ਾਮਤਰਾਸ਼ੀ ‘ਚ ਰੁੱਝੇ ਹੋਏ ਹਨ। ਹੁਣ ਇਹ ਮਾਮਲੇ ਸਿਆਸਤ ਦੇ ਛੱਜ ਵਿੱਚ ਛਟੇ ਜਾਣ ਲੱਗ ਪਏ ਹਨ।
ਸਭ ਤੋਂ ਪਹਿਲਾਂ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ‘ਚ ਨਸ਼ਾ ਤਸਕਰੀ ਦਾ ਅੰਤ ਵੱਲ ਤੁਰਨਾ ਤੇ ਲਾਰੈਂਸ ਬਿਸ਼ਨੋਈ ਦੇ ਸੰਪਰਕ ‘ਚ ਆਏ ਪਾਕਿਸਤਾਨੀ ਗੈਂਸਗਸਟਰ ਸ਼ਹਿਜ਼ਾਦ ਭੱਟੀ ਵੱਲੋਂ ਜਲੰਧਰ ‘ਚ ਗ੍ਰੇਨੇਡ ਹਮਲਾ ਕਰਨਾ, ਦੋਵੇਂ ਘਟਨਾਵਾਂ ਜੁੜੀਆਂ ਹਨ ਤੇ ਸਾਫ਼ ਦੱਸਦੀਆਂ ਹਨ ਕਿ ਪਾਕਿਸਤਾਨ ਦੀਆਂ ਸਰਹੱਦਾਂ ਤੋਂ ਹੁੰਦੀ ਨਸ਼ਾ ਤਸਕਰੀ ਵਿਰੁੱਧ ਵੀ ਲੜਾਈ ‘ਆਪ’ ਸਰਕਾਰ ਹੀ ਲੜ ਰਹੀ ਹੈ। ਕੇਂਦਰ ‘ਤੇ ਸਵਾਲ ਚੁੱਕਦਿਆਂ ਮੀਤ ਹੇਅਰ ਨੇ ਕਿਹਾ ਕਿ ,ਕੀ ਕੌਮਾਂਤਰੀ ਸਰਹੱਦਾਂ ਦੀ ਰਾਖੀ ‘ਚ ਨਾਕਾਮ ਹੋਈ ਕੇਂਦਰ ਸਰਕਾਰ, ਹੁਣ ਲਾਰੈਂਸ ਬਿਸ਼ਨੋਈ ਤੋਂ ਇਸ ਗੰਭੀਰ ਮਾਮਲੇ ਸੰਬੰਧੀ ਪੁੱਛਗਿੱਛ ਕਰਨ ਦੀ ਹਿੰਮਤ ਕਰੇਗੀ?
ਦੂਜੇ ਪਾਸੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਜਲੰਧਰ ‘ਚ ਹੋਏ ਗ੍ਰੇਨੇਡ ਹਮਲੇ ਦੇ ਤਾਰ ਬਰਾਸਤਾ ਪਾਕਿਸਤਾਨ ਲਾਰੈਂਸ ਬਿਸ਼ਨੋਈ ਨਾਲ਼ ਜਾ ਜੁੜੇ ਹਨ, ਜਿਸ ਬਿਸ਼ਨੋਈ ਲਈ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਖ਼ਾਸ ਨਰਮਾਈ ਵਰਤੀ ਜਾ ਰਹੀ ਹੈ। ਇਸ ਮਸਲੇ ਦੀਆਂ ਪਰਤਾਂ ਉਧੇੜਦੇ ਹੋਏ ‘ਆਪ’ ਸਾਂਸਦ ਕੰਗ ਨੇ ਕਿਹਾ ਕਿ ਕੌਮਾਂਤਰੀ ਨਸ਼ਾ ਤਸਕਰਾਂ ਦੀਆਂ ਇਹ ਬੌਖਲਾਹਟ ਭਰੀਆਂ ਕਾਰਵਾਈਆਂ ‘ਯੁੱਧ ਨਸ਼ਿਆਂ ਵਿਰੁੱਧ’ ਦੀ ਕਾਮਯਾਬੀ ਦੇ ਸਬੂਤ ਹਨ। ਇਹ ਯੁੱਧ ਅਸੀਂ ਇਸੇ ਤਰਾਂ ਜਾਰੀ ਰੱਖਾਂਗੇ ਅਤੇ ਇਸਨੂੰ ਆਖ਼ਰੀ ਮੁਕਾਮ ਤੱਕ ਲੈ ਕੇ ਜਾਵਾਂਗੇ।
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਅੱਤਵਾਦੀਆਂ ਨੇ ਆਪਣੀ ਮਰਜ਼ੀ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕੋਲ ਜਲੰਧਰ ਦੇ ਬਾਹਰੀ ਇਲਾਕੇ ਰਾਏਪੁਰ ਵਿੱਚ ਇੱਕ ਘਰ ਨੂੰ ਉਡਾਉਣ ਅਤੇ ਜ਼ਿੰਮੇਵਾਰੀ ਲੈਣ ਦੀ ਹਿੰਮਤ ਹੈ। ਇਹ ਲਗਾਤਾਰ ਦੋ ਦਿਨਾਂ ਵਿੱਚ ਦੂਜਾ ਗ੍ਰੇਨੇਡ ਹਮਲਾ ਹੈ। ਖੁਫੀਆ ਏਜੰਸੀਆਂ ਕੀ ਕਰ ਰਹੀਆਂ ਹਨ ? ਖੁਫੀਆ ਏਜੰਸੀਆਂ ਦੀਆਂ ਸਮੂਹਿਕ ਅਸਫਲਤਾ ਹੈ। ਅਸੀਂ ਤੁਹਾਨੂੰ ਦੁਬਾਰਾ ਚੇਤਾਵਨੀ ਦੇ ਰਹੇ ਹਾਂ। ਪੰਜਾਬ ਨੂੰ ਦੁਬਾਰਾ ਦਹਿਸ਼ਤ ਦੇ ਕਾਲੇ ਯੁੱਗ ਵਿੱਚ ਨਾ ਜਾਣ ਦਿਓ। ਕੱਲ੍ਹ ਅੰਮ੍ਰਿਤਸਰ ਸੀ। ਅੱਜ ਜਲੰਧਰ ਹੈ। ਸਾਨੂੰ ਨਹੀਂ ਪਤਾ ਕਿ ਉਹ ਕੱਲ੍ਹ ਕਿਸ ਸ਼ਹਿਰ ਨੂੰ ਨਿਸ਼ਾਨਾ ਬਣਾ ਸਕਦੇ ਹਨ ?
ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਹੋਲੀ ਦੇ ਪਵਿੱਤਰ ਤਿਉਹਾਰ ‘ਤੇ ਮੰਦਰ ‘ਤੇ ਹੋਇਆ ਗ੍ਰਨੇਡ ਹਮਲਾ ਨਿੰਦਣਯੋਗ ਹੈ। ਹਮਲੇ ਦੀ ਸਾਜ਼ਿਸ਼ ਕਾਇਰਤਾਪੂਰਨ ਹੈ। ਇਸ ਘਟਨਾ ਨੂੰ ਇੱਕ ਚੇਤਾਵਨੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਪੰਜਾਬ ਦੀ ਪੂਰੀ ਫੋਰਸ ਕੇਜਰੀਵਾਲ ਦੀ ਸੁਰੱਖਿਆ ਵਿੱਚ ਲੱਗੀ ਹੋਈ ਹੈ। ਦੂਜੇ ਪਾਸੇ ਮੰਦਰ ‘ਤੇ ਗ੍ਰਨੇਡ ਨਾਲ ਹਮਲਾ ਕੀਤਾ ਗਿਆ। ਇਸ ਘਟਨਾ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਤਾਂ ਵੇਖਿਆ ਤੁਸੀ ਪੰਜਾਬ ਦੇ ਲੋਕਾਂ ਨੇ ਬਦਲਾਅ ਦਾ ਸੁਪਨਾ ਵੇਖਿਆ ਸੀ, ਪਰ ਅੱਜ ਪੰਜਾਬ ਦੀ ਹਕੀਕਤ ਇਹ ਹੈ ਕਿ ਇੱਥੇ ਹਮਲੇ ਹੋ ਰਹੇ ਨੇ, ਗੋਲੀਬਾਰੀ ਆਮ ਹੋ ਗਈ ਹੈ ਅਤੇ ਸਰਕਾਰ ਸਿਰਫ਼ ਤੇ ਸਿਰਫ਼ ਮੂਕ ਦਰਸ਼ਕ ਬਣ ਕੇ ਬੈਠੀ ਹੈ। ਕੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਅਪਰਾਧੀਆਂ ਦੇ ਹਵਾਲੇ ਕਰ ਦਿੱਤਾ ਹੈ? ਕੀ ਇਹੀ ਉਹੀ “ਨਵਾਂ ਪੰਜਾਬ” ਹੈ ਜਿਸਦਾ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ? ਅੱਜ ਪੰਜਾਬ ਅਪਰਾਧੀਆਂ ਦੇ ਹੱਥਾਂ ਵਿੱਚ ਖੇਡ ਰਿਹਾ ਹੈ। ਪਰ ਮਾਨ ਸਾਹਿਬ ਜਾਂ ਤਾਂ ਦਿੱਲੀ ਤੋਂ ਆਏ ਹੁਕਮਾਂ ਦੀ ਪਾਲਣਾ ਕਰਨ ਵਿੱਚ ਰੁੱਝੇ ਹੋਏ ਹਨ ਜਾਂ ਆਪਣੀ ਮੌਜ-ਮਸਤੀ ਦਾ ਆਨੰਦ ਮਾਣ ਰਹੇ ਹਨ। ਕੀ ਇਹ ਨਵਾਂ ਪੰਜਾਬ ਸੀ?